‘ਆਪ’ ਦੀ ਸ਼ੁਕਰਾਨਾ ਯਾਤਰਾ ਦਾ ਖੰਨਾ ਪੁੱਜਣ ’ਤੇ ਨਿੱਘਾ ਸਵਾਗਤ

‘ਆਪ’ ਦੀ ਸ਼ੁਕਰਾਨਾ ਯਾਤਰਾ ਦਾ ਖੰਨਾ ਪੁੱਜਣ ’ਤੇ ਨਿੱਘਾ ਸਵਾਗਤ

ਖੰਨਾ, 26 ਨਵੰਬਰ : ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (‘ਆਪ’) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦੀ ਅਗਵਾਈ ਹੇਠਾਂ ਪੰਜਾਬ ਵਿਚ ਜ਼ਿਮਨੀ ਚੋਣਾਂ ਵਿਚ ਪਾਰਟੀ ਦੀ ਜਿੱਤ ਤੋਂ ਬਾਅਦ ‘ਆਪ’ ਦੀ ਸ਼ੁਕਰਾਨਾ ਯਾਤਰਾ ਦਾ ਇਥੋਂ ਦੇ ਸਮਰਾਲਾ ਚੌਂਕ ਵਿਖੇ ਪੁੱਜਣ ਉਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੀ ਹਾਜ਼ਰ ਸਨ।

ਇਸ ਮੌਕੇ ਅਰੋੜਾ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿਚੋਂ ਗੰਦਗੀ ਦੂਰ ਕਰਨ ਲਈ ਅੱਜ ਦੇ ਦਿਨ ਹੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਝਾੜੂ ਚੁੱਕਿਆ ਸੀ ਅਤੇ ‘ਆਪ’ ਦੀ ਸਥਾਪਨਾ ਕੀਤੀ ਸੀ। ਇਸ ਲਈ ਅੱਜ ਦੇ ਦਿਨ ਦੀਆਂ ਸਭ ਨੂੰ ਬਹੁਤ ਮੁਬਾਰਕਾਂ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ, ਜਿਨ੍ਹਾਂ ਨੇ ਉਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਕੇ ਵੱਡੀ ਜ਼ੁੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ, ‘‘ਆਪ’ ਵਰਕਰਾਂ ਅਤੇ ਆਮ ਲੋਕਾਂ ਦੀ ਪਾਰਟੀ ਹੈ, ਇਸ ਲਈ ਵਰਕਰਾਂ ਦਾ ਹੁਕਮ ਸਾਡੇ ਸਿਰ ਮੱਥੇ ਪ੍ਰਵਾਨ ਹੋਵੇਗਾ ਤਾਂ ਜੋ ਰਲ ਮਿਲ ਕੇ ਰਹਿੰਦੇ ਢਾਈ ਸਾਲਾਂ ਵਿਚ ਪੰਜਾਬ ਨੂੰ ਖੁਸ਼ਹਾਲੀ ਦੀਆਂ ਸਿਖਰਾਂ ’ਤੇ ਪਹੁੰਚਾਇਆ ਜਾ ਸਕੇ।’’
ਉਨ੍ਹਾਂ ਸ਼ਹਿਰ ਵਾਸੀਆਂ ਦਾ ਮਾਣ ਸਤਿਕਾਰ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸ਼ੁਕਰਾਨਾ ਯਾਤਰਾ ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਰ ਤੋਂ ਆਰੰਭ ਹੋ ਕੇ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਿਖੇ ਮੱਥਾ ਟੇਕਣ ਉਪਰੰਤ ਸਮਾਪਤ ਹੋਵੇਗੀ।

You must be logged in to post a comment Login