ਅਣਹੋਏ ਲੇਖਕ ਦੀ ਪਲੇਠੀ ਅਤੇ ਆਖਰੀ ਚਿੱਠੀ

ਅਣਹੋਏ ਲੇਖਕ ਦੀ ਪਲੇਠੀ ਅਤੇ ਆਖਰੀ ਚਿੱਠੀ

daljit-photo

-ਦਲਜੀਤ ਅਮੀ

ਖ਼ੁਦਕੁਸ਼ੀ ਤੋਂ ਪਹਿਲਾਂ ਲਿਖੀ ਰੋਹਿਤ ਵੇਮੁਲੇ ਦੀ ਚਿੱਠੀ ਮੌਜੂਦਾ ਦੌਰ ਦੇ ਸੋਗ਼ਵਾਰ ਖ਼ਾਸੇ ਦੀ ਤਸਦੀਕ ਕਰਦੀ ਹੈ। ਇਹ ਮਾਅਨੇ ਨਹੀਂ ਰੱਖਦਾ ਕਿ ਚਿੱਠੀ ਲਿਖਣ ਵਾਲੇ ਨਾਲ ਤੁਹਾਡਾ ਕੀ ਰਿਸ਼ਤਾ ਸੀ। ਤੁਰ ਜਾਣ ਵਾਲੇ ਨਾਲ ਰਿਸ਼ਤਾ ਤੈਅ ਕਰਨ ਦਾ ਕੰਮ ਇਹ ਚਿੱਠੀ ਕਰਦੀ ਹੈ। ਇਸ ਚਿੱਠੀ ਵਿਚ ਦਿਲਗ਼ੀਰੀ, ਵੈਰਾਗ ਅਤੇ ਰੋਹ ਦਾ ਜਮ੍ਹਾਂਜੋੜ ਗੁੰਨਿਆ ਪਿਆ ਹੈ। ਇਹ ਚਿੱਠੀ ਇੱਕੋ ਵੇਲੇ ਅੰਦਰਮੁਖੀ ਅਤੇ ਬਾਹਰਮੁਖੀ ਹੈ। ਇਹ ਕਾਤਲਾਨਾ ਮਾਹੌਲ ਵਿਚ ਸੁਫ਼ਨਿਆਂ ਸਮੇਤ ਜਿਉਣ ਦੀ ਕੀਮਤ ਬਿਆਨ ਕਰਦੀ ਹੈ। ਰੋਹਿਤ ਨੇ ਇਹ ਚਿੱਠੀ ਕਿਸੇ ਨੂੰ ਮੁਖ਼ਾਤਬ ਨਹੀਂ ਕੀਤੀ ਅਤੇ ‘ਜੈ ਭੀਮ’ ਲਿਖਣ ਤੋਂ ਬਾਅਦ ਆਪਣਾ ਨਾਮ ਨਹੀਂ ਲਿਖਿਆ। ਮੌਜੂਦਾ ਦੌਰ ਵਿਚ ਖੁੱਲ੍ਹਦਿਲੀ, ਖੁੱਲ੍ਹਨਜ਼ਰੀ, ਬਰਾਬਰੀ, ਇਨਸਾਫ਼ ਅਤੇ ਸਮਾਜਿਕ ਇਨਸਾਫ਼ ਦੇ ਸੁਫ਼ਨੇ ਦੇਖਣ ਵਾਲਾ ਹਰ ਜੀਅ ਦੋ ਥਾਂਵਾਂ ਉਤੇ ਨਾਮ ਲਿਖ ਕੇ ਇਹ ਚਿੱਠੀ ਪੜ੍ਹ ਸਕਦਾ ਹੈ। ਆਪਣਾ ਨਾਮ ਸ਼ੁਰੂ ਵਿਚ ਲਿਖ ਲਵੋ ਤਾਂ ਇਹ ਚਿੱਠੀ ਤੁਹਾਡੇ ਸਮਕਾਲੀ ਨੇ ਤੁਹਾਨੂੰ ਲਿਖੀ ਹੈ। ਆਪਣਾ ਨਾਮ ਆਖ਼ਰ ਵਿਚ ਲਿਖ ਲਵੋ ਤਾਂ ਸਮਕਾਲੀਆਂ ਦੇ ਨਾਮ ਲਿਖੀ ਇਹ ਤੁਹਾਡੀ ਆਖ਼ਰੀ ਚਿੱਠੀ ਹੈ। ਇਹ ਮਸ਼ਕ ਕਰਨ ਵਾਲੀ ਹੈ। ਤੁਹਾਡੇ ਵੱਲੋਂ ਇਹ ਖ਼ਤ ਪੜ੍ਹਨ ਤੱਕ ਮੈਂ ਵਿਦਾਅ ਹੋ ਚੁੱਕਿਆ ਹੋਵਾਂਗਾ। ਮੇਰੇ ਨਾਲ ਨਾਰਾਜ਼ ਨਹੀਂ ਹੋਣਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿਚੋਂ ਕਈਆਂ ਨੇ ਮੇਰਾ ਬਹੁਤ ਖਿਆਲ ਰੱਖਿਆ ਹੈ। ਉਨ੍ਹਾਂ ਦੇ ਪਿਆਰ ਅਤੇ ਵਿਹਾਰ ਨੂੰ ਭੁੱਲਾ ਨਹੀਂ ਸਕਦਾ। ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ। ਮੇਰੀਆਂ ਆਪਣੇ ਆਪ ਨਾਲ ਸਦਾ ਸਮੱਸਿਆਵਾਂ ਰਹੀਆਂ ਹਨ। ਮੇਰੀ ਰੂਹ ਅਤੇ ਜਿਸਮ ਵਿਚਲਾ ਪਾੜਾ ਲਗਾਤਾਰ ਵਧਦਾ ਜਾਪਦਾ ਹੈ। ਮੈਂ ਬੇਸੁਰ ਹੋ ਗਿਆ ਹਾਂ। ਮੈਂ ਸਦਾ ਲੇਖਕ ਬਣਨਾ ਚਾਹੁੰਦਾ ਸੀ। ਕਾਰਲ ਸੀਗਨ ਵਾਂਗ ਵਿਗਿਆਨ ਦਾ ਲੇਖਕ। ਖ਼ੈਰ, ਮੇਰੇ ਹਿੱਸੇ ਇਹ ਚਿੱਠੀ ਲਿਖਣਾ ਆਇਆ ਹੈ।
ਮੈਂ ਵਿਗਿਆਨ, ਤਾਰਿਆਂ ਅਤੇ ਕੁਦਰਤ ਨੂੰ ਪਿਆਰ ਕੀਤਾ ਹੈ। ਮੈਂ ਕੁਦਰਤ ਨਾਲ ਨਿਖੇੜਾ ਕਰ ਚੁੱਕੇ ਅਵਾਮ ਨੂੰ ਪਿਆਰ ਕੀਤਾ ਹੈ। ਮੇਰਾ ਪਿਆਰ ਕੁਦਰਤ ਅਤੇ ਆਵਾਮ ਦੇ ਨਿਖੇੜੇ ਤੋਂ ਅਣਜਾਣ ਰਿਹਾ ਹੈ। ਸਾਡੇ ਅਹਿਸਾਸ ਕਿਸੇ ਹੋਰ ਦੇ ਹੰਢਾਏ ਹੋਏ ਹਨ। ਸਾਡਾ ਪਿਆਰ ਮਨਸੂਈ ਹੈ। ਸਾਡੀਆਂ ਮਨੌਤਾਂ ਕਿਸੇ ਦੇ ਰੰਗ ਵਿਚ ਰੰਗੀਆਂ ਹਨ। ਸਾਡੀ ਮੌਲਿਕਤਾ ਨੂੰ ਮਸਨੂਈ ਕਲਾ ਰਾਹੀਂ ਮਾਨਤਾ ਮਿਲਦੀ ਹੈ। ਠੇਸ ਦੇ ਅਹਿਸਾਸ ਤੋਂ ਬਚ ਕੇ ਪਿਆਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਮਨੁੱਖ ਦੀ ਕੀਮਤ ਉਸ ਦੀ ਫ਼ੌਰੀ ਪਛਾਣ ਅਤੇ ਫ਼ੌਰੀ ਸੰਭਾਵਨਾ ਤੱਕ ਮਹਿਦੂਦ ਕਰ ਦਿੱਤੀ ਗਈ ਹੈ। ਇੱਕ ਵੋਟ, ਇੱਕ ਹਿੰਦਸਾ ਜਾਂ ਕੋਈ ਬੇਜਾਨ ਸ਼ੈਅ। ਮਨੁੱਖ ਨੂੰ ਸੋਚਵਾਨ ਵਜੋਂ ਚਿਤਵਿਆ ਹੀ ਨਹੀਂ ਗਿਆ। ਤਾਰਿਆਂ ਦੀ ਧੂੜ ਨਾਲ ਸਿਰਜੀ ਜਲਾਲ ਵਾਲੀ ਸ਼ੈਅ। (ਇਹ ਰੁਝਾਨ) ਹਰ ਖੇਤਰ ਵਿਚ ਪਸਰਿਆ ਹੋਇਆ ਹੈ, ਅਧਿਐਨ ਤੋਂ ਗਲੀ-ਕੂਚਿਆਂ ਅਤੇ ਸਿਆਸਤ ਤੋਂ ਮਰਨ-ਜਿਉਣ ਦੇ ਹਰ ਪਲ ਤੱਕ। ਮੈਂ ਇਸ ਤਰ੍ਹਾਂ ਦੀ ਚਿੱਠੀ ਪਹਿਲੀ ਵਾਰ ਲਿਖ ਰਿਹਾ ਹਾਂ। ਪਹਿਲੀ ਵਾਰ ਦੀ ਆਖ਼ਰੀ ਚਿੱਠੀ। ਜੇ ਕੋਈ ਗੱਲ ਸਾਫ਼ ਨਾ ਹੋਈ ਤਾਂ ਮੁਆਫ਼ ਕਰ ਦੇਣਾ। ਸ਼ਾਇਦ ਮੈਂ ਦੁਨੀਆਂ ਨੂੰ ਸਮਝਣ ਵਿਚ ਸਦਾ ਗ਼ਲਤੀ ਕੀਤੀ ਹੈ। ਪਿਆਰ, ਪੀੜ, ਜ਼ਿੰਦਗੀ ਅਤੇ ਮੌਤ ਨੂੰ ਸਮਝਣ ਵਿਚ। ਕੋਈ ਕਾਹਲ ਨਹੀਂ, ਪਰ ਮੈਂ ਸਦਾ ਜਲਦੀ ਵਿਚ ਸਾਂ। ਜ਼ਿੰਦਗੀ ਸ਼ੁਰੂ ਕਰਨ ਦੀ ਬੇਕਰਾਰੀ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਸਰਾਪ ਲੱਗਦੀ ਹੈ। ਮੇਰਾ ਜਨਮ ਮਾਰੂ ਹਾਦਸਾ ਹੈ। ਮੈਂ ਆਪਣੇ ਬਚਪਨ ਦੇ ਇਕਲਾਪੇ ਤੋਂ ਕਦੇ ਖਹਿੜਾ ਨਹੀਂ ਛੁਡਾ ਸਕਿਆ। ਬੇਕਦਰੀ ਅਤੇ ਬੇਰੁਖ਼ੀ ਦਾ ਸ਼ਿਕਾਰ ਬੱਚਾ ਮੇਰੇ ਨਾਲ ਰਹਿੰਦਾ ਹੈ।
ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖਾਲੀ, ਆਪਣੇ ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਇਹ ਕਰ ਰਿਹਾ ਹਾਂ। ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿਚ ਕੀ ਕਹਿੰਦਾ ਹੈ। ਮੈਂ ਮੌਤ ਤੋਂ ਬਾਅਦ ਦੀਆਂ ਕਹਾਣੀਆਂ, ਭੂਤਾਂ ਜਾਂ ਰੂਹਾਂ ਵਿਚ ਯਕੀਨ ਨਹੀਂ ਕਰਦਾ। ਮੈਂ ਸਿਰਫ਼ ਇੱਕੋ ਯਕੀਨ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਮੈਂ ਤਾਰਿਆਂ ਦਾ ਸਫ਼ਰ ਕਰ ਸਕਦਾ ਹਾਂ, ਤੇ ਦੁਨੀਆਂ ਦੇ ਭੇਤ ਫਰੋਲ ਸਕਦਾ ਹਾਂ।
ਜੇ ਇਸ ਚਿੱਠੀ ਦੇ ਪਾਠਕ ਵਜੋਂ ਤੁਸੀਂ ਕੁਝ ਕਰ ਸਕਦੇ ਹੋ ਤਾਂ ਮੇਰਾ ਸੱਤ ਮਹੀਨਿਆਂ ਦਾ ਵਜ਼ੀਫ਼ਾ ਬਕਾਇਆ ਹੈ। ਇਹ ਰਕਮ ਇੱਕ ਲੱਖ ਸੱਤਰ ਹਜ਼ਾਰ ਬਣਦੀ ਹੈ। ਕਿਰਪਾ ਕਰ ਕੇ ਇਹ ਰਕਮ ਮੇਰੇ ਪਰਿਵਾਰ ਨੂੰ ਦਿਵਾ ਦੇਣਾ। ਮੈਂ ਰਾਮ ਜੀ ਦਾ ਤਕਰੀਬਨ ਚਾਲੀ ਹਜ਼ਾਰ ਰੁਪਇਆ ਦੇਣਾ ਹੈ। ਉਨ੍ਹਾਂ ਨੇ ਇਹ ਰਕਮ ਕਦੇ ਵਾਪਸ ਨਹੀਂ ਮੰਗੀ। ਕਿਰਪਾ ਕਰ ਕੇ ਉਨ੍ਹਾਂ ਦਾ ਉਧਾਰ ਵਾਪਸ ਕਰ ਦੇਣਾ। ਮੇਰਾ ਸਸਕਾਰ ਸਾਦਗੀ ਨਾਲ ਚੁੱਪ-ਚਾਪ ਕਰ ਦੇਣਾ। ਇਹੋ ਸਮਝਣਾ ਕਿ ਮੈਂ ਹੁਣੇ ਆਇਆ ਅਤੇ ਗਿਆ। ਮੇਰੇ ਲਈ ਅੱਥਰੂ ਨਾ ਵਹਾਉਣਾ। ਮੈਂ ਜ਼ਿੰਦਗੀ ਦੀ ਥਾਂ ਮੌਤ ਨਾਲ ਸਕੂਨ ਵਿਚ ਹਾਂ।
“ਪਰਛਾਵਿਆਂ ਤੋਂ ਤਾਰਿਆਂ ਤੱਕ।”
ਉਮਾ ਅੰਨਾ ਮੈਂ ਇਹ ਕੰਮ ਤੁਹਾਡੇ ਕਮਰੇ ਵਿਚ ਕੀਤਾ, ਇਸ ਲਈ ਮੁਆਫ਼ੀ ਮੰਗਦਾ ਹੈ।
ਮੈਂ ਆਪਣੇ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ ਹੈ।
ਆਖ਼ਰੀ ਵਾਰ, ਜੈ ਭੀਮ
ਮੈਂ ਕੁਝ ਰਸਮੀ ਸਤਰਾਂ ਲਿਖਣੀਆਂ ਭੁੱਲ ਗਿਆ। ਮੈਂ ਆਪਣਾ ਕਤਲ ਆਪ ਕੀਤਾ ਹੈ ਅਤੇ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ।
