ਐ ਖ਼ੁਦਾ! ਮੇਰੇ ਰੰਗਲੇ ਪੰਜਾਬ ’ਤੇ ਮਿਹਰ ਕਰ

ਐ ਖ਼ੁਦਾ! ਮੇਰੇ ਰੰਗਲੇ ਪੰਜਾਬ ’ਤੇ ਮਿਹਰ ਕਰ

ਕੁਝ ਦਿਨ ਪਹਿਲਾਂ ਵਾਟਸਐਪ ’ਤੇ ਮੇਰੇ ਹੀ ਸ਼ਹਿਰ ਦੀ ਇੱਕ ਔਰਤ ਦੀ ਵਾਇਰਲ ਹੋਈ ਵੀਡੀਓ ਪ੍ਰਾਪਤ ਹੋਈ। ਵੀਡੀਓ ਵਿੱਚ ਉਹ ਰੋ ਰੋ ਕੇ ਦੱਸ ਰਹੀ ਹੈ ਕਿ ਉਸ ਦਾ ਨੌਜਵਾਨ ਪੁੱਤਰ ਚਿੱਟੇ ਨੇ ਨਿਗਲ ਲਿਆ ਹੈ। ਉਹ ਚਿੱਟੇ ਦੇ ਪ੍ਰਚਲਣ ਲਈ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਨੂੰ ਦੋਸ਼ੀ ਦੱਸ ਰਹੀ ਹੈ ਤੇ ਉਨ੍ਹਾਂ ਦੇ ਨਾਮ ਲੈ ਲੈ ਕੇ ਬਦਦੁਆਵਾਂ ਦੇ ਰਹੀ ਹੈ। ਆਪਣਾ ਨਾਮ ਅਤੇ ਸ਼ਹਿਰ ਦੱਸ ਕੇ ਉਹ ਇਹ ਵੀ ਐਲਾਨ ਕਰ ਰਹੀ ਹੈ ਕਿ ਜੇ ਇਹ ਬਿਨਾਂ ਸੁਰੱਖਿਆ ਛਤਰੀ ਤੋਂ ਇੱਥੇ ਆਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਸਬਕ ਸਿਖਾਵੇਗੀ ਅਤੇ ਉਹ ਦੱਸੇਗੀ ਕਿ ਪੁੱਤਰਾਂ ਦੇ ਜਾਣ ਦਾ ਦੁੱਖ ਕੀ ਹੁੰਦਾ ਹੈ। ਵੀਡੀਓ ਵਿੱਚ ਉਹ ਇਹ ਵੀ ਕਹਿੰਦੀ ਹੈ ਕਿ ਉਹ ਇਕੱਲੀ ਨਹੀਂ, ਉਸ ਵਰਗੀਆਂ ਹੋਰ ਵੀ ਹਜ਼ਾਰਾਂ ਦੁਖੀ ਔਰਤਾਂ ਹਨ। ਵੀਡੀਓ ਵਿੱਚ ਔਰਤ ਦੀ ਹਾਲਤ ਪਾਗਲਾਂ ਵਰਗੀ ਜਾਪ ਰਹੀ ਹੈ ਕਿਉਂਕਿ ਜਵਾਨ ਪੁੱਤ ਦੇ ਚਲੇ ਜਾਣ ਦੇ ਸਦਮੇ ਨੂੰ ਸਹਾਰਨਾ ਕੋਈ ਸੌਖੀ ਗੱਲ ਨਹੀਂ। ਵੀਡੀਓ ਦੇਖ ਕੇ ਮਨ ਬਹੁਤ ਉਚਾਟ ਹੋਇਆ। ਉਦਾਸੀ ਦੇ ਆਲਮ ’ਚੋਂ ਬਾਹਰ ਨਿਕਲਣ ਲਈ ਮੈਂ ਪਾਰਕ ਵਿੱਚ ਚਲਾ ਗਿਆ। ਥੋੜ੍ਹਾ ਘੁੰਮਣ ਤੋਂ ਬਾਅਦ ਇੱਕ ਬੈਂਚ ’ਤੇ ਬੈਠ ਗਿਆ। ਉਸ ਬੈਂਚ ’ਤੇ ਪਹਿਲਾਂ ਹੀ ਬੈਠੇ ਦੋ ਬਜ਼ੁਰਗ ਰੋ ਰਹੇ ਸਨ। ਥੋੜ੍ਹਾ ਹੌਸਲਾ ਕਰਕੇ ਉਨ੍ਹਾਂ ਦੇ ਦੁੱਖ ਨੂੰ ਘਟਾਉਣ ਦੇ ਮਨਸ਼ੇ ਨਾਲ ਮੈਂ ਉਨ੍ਹਾਂ ਨੂੰ ਪੁੱਛਿਆ, ‘ਬਜ਼ੁਰਗੋ! ਰੋ ਕਿਉਂ ਰਹੇ ਹੋ?’ ਪਹਿਲਾਂ ਤਾਂ ਬਜ਼ੁਰਗ ਮੇਰੇ ਸੁਆਲ ਦਾ ਉੱਤਰ ਦੇਣ ਲਈ ਤਿਆਰ ਨਾ ਹੋਏ, ਪਰ ਮੇਰੇ ਦੁਬਾਰਾ ਪੁੱਛਣ ’ਤੇ ਇੱਕ ਨੇ ਲੰਮਾ ਹਾਉਕਾ ਭਰਿਆ ਅਤੇ ਬੜੀ ਧੀਮੀ ਤੇ ਕੰਬਦੀ ਆਵਾਜ਼ ਵਿੱਚ ਕਹਿਣ ਲੱਗਾ, ‘ਕਾਕਾ, ਮੈਂ ਤਾਂ ਇਸ ਕਰਕੇ ਰੋ ਰਿਹਾ ਹਾਂ ਕਿ ਮੇਰਾ ਨੌਜਵਾਨ ਪੁੱਤਰ ਇਸ ਦੁਨੀਆਂ ਵਿੱਚ ਨਹੀਂ ਰਿਹਾ। ਕਮਲੇ ਨੇ ਪਤਾ ਨਹੀਂ ਲੱਗਣ ਦਿੱਤਾ ਕਦੋਂ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਅਤੇ ਨਸ਼ੇ ਵਿੱਚ ਗ਼ਲਤਾਨ ਰਹਿਣ ਲੱਗਾ।  ਪਤਾ ਉਦੋਂ ਲੱਗਾ ਜਦੋਂ ਪਾਣੀ ਸਿਰ ਤੋਂ ਦੀ ਲੰਘ ਗਿਆ। ਮੈਂ ਦੁਕਾਨਦਾਰੀ ਵਿੱਚ ਰੁੱਝਿਆ ਰਿਹਾ ਤੇ ਉਹ ਨਸ਼ਿਆਂ ਵਿੱਚ। ਇਲਾਜ ਦੀ ਕੋਸ਼ਿਸ਼ ਕੀਤੀ ਪਰ ਪੱਲੇ ਰੋਣਾ ਹੀ ਪਿਆ।  ਬੱਸ ਹੁਣ ਬੈਠੇ ਝੂਰ ਰਹੇ ਹਾਂ।  ਘਰ ਵੱਢ ਵੱਢ ਖਾਂਦੈ ਤੇ ਮਨ ਹੌਲਾ ਕਰਨ ਲਈ ਇੱਥੇ ਆ ਜਾਈਦੈ।’ ਜਦੋਂ ਉਹ ਸਹਿਜ ਅਵਸਥਾ ਵਿੱਚ ਆਇਆ ਤਾਂ ਕਹਿਣ ਲੱਗਾ, ‘ਇਹ ਭਾਈ ਸਾਹਿਬ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਏ ਹਨ। ਇਹ ਇਸ ਲਈ ਰੋ ਰਹੇ ਹਨ ਕਿ ਮੇਰਾ ਪੁੱਤਰ ਮਰਦਾ ਕਿਉਂ ਨਹੀਂ। ਇਨ੍ਹਾਂ ਦਾ ਪੁੱਤਰ ਵੀ ਚਿੱਟੇ ਦਾ ਪੱਟਿਆ ਹੋਇਐ। ਉਹ ਸਵੇਰੇ ਅੱਠ ਵਜੇ ਤਕ ਤਿੰਨ-ਚਾਰ ਸੌ ਦਾ ਨਸ਼ਾ ਛਕ ਜਾਂਦੈ। ਸਾਰੀ ਪੈਨਸ਼ਨ ਉਸ ਦੇ ਹੀ ਢਿੱਡ ਵਿੱਚ ਜਾਂਦੀ ਹੈ। ਕਈ ਵਾਰ ਤਾਂ ਰਾਸ਼ਨ ਜੋਗੇ ਪੈਸੇ ਵੀ ਨਹੀਂ ਬਚਦੇ।’ ਉਹ ਬਜ਼ੁਰਗ ਵਿੱਚੋਂ ਬੋਲਿਆ, ‘ਕੀ ਕਰੀਏ ਕੱਲਾ-ਕਾਰਾ ਹੋਣ ਕਾਰਨ ਸਭ ਕੁਝ ਕਰਨਾ ਪੈਂਦੈ। ਪੈਸੇ ਨਾ ਦਿਉ ਤਾਂ ਸਾਮਾਨ ਵੇਚਣ ਤਕ ਜਾਂਦੈ। ਇੱਜ਼ਤ ਬਚਾਉਣ ਲਈ ਸ਼ਰਮ ਦੇ ਮਾਰਿਆਂ ਨੂੰ ਪੈਸੇ ਦੇਣੇ ਪੈਂਦੇ ਨੇ। ਡਾਕਟਰ ਕੋਲ ਲਿਜਾਣ ਦੀ ਗੱਲ ਕਰੀਏ ਤਾਂ ਸਣੇ ਸਾਡੇ, ਡਾਕਟਰ ਨੂੰ ਗੰਦੀਆਂ ਗਾਲ੍ਹਾਂ ਕੱਢਦੈ। ਕਈ ਵਾਰ ਤਾਂ ਮਰਨ-ਮਾਰਨ ਦੀਆਂ ਧਮਕੀਆਂ ਵੀ ਦੇ ਦਿੰਦੈ। ਨਸ਼ਾ ਛੁਡਾਊ ਕੇਂਦਰ ਵੀ ਕਈ ਲੋੜੀਂਦੀਆਂ ਕਾਰਵਾਈਆਂ ਕਰਵਾਉਂਦੇ ਹਨ। ਇੱਕ ਪ੍ਰਾਈਵੇਟ ਕੇਂਦਰ ਨੇ 80-90 ਹਜ਼ਾਰ ਰੁਪਏ ਦਾ ਖ਼ਰਚਾ ਗਿਣਵਾ ਦਿੱਤਾ, ਪੈਸਾ ਦੇਣ ਦਾ ਵੀ ਮਨ ਬਣਾ ਲਿਆ ਪਰ ਗੱਲ ਕਿਸੇ ਸਿਰੇ ਨਾ ਲੱਗੀ। ਇੱਕ ਕੇਂਦਰ ਵਾਲੇ ਕਹਿਣ ਲੱਗੇ ਅਸੀਂ ਪੁਲੀਸ ਲੈ ਕੇ ਸਵੇਰੇ ਸਵੇਰੇ ਆਵਾਂਗੇ ਤੇ ਜ਼ਬਰਦਸਤੀ ਚੁੱਕ ਕੇ ਲੈ ਜਾਵਾਂਗੇ ਇਸ ਨੇ ਗੱਲੀਂ-ਬਾਤੀਂ ਕੇਂਦਰ ਨਹੀਂ ਜਾਣਾ। ਹੁਣ ਤੂੰ ਦੱਸ ਬਰਖੁਰਦਾਰ ਕਿਹੜੇ ਖੂਹ ਵਿੱਚ ਡੁੱਬ ਕੇ ਮਰੀਏ। ਦੋਵੇਂ ਜੀਅ ਇਹੀ ਅਰਦਾਸ ਕਰਦੇ ਆਂ ਬਈ ਜਾਂ ਰੱਬ ਸਾਨੂੰ ਚੁੱਕ ਲਵੇ ਜਾਂ ਫਿਰ ਉਸ ਤੋਂ ਸਾਡਾ ਖਹਿੜਾ ਛੁੱਟ ਜਾਵੇ।’ ਬਜ਼ੁਰਗਾਂ ਦੀ ਵੇਦਨਾ ਸੁਣ ਕੇ ਦਿਲ ਕੰਬ ਗਿਆ, ਇੱਕ ਇਸ ਲਈ ਰੋ ਰਿਹਾ ਹੈ ਕਿ ਉਸ ਦਾ ਪੁੱਤਰ ਰੱਬ ਨੂੰ ਪਿਆਰਾ ਹੋ ਗਿਆ ਹੈ। ਦੂਜਾ ਇਸ ਲਈ ਰੋ ਰਿਹਾ ਹੈ ਕਿ ਉਸ ਦਾ ਪੁੱਤਰ ਇਸ ਜਹਾਨ ਤੋਂ ਜਾਂਦਾ ਕਿਉਂ ਨਹੀਂ। ਕਿਹੋ ਜਿਹੀ ਅਜੀਬ ਸਥਿਤੀ ਹੈ ਮਾਪਿਆਂ ਦੀ? ਅਜਿਹੀ ਦੁਖਾਂਤਕ ਸਥਿਤੀ ਵਿੱਚ ਸਰਕਾਰ ਕਿਵੇਂ ਕਹਿ ਰਹੀ ਹੈ ਕਿ ਸੂਬੇ ਵਿੱਚ ਨਸ਼ਾ ਸਿਰਫ਼ ਦੋ ਫ਼ੀਸਦੀ ਹੈ। ਅੱਗ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ ਲਗਦੀ ਹੈ ਪਤਾ ਤਾਂ ਉਦੋਂ ਲਗਦਾ ਹੈ ਜਦੋਂ ਇਹ ਆਪਣੇ ਘਰ ਲਗਦੀ ਹੈ।

ਅਮਰਜੀਤ ਬੱਬਰੀ

You must be logged in to post a comment Login