ਅਮਰੀਕਾ ਨੇ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਭਾਰਤ ਦੀ ਬਾਂਹ ਫੜੀ

ਅਮਰੀਕਾ ਨੇ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਭਾਰਤ ਦੀ ਬਾਂਹ ਫੜੀ

ਕੈਨੇਡਾ ਤੇ ਅਮਰੀਕਾ ਦੇ ਅਪਣਾਏ ਜਾਣਗੇ ਆਵਾਜਾਈ ਨਿਯਮ
ਨਵੀਂ ਦਿੱਲੀ, 19 ਅਪ੍ਰੈਲ : ਅਮਰੀਕਾ ਨੇ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਭਾਰਤ ਦੀ ਬਾਂਹ ਫੜ ਲਈ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਇਕ ਮਹੱਤਵਪੂਰਨ ਸਮਝੌਤਾ ਹੋਇਆ ਹੈ, ਜਿਸ ਤਹਿਤ ਅਮਰੀਕਾ ਭਾਰਤ ਦੀਆਂ ਖੂਨੀ ਸੜਕਾਂ ਵਿਚ ਸੁਧਾਰ ਕਰੇਗਾ। ਹੁਣ ਅਮਰੀਕਾ ਭਾਰਤ ਦੀਆਂ ਸੜਕਾਂ ਵਿਚ ਸੁਧਾਰ ਲਿਆਉਣ ਲਈ ਕੰਮ ਕਰਨ ਜਾ ਰਿਹਾ ਹੈ ਤਾਂ ਕਿ ਇੱਥੇ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘੱਟ ਕਰਕੇ ਉਨਾਂ ਨੂੰ ਸੁਰੱਖਿਅਤ ਅਤੇ ਬਿਹਤਰ ਬਣਾਇਆ ਜਾ ਸਕੇ। ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਸਮਝੌਤੇ ਲਈ ਅਮਰੀਕਾ ਦੇ ਆਵਾਜਾਈ ਸਕੱਤਰ ਸ੍ਰੀ ਐਂਥੋਨੀ ਫਾਕਸ ਭਾਰਤ ਆਏ ਹਨ। ਸ਼ੁਰੂ ਵਿਚ ਤਿੰਨ ਸ਼ਹਿਰਾਂ ਵਿਚ ਸੜਕ ਸੁਰੱਖਿਆ ਉੱਤੇ ਕੰਮ ਕਰਨ ਦੀ ਸਹਿਮਤੀ ਬਣੀ ਹੈ। ਇਹ ਤਿੰਨ ਸ਼ਹਿਰ ਵਿਸ਼ਾਖਾਪਟਨਮ, ਅਜਮੇਰ ਅਤੇ ਇਲਾਹਾਬਾਦ ਹਨ। ਸ੍ਰੀ ਫਾਕਸ ਨੇ ਕਿਹਾ ਹੈ ਕਿ ਸੜਕਾਂ ਦੇ ਮਾਮਲੇ ਵਿਚ ਭਾਰਤ ਅਮਰੀਕਾ ਨੂੰ ਇਕ ਪ੍ਰਯੋਗਸ਼ਾਲਾ ਦੇ ਤੌਰ ਉੱਤੇ ਇਸਤੇਮਾਲ ਕਰ ਸਕਦਾ ਹੈ। ਸ੍ਰੀ ਫਾਕਸ ਮੁਤਾਬਕ ਅਸੀਂ ਸੜਕੀ ਢਾਂਚੇ ਨੂੰ ਲੈ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਸ੍ਰੀ ਫਾਕਸ ਨੇ ਕਿਹਾ ਕਿ ਅਮਰੀਕਾ ਨੇ ਸੜਕ ਸੁਰੱਖਿਆ ਲਈ ਤਕਨੀਕ ਦਾ ਬਿਹਤਰ ਇਸਤੇਮਾਲ ਕੀਤਾ ਹੈ। ਤਕਨੀਕ ਦਾ ਇਸਤੇਮਾਲ ਸੜਕਾਂ ਦੇ ਮਿਆਰ, ਸਟਰੀਟ ਲੈਂਪਸ, ਸੀਟ ਬੈਲਟ ਅਤੇ ਇੱਥੋਂ ਤੱਕ ਕਿ ਏਅਰਬੈਗਸ ਵਿਚ ਕੀਤਾ ਜਾਂਦਾ ਹੈ। ਸ੍ਰੀ ਫਾਰਕ ਨੇ ਇਹ ਵੀ ਕਿਹਾ ਹੈ ਕਿ 1960 ਤੋਂ ਅਮਰੀਕਾ ਨੇ ਸੜਕ ਸੁਰੱਖਿਆ ਉੱਤੇ ਜੋ ਕੰਮ ਕੀਤਾ ਹੈ, ਉਸ ਨਾਲ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ 80 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਇਕ ਨਵਾਂ ਸੜਕੀ ਆਵਾਜਾਈ ਐਕਟ ਲਿਆਉਣ ਜਾ ਰਹੀ ਹੈ ਜੋ ਪੁਰਾਣੇ ਕਾਨੂੰਨ (1988) ਦਾ ਸਥਾਨ ਲਵੇਗਾ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਸਿੰਗਾਪੁਰ, ਜਾਪਾਨ , ਜਰਮਨੀ ਅਤੇ ਬਰਤਾਨੀਆ ਵਰਗੇ ਦੇਸ਼ਾਂ ਵਿਚ ਅਪਣਾਏ ਜਾ ਰਹੇ ਸੜਕ ਸੁਰੱਖਿਆ ਤਰੀਕਿਆਂ ਉੱਤੇ ਇਕ ਟੀਮ ਵਿਚਾਰ ਕਰ ਰਹੀ ਹੈ। ਇਸ ਐਕਟ ਵਿਚ ਸ਼ਰਾਬ ਪੀ ਕੇ ਵਾਹਨ ਚਲਾਉਣ ਉੱਤੇ ਵੱਧ ਸਖਤੀ ਵਰਤੀ ਜਾਵੇਗੀ। ਸੂਤਰਾਂ ਮੁਤਾਬਕ ਸਰਕਾਰ ਹਾਈਵੇ ਉੱਤੇ ਸ਼ਰਾਬ ਦੀਆਂ ਦੁਕਾਨਾਂ ਦੇ ਲਾਈਸੰਸ ਵੀ ਰੱਦ ਕਰ ਸਕਦੀ ਹੈ। ਇੱਥੇ ਵਰਣਨਯੋਗ ਹੈ ਕਿ ਅਮਰੀਕੀ ਸੜਕਾਂ ਦੁਨੀਆ ਭਰ ਦੀਆਂ ਸਭ ਤੋਂ ਮਸ਼ਰੂਫ ਸੜਕਾਂ ਵਿਚ ਸ਼ਾਮਲ ਹਨ ਪਰ ਭਾਰਤ ਦੀਆਂ ਸੜਕਾਂ ਨੂੰ ਬੇਹੱਦ ਖਤਰਨਾਕ ਅਤੇ ਖੂਨੀ ਮੰਨਿਆ ਜਾਂਦਾ ਹੈ। ਦੇਸ਼ ਵਿਚ ਸੜਕ ਹਾਦਸਿਆਂ ਕਾਰਨ ਹਰ ਘੰਟੇ 19 ਜਾਂ ਹਰ ਤਿੰਨ ਮਿੰਟ ਉੱਤੇ ਇਕ ਵਿਅਕਤੀ ਦੀ ਮੌਤ ਹੁੰਦੀ ਹੈ।

You must be logged in to post a comment Login