ਮੈਨੂੰ ਕਿਸੇ ਨੇ ਕੁਝ ਕਹਿ ਜਾਂ ਕਰ ਕੇ ਅਜਿਹਾ ਕਰਨ ਲਈ ਨਹੀਂ ਉਕਸਾਇਆ। ਇਹ ਮੇਰਾ ਆਪਣਾ ਫ਼ੈਸਲਾ ਹੈ ਅਤੇ ਇਸ ਲਈ ਸਾਰੀ ਜ਼ਿੰਮੇਵਾਰੀ ਮੇਰੀ ਹੈ।
ਮੇਰੇ ਜਾਣ ਤੋਂ ਬਾਅਦ ਮੇਰੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਪਰੇਸ਼ਾਨ ਨਾ ਕਰਨਾ।
000
ਇਸ ਚਿੱਠੀ ਨੂੰ ਵਾਰ-ਵਾਰ ਪੜ੍ਹਨਾ ਚਾਹੀਦਾ ਹੈ, ਕਿਉਂਕਿ ਇੱਕ ਸਮਕਾਲੀ ਦੀ ਬਾਕੀ ਸਮਕਾਲੀਆਂ ਦੇ ਨਾਮ ਲਿਖੀ ਇਹ ਆਖ਼ਰੀ ਚਿੱਠੀ ਹੈ। ਇਹ ਮੌਜੂਦਾ ਦੌਰ ਦੀ ਅੰਤਿਮ ਚਿੱਠੀ ਨਹੀਂ ਹੈ। ਇਹ ਰੋਹਿਤ ਦੀ ਪਹਿਲੀ ਚਿੱਠੀ ਨਹੀਂ ਹੈ। ਉਸ ਨੇ 18 ਦਸੰਬਰ 2015 ਨੂੰ ਆਪਣੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਇੱਕ ਚਿੱਠੀ ਲਿਖੀ ਸੀ। ਇਹ ਵੀ ਪੜ੍ਹਨੀ ਬਣਦੀ ਹੈ, ਕਿਉਂਕਿ ਦੋਹਾਂ ਚਿੱਠੀਆਂ ਵਿਚ ਬਹੁਤ ਕੁਝ ਸਾਂਝਾ ਹੈ ਜੋ ਰੋਹਿਤ ਦੀ ਮੌਤ ਅਤੇ ਜ਼ਿੰਦਗੀ ਨੂੰ ਇੱਕ ਲੜੀ ਵਿਚ ਬੰਨ੍ਹਦਾ ਹੈ।
ਸਤਿਕਾਰਯੋਗ ਉਪ-ਕੁਲਪਤੀ ਸਾਹਿਬ,
ਯੂਨੀਵਰਸਿਟੀ ਆਫ਼ ਹੈਦਰਾਬਾਦ।
ਵਿਸ਼ਾ: ਦਲਿਤ ਮੁਸ਼ਕਿਲਾਂ ਦਾ ਹੱਲ
ਸ੍ਰੀਮਾਨ ਜੀ,
ਮੈਂ ਤੁਹਾਡੀ ਇਸ ਪੱਖੋਂ ਦਿਲ ਖੋਲ੍ਹ ਕੇ ਸ਼ਲਾਘਾ ਕਰਦਾ ਹਾਂ ਕਿ ਤੁਸੀਂ ਬਹੁਤ ਦ੍ਰਿੜਤਾ ਨਾਲ ਦਲਿਤ ਵਿਦਿਆਰਥੀ ਦੀ ਸਵੈਮਾਣ ਵਾਲੀ ਮੁਹਿੰਮ ਨੂੰ ਧਿਆਨਗੋਚਰਾ ਸਮਝਿਆ ਹੈ। ਦਲਿਤਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੇ ਆਗੂ ਤੋਂ ਪੁੱਛ-ਗਿੱਛ ਕਰਨਾ ਤੁਹਾਡਾ ਇਤਿਹਾਸਕ ਅਤੇ ਮਿਸਾਲੀ ਕੰਮ ਹੈ। ਨਤੀਜੇ ਵਜੋਂ ਪੰਜ ਵਿਦਿਆਰਥੀਆਂ ਨੂੰ ਹੈਦਰਾਬਾਦ ਯੂਨੀਵਰਸਿਟੀ ਦੇ ਸਮਾਜ ਵਿਚੋਂ ਛੇਕ ਦਿੱਤਾ ਗਿਆ ਹੈ। ਤੁਹਾਡੀ ਕਾਰਗੁਜ਼ਾਰੀ ਸਾਹਮਣੇ ਡੋਨਲਡ ਟਰੰਪ ਨੂੰ ਤੁੱਛ ਹੋਣ ਦਾ ਅਹਿਸਾਸ ਹੋਵੇਗਾ। ਤੁਹਾਡੀ ਸਿਦਕਦਿਲੀ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਆਪ ਜੀ ਨੂੰ ਦੋ ਸੁਝਾਅ ਦੇਣਾ ਚਾਹੁੰਦਾ ਹਾਂ। ਦਾਖ਼ਲੇ ਵੇਲੇ ਦਲਿਤ ਵਿਦਿਆਰਥੀ ਨੂੰ ਦਸ ਗਰਾਮ ਸੋਡੀਅਮ ਆਕਸਾਇਡ ਦਿੱਤਾ ਜਾਵੇ। ਇਹ ਹਦਾਇਤ ਦਿੱਤੀ ਜਾਵੇ ਕਿ ਜੇ ਉਨ੍ਹਾਂ ਦਾ ਅੰਬੇਦਕਰ ਪੜ੍ਹਨ ਨੂੰ ਚਿੱਤ ਕਰੇ ਤਾਂ ਸੋਡੀਅਮ ਆਕਸਾਇਡ ਖਾ ਲਿਆ ਜਾਵੇ। ਆਪਣੇ ਹੋਸਟਲਾਂ ਦੇ ਮਹਾਨ ਵਾਰਡਨਾਂ ਨੂੰ ਕਹਿ ਕੇ ਹਰ ਦਲਿਤ ਵਿਦਿਆਰਥੀਆਂ ਦੇ ਕਮਰਿਆਂ ਵਿਚ ਨਰੋਈਆਂ ਰੱਸੀਆਂ ਮੁਹੱਈਆ ਕੀਤੀਆਂ ਜਾਣ। ਅਸੀਂ ਖੋਜਾਰਥੀ (ਪੀ ਐੱਚ ਡੀ ਕਰ ਰਹੇ ਵਿਦਿਆਰਥੀ) ਇਸ ਪੜਾਅ ਤੋਂ ਲੰਘ ਚੁੱਕੇ ਹਾਂ ਅਤੇ ਦਲਿਤ ਵਿਦਿਆਰਥੀਆਂ ਦੀ ਸਵੈਮਾਣ ਮੁਹਿੰਮ ਦੇ ਸਰਗਰਮ ਕਾਰਕੁਨ ਹਾਂ। ਮੰਦੇਭਾਗੀਂ ਇਨ੍ਹਾਂ ਹਾਲਾਤ ਵਿਚੋਂ ਬਾਹਰ ਨਿਕਲਣ ਦਾ ਕੋਈ ਰਾਹ ਖੁੱਲ੍ਹਾ ਨਹੀਂ ਜਾਪਦਾ। ਮਹਾਰਾਜ ਜੀ, ਇਸ ਕਰ ਕੇ ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵਰਗੇ ਵਿਦਿਆਰਥੀਆਂ ਵਾਸਤੇ ਯੂਥੇਨੇਜੀਆ (ਰਹਿਮ ਦੀ ਮੌਤ) ਲਈ ਲੋੜੀਂਦੀਆਂ ਸਹੂਲਤਾਂ ਦਾ ਬੰਦੋਬਸਤ ਕੀਤਾ ਜਾਵੇ। ਮੈਂ ਇਸ ਯੂਨੀਵਰਸਿਟੀ ਅਤੇ ਆਪ ਜੀ ਨੂੰ ਸਦਾ ਘੁੱਗ ਵਸਣ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ।
