ਅਮਰੀਕਾ ਵਿਚ ਸਿੱਖ ‘ਤੇ ਗੋਰੇ ਨੇ ਕੀਤਾ ਹਮਲਾ

ਅਮਰੀਕਾ ਵਿਚ ਸਿੱਖ ‘ਤੇ ਗੋਰੇ ਨੇ ਕੀਤਾ ਹਮਲਾ

ਨਿਊਯਾਰਕ : ਅਮਰੀਕਾ ਵਿਚ ਇਕ ਸਿੱਖ ਵਿਅਕਤੀ ‘ਤੇ 24 ਸਾਲਾ ਗੋਰੇ ਨੌਜਵਾਨ ਨੇ ਨਫ਼ਰਤ ਅਪਰਾਧ ਤਹਿਤ ਹਮਲਾ ਕਰ ਦਿਤਾ। ਗੋਰੇ ਵਿਅਕਤੀ ਨੇ ਪੀੜਤ ਦੀ ਦਾੜ੍ਹੀ ਪੁੱਟੀ ਅਤੇ ਉਸ ਨੂੰ ਲੱਤਾਂ ਅਤੇ ਮੁੱਕੇ ਵੀ ਮਾਰੇ। ਹਰਵਿੰਦਰ ਸਿੰਘ ਡੋਡ ਅਮਰੀਕਾ ਦੇ ਓਰੇਗਨ ਵਿਚ ਇਕ ਦੁਕਾਨ ‘ਚ ਕੰਮ ਕਰਦੇ ਹਨ। ਪਿਛਲੇ ਸੋਮਵਾਰ ਨੂੰ 24 ਸਾਲਾ ਐਂਡ੍ਰੀਊ ਰੈਮਜ਼ੇ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਨਫ਼ਰਤੀ ਅਤੇ ਹਿੰਸਕ ਹਮਲਾ ਕੀਤਾ। ਦਾਇਰ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਰੈਮਜ਼ੇ ਦੇ ਮਨ ਵਿਚ ਡੋਡ ਦੇ ਧਰਮ ਨੂੰ ਲੈ ਕੇ ਸ਼ੱਕ ਸੀ ਜਿਸ ਕਾਰਨ ਉਸ ਨੇ ਹਮਲਾ ਕਰ ਦਿਤਾ।
ਓਰੇਗਨ ਸਟੇਟ ਕੈਪੀਟਲ ਵਿਚ ਕਿਹਾ ਗਿਆ ਹੈ ਕਿ ਰੈਮਜ਼ੇ ਨੂੰ ਸਿਗਰਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸ ਕੋਲ ਪਛਾਣ ਪੱਤਰ ਨਹੀਂ ਸੀ। ਡੋਡ ਨੇ ਰੈਮਜ਼ੇ ਨੂੰ ਉਥੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਡੋਡ ਦੀ ਦਾੜ੍ਹੀ ਖਿੱਚੀ । ਉਸ ਨੇ ਉਨ੍ਹਾਂ ਨੂੰ ਮੁੱਕੇ ਅਤੇ ਲੱਤਾਂ ਮਾਰੀਆਂ। ਪੁਲਿਸ ਨੇ ਦਸਿਆ ਕਿ ਰੈਮਜ਼ੇ ਵਿਰੁਧ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਉਸ ਨੇ ਡੋਡ ‘ਤੇ ਜੁੱਤੀ ਵੀ ਸੁੱਟੀ ਅਤੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਉਸ ‘ਤੇ ਚੌਥੀ ਡਿਗਰੀ ਦੇ ਹਮਲੇ, ਘਟੀਆ ਵਿਵਹਾਰ ਅਤੇ ਅਪਰਾਧਕ ਅਤਿਆਚਾਰ ਦੇ ਵੀ ਦੋਸ਼ ਹਨ।

You must be logged in to post a comment Login