ਅਮਰੀਕਾ ’ਚ ’84 ਸਿੱਖ ਨਸਲਕੁਸ਼ੀ ਦੀ ਯਾਦਗਾਰ ਹਟਾਈ

ਅਮਰੀਕਾ ’ਚ ’84 ਸਿੱਖ ਨਸਲਕੁਸ਼ੀ ਦੀ ਯਾਦਗਾਰ ਹਟਾਈ

ਅਮਰੀਕਾ- ਜਿੱਥੇ ਸਿੱਖਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ 1984 ਦੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਯਾਦਗਾਰਾਂ ਸਥਾਪਿਤ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਸਿੱਖ ਵਿਰੋਧੀ ਤਾਕਤਾਂ ਲਗਾਤਾਰ ਇਸ ਦੇ ਵਿਰੋਧ ਵਿਚ ਜੁਟੀਆਂ ਹੋਈਆਂ ਹਨ। ਅਮਰੀਕਾ ਵਿਚ ਵੀ ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਦੀ ਓਟਿਸ ਲਾਇਬ੍ਰੇਰੀ ਵਿਚ ਸਥਾਪਿਤ ਕੀਤੀ ਗਈ 1984 ਸਿੱਖ ਨਸਲਕੁਸ਼ੀ ਯਾਦਗਾਰ ਨੂੰ ਭਾਰਤ ਦੇ ਵਿਰੋਧ ਅਤੇ ਸਰਕਾਰ ਦੀ ਬੇਨਤੀ ’ਤੇ ਹਟਾ ਦਿੱਤਾ ਗਿਆ। ਇਸ ਯਾਦਗਾਰੀ ਸਮਾਰਕ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਗਈ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਇਹ ਯਾਦਗਾਰ 1984 ਵਿਚ ਭਾਰਤ ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਸਿੱਖ ਪੀੜਤਾਂ ਨਾਲ ਸਬੰਧਤ ਸੀ। ਓਟਿਸ ਲਾਇਬਰੇਰੀ ਬੋਰਡ ਦੇ ਟਰੱਸਟੀਆਂ ਦੇ ਮੁਖੀ ਨਿਕੋਲਸ ਫੋਰਟਸਨ ਨੇ ਦੱਸਿਆ, ‘ਓਟਿਸ ਲਾਇਬਰੇਰੀ ਤੇ ਦਿ ਨੌਰਵਿਚ ਮੌਨੂਮੈਂਟਸ ਕਮੇਟੀ ਯਾਦਗਾਰ ’ਤੇ ਲੱਗੀ ਪਲੇਟ, ਝੰਡਿਆਂ ਤੇ ਤਸਵੀਰ ਨੂੰ ਉਥੋਂ ਹਟਾਉਣ ਲਈ ਸਾਂਝੇ ਤੌਰ ’ਤੇ ਸਹਿਮਤ ਹੋਈਆਂ, ਜਿਸ ਮਗਰੋਂ ਇਸ ਯਾਦਗਾਰ ਨੂੰ ਦੋ ਹਫਤੇ ਪਹਿਲਾਂ ਉਥੋਂ ਹਟਾ ਦਿੱਤਾ ਗਿਆ। ਸ਼ਹਿਰ ਵਿਚ ਸਿੱਖ ਭਾਈਚਾਰੇ ਦੇ ਆਗੂ ਤੇ ਮੁਕਾਮੀ ਕਾਰੋਬਾਰੀ ਸਵਰਨਜੀਤ ਸਿੰਘ ਖ਼ਾਲਸਾ ਨੇ ਇਸ ਯਾਦਗਾਰ ਲਈ ਕੁੱਝ ਰਾਸ਼ੀ ਦਾਨ ਵਜੋਂ ਦਿੱਤੀ ਸੀ। ਯਾਦਗਾਰ ਹਟਾਉਣ ’ਤੇ ਅਮਰੀਕਾ ਸਮੇਤ ਵਿਸ਼ਵ ਭਰ ਦੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਵਰਨਜੀਤ ਸਿੰਘ ਖਾਲਸਾ ਨੇ ਲਾਇਬਰੇਰੀ ਦੇ ਟਰੱਸਟੀਆਂ ਵੱਲੋਂ ਯਾਦਗਾਰ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ‘ਇਹ ਖੇਤਰ ਭਾਰਤ ਦੀ ਮਾਲਕੀ ਵਾਲਾ ਨਹੀਂ, ਜੋ ਉਹ ਇੱਥੇ ਦਖ਼ਲਅੰਦਾਜ਼ੀ ਕਰ ਰਿਹਾ ਹੈ। ਇਸ ਫੈਸਲੇ ਤੋਂ ਸਿੱਖ ਭਾਈਚਾਰਾ ਕਾਫ਼ੀ ਨਾਰਾਜ਼ ਹੈ। ਖਾਲਸਾ ਨੇ ਕਿਹਾ ਕਿ ਯਾਦਗਾਰ, 1984 ਵਿਚ ਸਿੱਖ ਭਾਈਚਾਰੇ ਨਾਲ ਵਾਪਰੇ ਭਾਣੇ ਨੂੰ ਦੱਸਣ ਦਾ ‘ਨਿਵੇਕਲਾ ਮੌਕਾ’ ਸੀ। ਯਾਦਗਾਰ ’ਤੇ ਲੱਗੀ ਪਲੇਕ, ਝੰਡੇ ਤੇ ਭਿੰਡਰਾਂਵਾਲੇ ਦੀ ਤਸਵੀਰ ਸਿੱਖ ਭਾਈਚਾਰੇ ਨੂੰ ਮੋੜ ਦਿੱਤੀ ਗਈ ਹੈ। ਖਾਲਸਾ ਅਨੁਸਾਰ ਇਸ ਯਾਦਗਾਰ ਨੂੰ ਸਿਟੀ ਹਾਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਸੀਂ ਇਸ ਮੁੱਦੇ ਨੂੰ ਸੁਲਝਾਅ ਲਵਾਂਗੇ ਅਤੇ ਅਸੀਂ ਆਪਣੇ ਨਾਲ ਹੋਈਆਂ ਵਧੀਕੀਆਂ ਬਾਰੇ ਬੋਲਣੋਂ ਨਹੀਂ ਹਟਾਂਗੇ। ਯਾਦਗਾਰ ਹਟਾਏ ਜਾਣ ਮਗਰੋਂ ਹੁਣ ਸਿਟੀ ਹਾਲ ਦੇ ਬਾਹਰ 9 ਨਵੰਬਰ ਨੂੰ ਇਕ ਸਮਾਗਮ ਕਰਵਾਏ ਜਾਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਜੂਨ ਮਹੀਨੇ ਵਿਚ ਇਸ ਯਾਦਗਾਰ ਦੇ ਉਦਘਾਟਨ ਮਗਰੋਂ ਜਿੱਥੇ ਇਸ ਨੂੰ ਲੈ ਕੇ ਸਿੱਖ ਭਾਈਚਾਰੇ ਦੀ ਵੱਡੀ ਹਮਾਇਤ ਮਿਲੀ ਸੀ, ਉਥੇ ਹੀ ਇਸ ਯਾਦਗਾਰ ਤੋਂ ਕੁੱਝ ਮੁਕਾਮੀ ਹਿੰਦੂ ਕਾਫ਼ੀ ਪ੍ਰੇਸ਼ਾਨ ਸਨ। ਇਸ ਤੋਂ ਇਲਾਵਾ ਯਾਦਗਾਰ ਦੀ ਨੁਕਤਾਚੀਨੀ ਕਰਨ ਵਾਲਿਆਂ ਵਿਚ ਭਾਰਤ ਸਰਕਾਰ ਵੀ ਸ਼ਾਮਲ ਸੀ। 1984 ਸਿੱਖ ਨਸਲਕੁਸੀ ਨਾਲ ਸਬੰਧਤ ਯਾਦਗਾਰ ਲਾਇਬਰੇਰੀ ਦੀ ਮੁੱਖ ਲੌਬੀ ’ਚ ਸਥਾਪਤ ਕੀਤੀ ਗਈ ਸੀ। ਕੰਧ ’ਤੇ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹੇਠ ਗੁਰਦੁਆਰਿਆਂ ਦੀ ਰਾਖੀ ਦੌਰਾਨ ਮਾਰੇ ਗਏ ਸਿੱਖ ਸਿਪਾਹੀਆਂ ਦੇ ਮਾਣ ਵਿਚ ਇਕ ਤਾਂਬੇ ਦੀ ਪਲੇਟ ਲੱਗੀ ਹੋਈ ਸੀ, ਜਿਸ ’ਤੇ ਨਵੰਬਰ 1984 ਦੌਰਾਨ ਦੇਸ਼ ਵਿਚ ਭਰ ਸਿੱਖਾਂ ਦੀ ਨਸਲਕੁਸ਼ੀ ਲਈ ਚਲਾਈ ਗਈ ਮੁਹਿੰਮ ਨੂੰ ਸਰਕਾਰੀ ਸ਼ਹਿ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਹ ਯਾਦਗਾਰ ਅਮਰੀਕਾ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਯਾਦਗਾਰ ਸੀ। ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਫਿਲਹਾਲ ਇਸ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

You must be logged in to post a comment Login