ਧੰਨਵਾਦ ਸਮੇਤ
ਆਪ ਜੀ ਦਾ ਸ਼ੁਭਚਿੰਤਕ
ਰੋਹਿਤ ਵੇਮੁਲੇ…
ਇਸ ਤੋਂ ਬਾਅਦ ਰੋਹਿਤ ਦੀ ਮੌਤ ਖ਼ੁਦਕੁਸ਼ੀ ਦੀ ਥਾਂ ਕਤਲ ਵਜੋਂ ਉਘੜ ਆਉਂਦੀ ਹੈ। ਇਹ ਚਿੱਠੀਆਂ ਅਦਾਲਤਾਂ ਵਿਚ ਕਾਤਲਾਂ ਦੀ ਨਿਸ਼ਾਨਦੇਹੀ ਕਰਨ ‘ਚ ਨਾਕਾਮਯਾਬ ਹੋ ਸਕਦੀਆਂ ਹਨ। ਰੋਹਿਤ ਸਮਾਜਿਕ ਅਤੇ ਸਿਆਸੀ ਲੜਾਈ ਦਾ ਸਰਗਰਮ ਕਾਰਕੁਨ ਸੀ। ਉਹ ਇਸੇ ਲੜਾਈ ਦੇ ਸਾਥੀਆਂ ਨੂੰ ਪਰਿਵਾਰ ਵਜੋਂ ਮੁਖਾਤਬ ਹੁੰਦਾ ਹੈ। ਇਹ ਉਸ ਦੀ ਸਿਆਸੀ ਚਿੱਠੀ ਹੈ ਜੋ ਸਿਆਸੀ ਪਿੜ ਵਿਚ ਹੀ ਪੜ੍ਹੀ ਅਤੇ ਸਮਝੀ ਜਾਣੀ ਹੈ। ਅਣਹੋਏ ਲੇਖਕ ਦੀ ਆਖ਼ਰੀ ਚਿੱਠੀ ਉਸ ਦੀ ਲਾਸ਼ ਨਾਲ ਫ਼ਨਾਹ ਨਹੀਂ ਹੋਣੀ। ਇਹ ਤਾਂ ਵਾਰ-ਵਾਰ ਪੜ੍ਹੀ ਜਾਣੀ ਹੈ। ਕਦੇ ਪਾਠਕ ਵਜੋਂ ਅਤੇ ਕਦੇ ਲੇਖਕ ਵਜੋਂ। ਇਸ ਨੂੰ ਲਿਖਣਾ ਸੁਖਾਲਾ ਨਹੀਂ ਸੀ ਅਤੇ ਇਸ ਨੂੰ ਪੜ੍ਹਨਾ ਵੀ ਸੁਖਾਲਾ ਨਹੀਂ ਹੈ। ਬੇਸ਼ੱਕ ‘ਠੇਸ ਦੇ ਅਹਿਸਾਸ ਤੋਂ ਬਚ ਕੇ ਪਿਆਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ’ ਪਰ ਇਸ ਨਾਲ ਜ਼ਿੰਦਗੀ ਅਤੇ ਪਿਆਰ ਦੀ ਅਹਿਮੀਅਤ ਵਧ ਗਈ ਹੈ। ਰੋਹਿਤ ਦੇ ਨਾਮ ਉਤੇ ਉਠਿਆ ਰੋਹ ਮੁਸ਼ਕਿਲ ਹਾਲਾਤ ਵਿਚ ਗਾਇਆ ਜ਼ਿੰਦਗੀ ਅਤੇ ਪਿਆਰ ਦਾ ਗੀਤ ਹੀ ਤਾਂ ਹੈ। ਗਚ ਭਰ ਆਉਣ ਨਾਲ ਇਹ ਗੀਤ ਗਾਉਣਾ ਲਾਜ਼ਮੀ ਹੋ ਜਾਂਦਾ ਹੈ।

You must be logged in to post a comment Login