ਅਮਰੀਕਾ ਦੇ 140 ਟਿਕਾਣਿਆਂ ‘ਤੇ ਹੈ ਸਾਡੀ ‘ਨਜ਼ਰ’ -ਇਰਾਨ

ਅਮਰੀਕਾ ਦੇ 140 ਟਿਕਾਣਿਆਂ ‘ਤੇ ਹੈ ਸਾਡੀ ‘ਨਜ਼ਰ’ -ਇਰਾਨ

ਤੇਹਰਾਨ : ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਭਾਵੇਂ ਕੁੱਝ ਥੰਮਦਾ ਨਜ਼ਰ ਆ ਰਿਹਾ ਹੈ ਪਰ ਦੋਵੇਂ ਦੇਸ਼ਾਂ ਵਿਚੋਂ ਕੋਈ ਵੀ ਇਕ-ਦੂਜੇ ਤੋਂ ਘੱਟ ਅਖਵਾਉਣ ਦੇ ਮੂੜ ਵਿਚ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਅਮਰੀਕਾ ਨੇ ਇਰਾਨ ਨੂੰ ਉਸ ਦੇ 52 ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਜਦਕਿ ਇਰਾਨ ਨੇ ਜਵਾਬ ‘ਚ ਅਮਰੀਕਾ ਦੇ 140 ਟਿਕਾਣਿਆਂ ‘ਤੇ ਹਮਲੇ ਕਰਨ ਦੀ ਧਮਕੀ ਦਿਤੀ ਹੈ।ਇਹ ਧਮਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟਵੀਟ ਜ਼ਰੀਏ ਦਿਤੀ ਸੀ। ਇਸੇ ਦੌਰਾਨ ਇਰਾਨ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਧਮਕੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਥਾਵਾਂ ਨੂੰ ਨਿਸ਼ਾਨਾਂ ਬਣਾਏਗਾ, ਜਿਨ੍ਹਾਂ ਦੀ ਉਸ ਵਿਰੁਧ ਵਰਤੋਂ ਹੋਵੇਗੀ।ਕਾਬਲੇਗੌਰ ਹੈ ਕਿ ਅਮਰੀਕਾ ਨੇ ਇਹ ਚਿਤਾਵਨੀ ਬੀਤੇ ਸਨਿੱਚਰਵਾਰ ਨੂੰ ਦਿਤੀ ਸੀ। ਹੁਣ ਕੁਦਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ 140 ਦੇ ਕਰੀਬ ਟਿਕਾਣਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਇਰਾਨ ‘ਤੇ ਹਮਲਾ ਕਰਨ ਦੀ ਸੂਰਤ ਉਹ ਇਨ੍ਹਾਂ ਟਿਕਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਰਾਨੀ ਟੀਵੀ ਮੁਤਾਬਕ ਸੁਪਰੀਮ ਆਗੂ ਅਯਾਤੁੱਲਾ ਅਲੀ ਖਮਨੇਈ ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਮਰੀਕਾ ਨੂੰ ਜਵਾਬ ਦੇਣ ਲਈ ਕਈ ਤਰੀਕਿਆਂ ਵਿਚੋਂ ਹਾਲੇ ਮਿਜ਼ਾਈਲ ਹਮਲੇ ਦਾ ਸਭ ਤੋਂ ਕਮਜ਼ੋਰ ਤਰੀਕਾ ਚੁਣਿਆ ਗਿਆ ਸੀ। ਇਰਾਨ ਇਸ ਨਾਲੋਂ ਵੀ ਸਖ਼ਤ ਕਦਮ ਚੁੱਕਣ ਦੇ ਸਮਰੱਥ ਹੈ।

You must be logged in to post a comment Login