ਇਸਲਾਮਿਕ ਸਟੇਟ ਦਾ ਖ਼ਾਤਮਾ ਕਿਉਂ ਜ਼ਰੂਰੀ?

ਇਸਲਾਮਿਕ ਸਟੇਟ ਦਾ ਖ਼ਾਤਮਾ ਕਿਉਂ ਜ਼ਰੂਰੀ?

ਅਬੂ ਬਕਰ ਅਲ-ਬਗਦਾਦੀ ਦੀ ਅਗਵਾਈ ਵਾਲੇ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਦਾ ਲੀਵੈਂਟ (ਆਈ.ਐੱਸ.ਆਈ.ਐੱਲ) ਨੇ ਪੂਰੀ ਦੁਨੀਆਂ ਵਿੱਚ ਕੋਹਰਾਮ ਮਚਾਇਆ ਹੋਇਆ ਹੈ। ਅਜੋਕੇ ਸਮੇਂ ਅਮਰੀਕਾ, ਰੂਸ, ਫਰਾਂਸ, ਬਰਤਾਨੀਆਂ ਸਮੇਤ 66 ਦੇਸ਼ਾਂ ਵੱਲੋਂ ਇਸ ਵਿਰੁੱਧ ਭਾਰੀ ਮਾਰੂ ਜੰਗੀ ਕਾਰਵਾਈ ਦੇ ਬਾਵਜੂਦ ਇਹ ਵਿਸ਼ਵ ਦੇ ਕਿਸੇ ਦੇਸ਼, ਕੋਨੇ ਜਾਂ ਇਲਾਕੇ ਨੂੰ ਆਪਣਾ ਨਿਸ਼ਾਨਾ ਬਣਾ ਸਕਣ ਦੇ ਸਮਰੱਥ ਹੈ। ਇਸ ਨੇ ਅਮਰੀਕਾ ਸਮੇਤ ਪੂਰੇ ਪੱਛਮੀ ਜਗਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ।
ਭੂਤਕਾਲ ਵਿੱਚ ਲਡ਼ੀਆਂ ਜੰਗਾਂ ਦੀ ਇੱਕ ਨਿਸ਼ਚਿਤ ਫਰੰਟ ਲਾਈਨ ਹੁੰਦੀ ਸੀ ਜਿੱਥੇ ਗਹਿ ਕੇ ਲੜਾਈ, ਮੋਰਚਾਬੰਦੀ ਅਤੇ ਚੱਕਰਵਿਊਬੰਦੀ ਹੁੰਦੀ ਸੀ ਪਰ 21ਵੀਂ ਸਦੀ ਦੇ ਇਸ ਦੌਰ ਵਿੱਚ ਆਈ.ਐੱਸ.ਆਈ.ਐੱਲ ਵੱਲੋਂ ਅਜਿਹੀ ਅਮਾਨਵੀ ਤੇ ਹਿੰਸਕ ਜੰਗ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦੀ ਕੋਈ ਪ੍ਰਤੱਖ ਫਰੰਟ ਲਾਈਨ ਨਹੀਂ ਹੈ। 22 ਮਾਰਚ 2016 ਨੂੰ ਇਸ ਕੱਟੜਵਾਦੀ ਸੰਗਠਨ ਵੱਲੋਂ ਬੈਲਜੀਅਮ ਦੀ ਰਾਜਧਾਨੀ ਬਰਸੇਲਜ਼ ਅੰਦਰ ਮੈਟਰੋ ਸਟੇਸ਼ਨ ਅਤੇ ਸ਼ਹਿਰ ਤੋਂ 7 ਮੀਲ ਬਾਹਰ ਜਾਵੈਂਟਸ ਕਸਬੇ ਨੇੜੇ ਸਥਿਤ ਕੌਮਾਂਤਰੀ ਹਵਾਈ ਅੱਡੇ ’ਤੇ ਆਤਮਘਾਤੀ ਹਮਲਾ ਕੀਤਾ ਗਿਆ ਜਿਸ ਵਿੱਚ ਦੋ ਸਕੇ ਆਤਮਘਾਤੀ ਜਹਾਦੀ ਭਰਾ ਸ਼ਾਮਿਲ ਸਨ। ਇਸ ਵਿੱਚ 35 ਬੇਗੁਨਾਹ ਮਾਰੇ ਗਏ ਅਤੇ 250 ਦੇ ਕਰੀਬ ਜ਼ਖ਼ਮੀ ਹੋਏ। ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਇਸ ਹਮਲੇ ਨੂੰ ਹਿੰਸਕ ਅਤੇ ਕਾਇਰਾਨਾ ਹਮਲਾ ਕਿਹਾ। ਫਰਾਂਸ ਦੇ ਪ੍ਰਧਾਨ ਫਰਾਂਸਿਸ ਔਲਾਂਦ ਨੇ ਤੁਰੰਤ ਅਤਿਵਾਦ ਖ਼ਿਲਾਫ਼ ਕੌਮਾਂਤਰੀ ਅਤੇ ਘਰੇਲੂ ਪੱਧਰ ’ਤੇ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਸਮੇਤ ਹੋਰ ਘਟਨਾਵਾਂ ਆਈ.ਐੱਸ. ਵੱਲੋਂ ਪੱਛਮ ਨੂੰ ਲੰਮੀ ਊਂਘ ਵਿੱਚੋਂ ਜਗਾਉਣ ਲਈ ਸਨ। ਬਰਸੇਲਜ਼ (ਬੈਲਜੀਅਮ) ਹਮਲਾ ਵੀ ਇੱਕ ਸੰਦੇਸ਼ ਹੈ ਕਿ ਭਵਿੱਖ ਵਿੱਚ ਪੱਛਮ ਹੋਰ ਅਜਿਹੇ ਹਮਲਿਆਂ ਲਈ ਤਿਆਰ ਰਹੇ। ਇਨ੍ਹੀਂ ਦਿਨੀਂ ਗਲੋਬਲ ਇਸਲਾਮਿਕ ਜਹਾਦ ਨੇ ਪੱਛਮੀ ਸਭਿਅਤਾ ਵਿਰੁੱਧ ਜਹਾਦ ਛੇੜ ਰੱਖਿਆ ਹੈ। ਦੱਖਣੀ ਏਸ਼ੀਆ ਅੰਦਰ ਇਸ ਦੇ ਹਮਜੋਲੀ ਅਤਿਵਾਦੀ ਤਾਲਿਬਾਨ ਸੰਗਠਨ ਨੇ ਪਾਕਿਸਤਾਨ, ਅਫ਼ਗਾਨਿਸਤਾਨ, ਉਜਬੇਕਸਿਤਾਨ ਤੇ ਚੀਨ ਆਦਿ ਅੰਦਰ ਆਪਣੀਆਂ ਕਾਰਵਾਈਆਂ ਤੇਜ਼ ਕਰ ਰੱਖੀਆਂ ਹਨ। ਪਾਕਿਸਤਾਨੀ ਫ਼ੌਜ ਦਾ ਜ਼ਰਬ-ਏ-ਅਜਬ ਅਪਰੇਸ਼ਨ ਇਸ ਸੰਗਠਨ ਦੀ ਤਾਕਤ ਨੂੰ ਤੋੜਨੋਂ ਨਾਕਾਮ ਰਿਹਾ ਹੈ। 27 ਮਾਰਚ 2016 ਨੂੰ ਇਨ੍ਹਾਂ ਨੇ ਲਾਹੌਰ (ਪਾਕਿਸਤਾਨ) ਅੰਦਰ ਗੁਲਸ਼ਨ-ਏ-ਇਕਬਾਲ ਪਾਰਕ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ 70 ਤੋਂ ਵੱਧ ਲੋਕ ਮਾਰੇ ਗਏ ਅਤੇ 300 ਤੋਂ ਵੱਧ ਗੰਭੀਰ ਜ਼ਖ਼ਮੀ ਹੋਏ। ਇਸ ਹਮਲੇ ਦਾ ਨਿਸ਼ਾਨਾ ਉਂਜ ਈਸਾਈ ਬਿਰਾਦਰੀ ਦੇ ਲੋਕ ਸਨ। ਓਬਾਮਾ ਪ੍ਰਸਾਸ਼ਨ ਭਾਵੇਂ ਇਸ ਗਲੋਬਲ ਇਸਲਾਮਿਕ ਜਹਾਦ ਨੂੰ ਇੱਕ ਵੱਡੀ ਚੁਣੌਤੀ ਵਜੋਂ ਨਹੀਂ ਲੈ ਰਿਹਾ ਪਰ ਅੱਜ ਇਹ ਇੱਕ ਹਕੀਕਤ ਬਣ ਚੁੱਕਾ ਹੈ। ਪਿਛਲੇ 7 ਸਾਲਾਂ ਤੋਂ ਇਸਲਾਮਿਕ ਜਹਾਦ ਪੂਰੇ ਵਿਸ਼ਵ ਵਿੱਚ ਲਗਾਤਾਰ ਦਨਦਨਾ ਰਿਹਾ ਹੈ। ਕਰੀਬ 7000 ਯੂਰਪੀ ਬਸ਼ਿੰਦੇ ਆਈ.ਐੱਸ. ਆਈ.ਐੱਲ. ਜਹਾਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਰਾਕ ਅਤੇ ਸੀਰੀਆ ਅੰਦਰ ਲੜ ਕੇ ਵਾਪਸ ਯੂਰਪ ਪਰਤ ਚੁੱਕੇ ਹਨ ਪਰ ਸਭ ਕੁਝ ਜਾਣਦੇ ਹੋਏ ਵੀ ਯੂਰਪ ਚੁੱਪ ਹੈ।
ਅਤਿ ਆਧੁਨਿਕ ਹਥਿਆਰਾਂ ਅਤੇ ਯੁੱਧਨੀਤਕ ਤਕਨੀਕਾਂ ਨਾਲ ਲੈੱਸ ਪੱਛਮੀ ਸ਼ਕਤੀਆਂ ਭਾਵੇਂ ਨਾਜ਼ੀਵਾਦ, ਫਾਸ਼ੀਵਾਦ ਦੇ ਅੰਤ ਤੇ ਕਮਿਊਨਿਸਟਾਂ ਨੂੰ ਖਦੇਡ਼ਨ ਦੇ ਦਾਅਵੇ ਕਰਦੀਆਂ ਹਨ ਅਤੇ ਆਈ.ਐੱਸ.ਆਈ.ਐੱਲ. ਨੂੰ ਵੀ ਖ਼ਤਮ ਕਰਨ ਦੀ ਗੱਲ ਕਰ ਰਹੀਆਂ ਹਨ, ਪਰ ਆਈ.ਐੱਸ.ਆਈ.ਐੱਲ. ਉਨ੍ਹਾਂ ਤੋਂ ਦੋ ਕਦਮ ਅੱਗੇ ਹੈ। ਯੂਰਪੀਨ ਸ਼ਕਤੀਆਂ ਵੀ ਭਾਵੇਂ ਜਨਤਕ ਹੌਂਸਲਾ ਕਾਇਮ ਰੱਖਣ ਲਈ ਦਮਗਜੇ ਮਾਰ ਰਹੀਆਂ ਹਨ ਪਰ ਕੋਈ ਨਹੀਂ ਜਾਣਦਾ ਕਿ ਇਸਲਾਮਿਕ ਜਹਾਦੀਆਂ ਦੇ ਹਮਲੇ ਕਿਉਂ ਹੋ ਰਹੇ ਹਨ, ਕਿੱਥੇ ਹੋਣੇ ਹਨ ਅਤੇ ਕਦੋਂ ਹੋਣੇ ਹਨ? ਯੂਰਪੀਨ ਯੂਨੀਅਨ ਆਪਣੇ ਲੋਕਾਂ ਨੂੰ ਅਜਿਹੇ ਹਮਲਿਆਂ ਤੋਂ
ਸੁਰੱਖਿਅਤ ਰੱਖਣੋਂ ਅਸਮਰੱਥ ਵਿਖਾਈ ਦੇ ਰਹੀ ਹੈ। ਯੂਰਪ ਅੰਦਰ ਆਇਰਸ਼ ਰਿਬਪਲਿਕਨ ਆਰਮੀ, ਬਸਕਓ ਈ.ਟੀ.ਏ., ਜਰਮਨ ਬਾਦਰ ਮੈਨਰੌਫ ਗਰੁੱਪ, ਰੈੱਡ ਬ੍ਰਿਗੇਡ (ਇਟਲੀ), ਬੈਲਜੀਅਮ ਕਮਿਊਨਿਸਟ ਲੜਾਕੂ ਸੈੱਲਾਂ ਨੇ ਸਿਵਲੀਅਨ ਹਮਲਿਆਂ ਤੋਂ ਹਮੇਸ਼ਾਂ ਗੁਰੇਜ਼ ਕੀਤਾ ਹੈ ਪਰ ਗਲੋਬਲ ਇਸਲਾਮਿਕ ਜਹਾਦੀ ਦਹਿਸ਼ਤ ਫੈਲਾਉਣ ਲਈ ਸਿਵਲੀਅਨ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।
ਯੂਰਪ ਦਾ ਦੁਖਾਂਤ ਇਹ ਹੈ ਕਿ ਇਹ ਲਗਾਤਾਰ ਅਸਹਿਣਸ਼ੀਲਤਾ ਅਤੇ ਰਾਸ਼ਟਰਵਾਦ ਦਾ ਸ਼ਿਕਾਰ ਹੋ ਰਿਹਾ ਹੈ। ਆਰਥਿਕ ਖੜੋਤ, ਧੜਾਧੜ ਰਫਿਊਜੀ ਆਮਦ, ਇਸਲਾਮਿਕ ਜਹਾਦੀ ਅਤਿਵਾਦ ਨੇ ਯੂਰਪ ਦੀ ਘਰੋਗੀ ਰਾਜਨੀਤੀ ’ਤੇ ਬਹੁਤ ਅਸਰ ਪਾਇਆ ਹੈ। ਗੁਆਂਢੀ ਮੁਲਕਾਂ ਦੀਆਂ ਖ਼ੁਫੀਆ ਏਜੰਸੀਆਂ ਲਗਾਤਾਰ ਵੀ ਆਪਸੀ ਤਾਲਮੇਲ ਵਧਾਉਣ ਤੇ ਜਾਣਕਾਰੀ ਸਾਂਝੀ ਕਰਨ ’ਚ ਨਾਕਾਮ ਰਹੀਆਂ ਹਨ। ਇਸ ਦੀ ਮਿਸਾਲ ਇਹ ਹੈ ਕਿ ਬੈਲਜੀਅਮ ਪ੍ਰਸਾਸ਼ਨ ਵੱਲੋਂ ਪੈਰਿਸ ਹਮਲੇ ਲਈ ਜ਼ਿੰਮੇਵਾਰ ਸਾਲੇਹ ਅਬਦੀਸਲਾਮ ਨੂੰ 13 ਨਵੰਬਰ 2015 ਨੂੰ ਫਡ਼ਨ ਬਾਅਦ ਵੀ ਸੁੱਤਾ ਰਿਹਾ।
ਸੇਵਾਮੁਕਤ ਜਨਰਲ ਅਤੇ ਸਾਬਕਾ ਸੀ.ਆਈ.ਏ. ਮੁਖੀ ਜਨਰਲ ਮਾਈਕਲ ਹੇਡਨ ਅਨੁਸਾਰ ਯੂਰਪ ਆਪਣੇ ਖਿੱਤੇ ਵਿੱਚ ਕੁਦਰਤੀ ਸੁਰੱਖਿਆ ਸਿਸਟਮ ਪੈਦਾ ਕਰਨੋਂ ਨਾਕਾਮ ਰਿਹਾ ਹੈ। ਇਸੇ ਕਰਕੇ ਯੂ.ਕੇ. ਇਸ ਤੋਂ ਵੱਖ ਹੋਣ ਸਬੰਧੀ ਜਨਮਤ ਸੰਗ੍ਰਹਿ ਕਰਵਾ ਰਿਹਾ ਹੈ। ਇਸ ਨੂੰ ਤੁਰੰਤ ਕੁਦਰਤੀ ਸੁਰੱਖਿਆ ਕਵਚ ਤਿਆਰ ਕਰਨਾ ਚਾਹੀਦਾ ਹੈ। ਯੂਰਪ ਦੇ ਵੱਖ-ਵੱਖ ਦੇਸ਼ਾਂ ਅਤੇ ਖਿੱਤਿਆਂ ਵਿੱਚ ਸੁਰੱਖਿਆ ਦਸਤਿਆਂ ਦੇ ਜੰਗੀ ਤੇ ਤਕਨੀਕੀ ਮਿਆਰ ਵਿੱਚ ਫਰਕ ਹੈ। ਮਿਸਾਲ ਵਜੋਂ ਬਰਤਾਨੀਆ ਅਤੇ ਫਰਾਂਸ ਆਦਿ ਕੋਲ ਵਧੀਆ ਪ੍ਰਬੰਧ ਹੈ ਜਦੋਂਕਿ ਬੈਲਜੀਅਮ ਆਦਿ ਕੋਲ ਲੋੜੀਂਦੀ ਸਮਰੱਥਾ ਨਹੀਂ ਹੈ। ਅਜਿਹੀ ਘਾਟ ਦੂਰ ਕਰਨੀ ਜ਼ਰੂਰੀ ਹੈ। ਯੂਰਪ ਆਪਣੀਆਂ ਸਰਹੱਦਾਂ ’ਤੇ ਖੁੱਲ੍ਹੀ ਆਵਾਜਾਈ ਤੇ ਆਤੰਕੀ ਗਰੁੱਪਾਂ ਦੀ ਖੁੱਲ੍ਹੇਆਮ ਦਨਦਨਾਹਟ ਤੇ ਕਲਾਸ਼ਨੀਕੋਵ ਕਲਚਰ ਬੰਦ ਕਰਨੋਂ ਨਾਕਾਮ ਰਿਹਾ ਹੈ। ਇਸ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਲੋੜੀਂਦੀ ਹੈ। ਆਮ ਲੋਕਾਂ ਨੂੰ ਵੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੱਟੜਵਾਦ ਦੀ ਜੜ੍ਹ ਪੁੱਟਣੀ ਚਾਹੀਦੀ ਹੈ। ਯੂਰਪ ਹੀ ਨਹੀਂ ਬਾਕੀ ਗਲੋਬਲ ਖਿੱਤਿਆਂ ਅੰਦਰ ਖ਼ੁਫੀਆ ਏਜੰਸੀਆਂ ਦਾ ਤਾਲਮੇਲ ਵਧਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅੰਦਰੂਨੀ ਸੁਰੱਖਿਆ ਵਧਾਉਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਜਾਗਰਿਤ ਕਰਨਾ ਚਾਹੀਦਾ ਹੈ। ਅਮਰੀਕਾ ਨੇ ਜੋ 100 ਦੇ ਕਰੀਬ ਦੇਸ਼ਾਂ ਵਿੱਚ ਡਰੋਨ ਹਮਲੇ ਜਾਰੀ ਰੱਖੇ ਹੋਏ ਹਨ ਜਿੰਨਾਂ ਕਰਕੇ ਜਨਤਾ ਵਿੱਚ ਸਹਿਮ ਅਤੇ ਨਫ਼ਰਤ ਵਧ ਰਹੀ ਹੈ, ਬੰਦ ਕਰਨੇ ਚਾਹੀਦੇ ਹਨ। ਜਹਾਦੀ ਭਰਤੀ ਅਤੇ ਟ੍ਰੇਨਿੰਗ ਦਾ ਲੱਕ ਤੋੜਨਾ ਚਾਹੀਦਾ ਹੈ।
ਆਲਮੀ ਇਸਲਾਮੀ ਜਹਾਦ ਗਰਮ ਜਾਂ ਠੰਢੀ ਜੰਗ ਨਹੀਂ ਬਲਕਿ ਇੱਕ ਲੰਮੀ ਜੰਗ ਹੈ ਜੋ ਫਰੰਟ ਲਾਈਨ ਰਹਿਤ ਹੈ। ਵਿਸ਼ਵ ਦੇ ਇੱਕ ਅਰਬ, 60 ਕਰੋੜ ਮੁਸਲਮਾਨ ਅਤਿਵਾਦੀ ਨਹੀਂ ਹਨ। ਉਨ੍ਹਾਂ ਨੂੰ ਵੀ ਇਸ ਮਾਨਵਘਾਤੀ ਜੰਗ ਖ਼ਿਲਾਫ਼ ਜਥੇਬੰਦ ਕਰਨਾ ਚਾਹੀਦਾ ਹੈ। ਗਲੋਬਲ ਇਸਲਾਮਿਕ ਜਹਾਦ ਦੀ ਤਬਾਹੀ ਲਈ ਉਨ੍ਹਾਂ ਦੀ ਸ਼ਮੂਲੀਅਤ ਰਾਮਬਾਣ ਸਿੱਧ ਹੋਵੇਗੀ।
ਦਰਬਾਰਾ ਸਿੰਘ ਕਾਹਲੋਂ

You must be logged in to post a comment Login