ਅਪਣੇ ਨਿਜੀ ਝਗੜੇ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ‘ਤੇ ਚੁਕ ਕੇ ਕੀਤੀ ਬੇਅਦਬੀ

ਅਪਣੇ ਨਿਜੀ ਝਗੜੇ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ‘ਤੇ ਚੁਕ ਕੇ ਕੀਤੀ ਬੇਅਦਬੀ

ਖਾਲੜਾ : ਸੋਮਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ ਉਪਰ ਇਕ ਅਜਿਹੀ ਵੀਡੀਉ ਘੁੰਮ ਰਹੀ ਹੈ ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਲੱਗਦੀ ਹੈ ਜਿਸ ਨੂੰ ਵੇਖ ਕੇ ਹਰ ਇਕ ਗੁਰੂ ਨਾਨਕ ਨਾਮ ਲੇਵਾ ਦੇ ਮਨ ਨੂੰ ਜਿਥੇ ਠੇਸ ਪਹੁੰਚੀ ਹੈ, ਉਥੇ ਹੀ ਲੋਕਾਂ ਨੇ ਕਿਹਾ ਹੈ ਕਿ ਅਜਿਹਾ ਪਾਪ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਉ ਵਿਚ ਇਕ ਔਰਤ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਸਰੂਪ ਜਿਨ੍ਹਾਂ ਦੇ ਸਾਈਡ ‘ਤੇ ਪਲਕਾਂ ਲਮਕ ਰਹੀਆਂ ਹਨ ਪਰ ਰੁਮਾਲੇ ਤੋਂ ਬਿਨਾਂ ਹੀ, ਸਿਰ ‘ਤੇ ਚੁਕ ਕੇ ਕੋਈ ਕਿਸੇ ਝਗੜੇ ਦੌਰਾਨ ਸਹੁੰ ਚੁਕ ਰਹੀ ਹੈ। ਇਕ ਬਜ਼ੁਰਗ ਜੋ ਕਿ ਗ੍ਰੰਥੀ ਸਿੰਘ ਹੀ ਲਗਦਾ ਹੈ ਉਸ ਬੀਬੀ ਕੋਲੋਂ ਪਾਵਨ ਸਰੂਪ ਪਹਿਲਾਂ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬਾਅਦ ਵਿਚ ਉਹ ਔਰਤ ਬਹੁਤ ਗ਼ਲਤ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਦਰ ਪੀੜੇ ਉਪਰ ਰੱਖ ਕੇ ਆਉਂਦੀ ਹੈ। ਚਾਹੇ ਇਹ ਘਟਨਾ ਕਿਸੇ ਵੀ ਤਰੀਕੇ ਨਾਲ ਵਾਪਰੀ ਹੋਵੇ ਪਰ ਇਨ੍ਹਾਂ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਵੀਡੀਉ ਦੇ ਅੰਤ ਵਿਚ ਇਕ ਵਿਅਕਤੀ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ ਨਾਮ ਤਾਂ ਲੈ ਦਿੰਦਾ ਹੈ। ਪਰ ਪਿੰਡ ਦਾ ਪਤਾ ਨਹੀਂ ਬੋਲਿਆ ਗਿਆ ਅਤੇ ਨਾਲ ਹੀ ਉਹ ਕਹਿ ਰਿਹਾ ਹੈ ਕਿ ਇਹ ਬੀਬੀ ਨੰਗੇ ਸਿਰ ਗੁਰੂ ਸਾਹਿਬ ਦੇ ਸਰੂਪ ਅੰਦਰੋਂ ਚੁਕ ਕੇ ਬਾਹਰ ਲਿਆਂਦੀ ਹੈ। ਖ਼ਬਰ ਲਿਖੇ ਜਾਣ ਤਕ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਜਾਣਕਾਰੀ ਦਿਤੀ ਕਿ ਇਹ ਘਟਨਾ ਧੋਬੀਆਣਾ ਬਸਤੀ ਬਠਿੰਡਾ ਦੀ ਹੈ ਪਤਾ ਲੱਗਾ ਹੈ ਕਿ ਇਨ੍ਹਾਂ ‘ਤੇ ਪਰਚੇ ਹੋ ਗਏ ਹਨ ਫਿਰ ਵੀ ਅਕਾਲ ਤਖ਼ਤ ਸਾਹਿਬ ਵਲੋਂ ਇਨ੍ਹਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਕੋਈ ਅੱਗੇ ਤੋਂ ਇਹੋ ਜਿਹਾ ਨਾ ਕਰੇ। ਇਸ ਸਬੰਧ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਕੀਤਾ ਤਾਂ ‘ਜਥੇਦਾਰ’ ਮੀਟਿੰਗ ਵਿਚ ਹੋਣ ਕਾਰਨ ਫ਼ੋਨ ਉਨ੍ਹਾਂ ਦੇ ਪੀ ਏ ਨੇ ਚੁਕਿਆ। ਇਸ ਸਬੰਧ ਵਿਚ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਭਾਈ ਲੌਂਗੋਵਾਲ ਨੇ ਕੀਤੀ ਨਿੰਦਾ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਔਰਤ ਵਲੋਂ ਧੋਬੀਆਣਾ ਬਸਤੀ ਬਠਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਿਰ ‘ਤੇ ਚੁਕ ਕੇ ਕੀਤੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਅਤੀ ਨਿੰਦਣਯੋਗ ਹਨ। ਭਾਈ ਲੌਂਗੋਵਾਲ ਕਿਹਾ ਕਿ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਤੀਆਂ ਜਾਣ।

You must be logged in to post a comment Login