ਕਦੋਂ ਬੂਰ ਪਵੇਗਾ ਮਾਸੂਮ ਬੱਚਿਆਂ ਦੇ ਸੁਪਨਿਆਂ ਨੂੰ?

ਕਦੋਂ ਬੂਰ ਪਵੇਗਾ ਮਾਸੂਮ ਬੱਚਿਆਂ ਦੇ ਸੁਪਨਿਆਂ ਨੂੰ?

ਸਵਰਨ ਸਿੰਘ ਟਹਿਣਾ

ਸਵੇਰੇ ਦਫ਼ਤਰ ਆ ਰਿਹਾ ਸਾਂ। ਰਾਹ ਪੈਂਦੇ ਭਰੇ ਬਜ਼ਾਰ ‘ਚ ਇਕ ਥਾਂ ਵਾਹਵਾ ਲੋਕ ਖੜ੍ਹੇ ਸਨ। ਕੋਈ ਓਧਰ ਨੂੰ ਵੇਖਦਾ-ਵੇਖਦਾ ਅੱਗੇ ਲੰਘ ਰਿਹਾ ਸੀ। ਫੁੱਟਪਾਥ ‘ਤੇ ਦੋ ਪਾਸੀਂ ਪਾਈਪਾਂ ਗੱਡ ਕੇ ਸੱਤ ਕੁ ਫੁੱਟ ਉੱਚੀ ਬੰਨ੍ਹੀ ਰੱਸੀ ‘ਤੇ ਸੱਤ-ਅੱਠ ਸਾਲ ਦੀ ਮਾਸੂਮ ਬੱਚੀ ਤੁਰ ਰਹੀ ਸੀ। ਮੈਲੇ-ਕੁਚੈਲੇ ਕੱਪੜੇ ਤੇ ਖਿੱਲਰੇ ਹੋਏ ਵਾਲ਼। ਨਿੱਕੇ-ਨਿੱਕੇ ਹੱਥਾਂ ‘ਚ ਵੱਡੀ ਸਾਰੀ ਡਾਂਗ ਫੜੀ ਸੀ, ਸ਼ਾਇਦ ਸੰਤੁਲਨ ਬਣਾਉਣ ਲਈ। ਬੱਚੀ ਰੱਸੀ ‘ਤੇ ਕਰਤੱਬ ਪੇਸ਼ ਕਰ ਰਹੀ ਸੀ। ਇੱਕ ਪੈਰ ਵੱਡੀ ਪਲੇਟ ‘ਤੇ ਧਰਿਆ ਸੀ। ਜਦੋਂ ਇੱਕ ਪੈਰ ਅੱਗੇ ਵਧਾਉਂਦੀ ਤਾਂ ਬੜੀ ਹੁਸ਼ਿਆਰੀ ਨਾਲ ਪਲੇਟ ਸਮੇਤ ਦੂਜਾ ਪੈਰ ਮੂਹਰੇ ਲੈ ਜਾਂਦੀ। ਥੋੜ੍ਹਾ ਤੁਰ ਕੇ ਰੱਸੀ ਨੂੰ ਝੂਲਣ ਲਾ ਦਿੰਦੀ। ਦੇਖਣ ਵਾਲੇ ਨੂੰ ਲੱਗਦਾ ਹੁਣ ਡਿੱਗੀ, ਹੁਣ ਡਿੱਗੀ। ਫੇਰ ਅੱਗੇ ਜਾ ਕੇ ਕਦੇ ਖੱਬਾ ਪੈਰ ਉਤਾਂਹ ਕਰ ਲੈਂਦੀ, ਕਦੇ ਸੱਜਾ। ਫੇਰ ਸਭ ਨੂੰ ਸਲੂਟ ਮਾਰਦੀ। ਨਾਲ ਉੱਚੀ ਅਵਾਜ਼ ‘ਚ ਸਪੀਕਰ ਲੱਗਾ ਹੋਇਆ ਸੀ, ‘ਜ਼ਿੰਦਗੀ ਕੀ ਰਾਹੋਂ ਮੇਂ, ਰੰਜੋ ਗ਼ਮ ਕੇ ਮੇਲੇ ਹੈਂ।’ ਬੱਚੀ ਦੀਆਂ ਅੱਖਾਂ ਵਿਚਲਾ ਪਾਣੀ ਉਸ ਦੇ ਕਤਲ ਹੋ ਰਹੇ ਸੁਪਨਿਆਂ ਦੀ ਗਵਾਹੀ ਭਰ ਰਿਹਾ ਸੀ। ਉਹ ਮੈਨੂੰ ਬੇਵੱਸ ਜਹੀ ਜਾਪੀ। ਜਿਸ ਨੂੰ ਖੇਡਣ ਕੁੱਦਣ ਦੀ ਉਮਰੇ ਇਹ ਸਭ ਕਰਨਾ ਪੈ ਰਿਹਾ ਸੀ। ਕੋਈ ਉਸ ਨੂੰ ਦਸ ਰੁਪਏ ਦਿੰਦਾ, ਕੋਈ ਵੀਹ। ਕੋਈ ਮੋਬਾਈਲ ‘ਤੇ ਵੀਡੀਓ ਬਣਾ ਰਿਹਾ ਸੀ। ਪੰਦਰਾਂ ਕੁ ਮਿੰਟ ਮਗਰੋਂ ਬੱਚੀ ਥੱਲੇ ਉਤਰੀ ਤਾਂ ਮੈਂ ਉਸ ਨਾਲ ਗੱਲ ਕਰਨੀ ਚਾਹੀ। ਘਬਰਾਹਟ ‘ਚ ਉਹ ਗੱਲ ਦਾ ਜਵਾਬ ਦਿੰਦੀ, ‘ਹਮਕੋ ਨਹੀਂ ਪਤਾ, ਪਾਪਾ ਕੋ ਪਤਾ ਹੈ…।’  ਮੈਂ ਕਿਹਾ, ‘ਸਕੂਲ ਜਾਤੇ ਹੋ?’
ਬੋਲੀ, ‘ਛੱਤੀਸਗੜ੍ਹ ਹੈ ਸਕੂਲ। ਹਮ ਯਹਾਂ ਕਾਮ ਕੋ ਆਏ ਹੈਂ। ਬਾਕੀ ਪਾਪਾ ਕੋ ਪਤਾ ਹੈ…।’
ਮੈਂ ਸੋਚੀਂ ਪੈ ਗਿਆ ਕਿੰਨੀ ਕਲਾਵਾਨ ਹੈ ਇਹ ਬੱਚੀ। ਚੰਗੇ ਮੌਕੇ ਨਾ ਮਿਲਣ ਕਰਕੇ ਇਨ੍ਹਾਂ ਬੱਚਿਆਂ ਦੀ ਕਲਾ ਸੜਕਾਂ ‘ਤੇ ਪੇਸ਼ਕਾਰੀਆਂ ਕਰਦਿਆਂ ਗਵਾਚ ਜਾਂਦੀ ਹੈ। ਇਹ ਵੀ ਤਾਂ ਭਵਿੱਖ ਦੀ ਵਧੀਆ ਜਿਮਨਾਸਟਿਕ ਖਿਡਾਰਨ ਬਣ ਸਕਦੀ ਹੈ। ਕੀ ਇਹ ਰੀਓ ਉਲੰਪਿਕ ‘ਚ ਨਾਮਣਾ ਖੱਟਣ ਵਾਲੀ ਦੀਪਾ ਕਰਮਕਾਰ ਨਹੀਂ ਬਣ ਸਕਦੀ, ਜਿਸ ਨੇ ਉਲੰਪਿਕ ‘ਚ ਵਧੀਆ ਪ੍ਰਦਰਸ਼ਨ ਕਰਕੇ ਖੇਡ ਰਤਨ ਪੁਰਸਕਾਰ ਹਾਸਲ ਕੀਤਾ। ਲੋਹੜਿਆਂ ਦੀ ਲਚਕ ਹੈ ਇਸ ਦੇ ਨਿੱਕੜੀ ਦੇ ਨੰਨ੍ਹੇ ਸਰੀਰ ਵਿੱਚ। ਧਿਆਨ ਇਕਾਗਰ ਕਰਨ ਦੀ ਕਿੰਨੀ ਸਮਰੱਥਾ ਹੈ ਇਸ ਅੰਦਰ। ਫੇਰ ਸੋਚਿਆ ਇਸ ਬੱਚੀ ਦਾ ਬਚਪਨ ਵੀ ਭਾਰਤ ਥੁੜ੍ਹਾਂ ਮਾਰੇ ਲੱਖਾਂ ਬੱਚਿਆਂ ਵਾਂਗ ਇਵੇਂ ਨਿਕਲ ਜਾਵੇਗਾ ਤੇ ਜ਼ਿੰਦਗੀ ਦੇ ਅਗਲੇ ਪੰਧ ‘ਤੇ ਪਤਾ ਨਹੀਂ ਕਿਹੜੇ ਹਾਲਾਤ ਨਾਲ ਦੋ-ਚਾਰ ਹੋਣਾ ਪਵੇਗਾ। ਇਹ ਵਿਚਾਰੀ ਗ਼ਰੀਬ ਬਾਪ ਦੇ ਘਰ ਜੰਮੀ ਹੈ, ਜਿਸ ਨੂੰ ਸਿਰਫ਼ ਇਹ ਪਤਾ ਹੈ ਕਿ ਇੰਜ ਕਰਨ ਨਾਲ ਚੁੱਲ੍ਹਾ ਬਲ਼ ਸਕਦਾ ਹੈ। ਉਸ ਦੇ ਬਾਪ ਦਿਨੇਸ਼ ਨੇ ਮੈਨੂੰ ਸਾਰੇ ਪਰਵਾਰ ਨਾਲ ਮਿਲਾਇਆ। ਇੱਕ ਪਾਸੇ ਸੰਜਨਾ ਦੀ ਮਾਂ ਬੱਚੇ ਨੂੰ ਕੁੱਛੜ ਚੁੱਕੀ ਬੈਠੀ ਸੀ। ਕੋਲ ਛੇ ਸਾਲਾ ਸੰਜੇ ਫਿਰਦਾ ਸੀ, ਜਿਸ ਦੇ ਮੂੰਹ ‘ਤੇ ਕਾਲੇ ਰੰਗ ਦੀਆਂ ਲਕੀਰਾਂ ਵੱਜੀਆਂ ਹੋਈਆਂ ਸਨ। ਵੱਡੀਆਂ-ਵੱਡੀਆਂ ਮੁੱਛਾਂ ਬਣਾਈਆਂ ਸਨ। ਦੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਇਹ ਬੱਚਾ ਵੀ ਲੋਕਾਂ ਮੂਹਰੇ ਪੇਸ਼ਕਾਰੀਆਂ ਕਰਦਾ ਹੋਵੇਗਾ। ਦਿਨੇਸ਼ ਨੇ ਦੱਸਿਆ, ‘ਰੱਸੀ ‘ਤੇ ਤੁਰਨ ਵਾਲੀ ਗੁੜੀਆ ਦਾ ਨਾਂ ਸੰਜਨਾ ਹੈ। ਛੱਤੀਸਗੜ੍ਹ ਪੜ੍ਹਦੀ ਹੈ ਇਹ। ਮੁੰਡੇ ਦਾ ਨਾਂਅ ਸੰਜੇ ਹੈ, ਇਹ ਵੀ ਸੰਜਨਾ ਨਾਲ ਰੱਸੀ ‘ਤੇ ਤੁਰਦਾ ਹੈ। ਕੁੱਛੜ ਵਾਲਾ ਇੱਕ ਬੱਚਾ ਸਾਲ ਦਾ ਹੈ, ਤਿਹਾਰਨ ਹੈ ਉਸ ਦਾ ਨਾਂਅ। ਇੱਕ ਬਾਰਾਂ ਸਾਲ ਦਾ ਮੁੰਡਾ ਪਹਾੜੂ ਹੈ, ਉਹ ਛੱਤੀਸਗੜ੍ਹ ਹੀ ਹੈ, ਸਾਡੇ ਨਾਲ ਨਹੀਂ ਆਇਆ। ਇਨ੍ਹਾਂ ਦੀ ਮਾਂ ਦਾ ਨਾਂਅ ਗੰਗਾ ਹੈ। ਅਸੀਂ ਚਾਰ ਮਹੀਨੇ ਪੰਜਾਬ ਦੇ ਮੇਲਿਆਂ ਵਿੱਚ ਘੁੰਮ ਕੇ ਰੋਜ਼ੀ ਕਮਾਉਂਦੇ ਹਾਂ। ਰੱਸੀਆਂ ‘ਤੇ ਤੁਰਨਾ ਤੇ ਕਲਾਬਾਜ਼ੀਆਂ ਦਿਖਾਉਣਾ ਸਾਡਾ ਖ਼ਾਨਦਾਨੀ ਪੇਸ਼ਾ ਹੈ। ਮੈਂ ਵੀ ਨਿੱਕਾ ਹੁੰਦਾ ਇਸ ਤਰ੍ਹਾਂ ਦੇ ਕਰਤੱਬ ਕਰਦਾ ਰਿਹਾ ਹਾਂ। ਰੋਟੀ ਲਈ ਇਨਸਾਨ ਨੂੰ ਬਹੁਤ ਕੁਝ ਕਰਨਾ ਪੈਂਦੈ। ਛੱਤੀਸਗੜ੍ਹ ਦੇ ਬਿਲਾਸਪੁਰ ਇਲਾਕੇ ਵਿੱਚ ਰਹਿੰਦੇ ਹਾਂ, ਪਰ ਉਥੇ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ। ਸਾਡੇ ਪਿੰਡ ‘ਚੋਂ ਬਹੁਤ ਸਾਰੇ ਲੋਕ ਇਸ ਪੇਸ਼ੇ ਨਾਲ ਜੁੜੇ ਹਨ। ਢਿੱਡ ਦੀ ਅੱਗ ਬੁਝਾਉਣ ਲਈ ਕਦੇ ਖੁਦ ਕਰਦੇ ਹਾਂ ਤੇ ਕਦੇ ਨਿਆਣੇ। ਨਾਲ ਦੇ ਪਿੰਡ ਧੰਨੋਵਾਲੀ ‘ਚ ਅਸੀਂ ਝੁੱਗੀ ਬਣਾ ਕੇ ਰਹਿੰਦੇ ਹਾਂ। ਸਾਨੂੰ ਨਹੀਂ ਪਤਾ ਇਹ ਬੱਚੀ ਵੱਡੀ ਹੋ ਕੇ ਕੀ ਬਣ ਸਕਦੀ ਹੈ। ਸਾਡਾ ਕਿਸੇ ਸਰਕਾਰ ਨਾਲ ਕੋਈ ਸਬੰਧ ਹੈ। ਕੋਈ ਆਵੇ-ਜਾਵੇ, ਸਾਡੀ ਕਿਸਮਤ ‘ਚ ਤਾਂ ਇਹ ਕਲਾਬਾਜ਼ੀਆਂ ਹੀ ਲਿਖੀਆਂ ਹਨ।’
ਉਸ ਦੀਆਂ ਗੱਲਾਂ ਸੁਣ ਕੇ ਮੈਂ ਬੇਹੱਦ ਭਾਵੁਕ ਹੋਇਆ। ਕਿੰਨੀ ਵੱਡੀ ਤ੍ਰਾਸਦੀ ਹੈ ਕਿ ਗ਼ਲਤ ਨੀਤੀਆਂ ਕਾਰਨ ਬਚਪਨ ਖੋਹਿਆ ਜਾ ਰਿਹਾ ਹੈ। ਹੁਨਰ ਅਜਾਈਂ ਜਾ ਰਿਹਾ ਹੈ। ਗ਼ਰੀਬ ਘਰ ਵਿੱਚ ਪੈਦਾ ਹੋਣਾ ਕਿੰਨਾ ਵੱਡਾ ਸਰਾਪ ਬਣ ਚੁੱਕੈ। ਚੰਗੇ ਭਵਿੱਖ ਦੇ ਸੁਪਨੇ ਕਿਵੇਂ ਤਿੜਕ ਰਹੇ ਹਨ। ਕੀ ਕੋਈ ਸਿੱਖਿਆ ਸੰਸਥਾ, ਖੇਡ ਕਲੱਬ, ਸਮਾਜ ਸੇਵੀ ਜਥੇਬੰਦੀ ਜਾਂ ਸਿਆਸੀ ਪਾਰਟੀ ਏਨੀ ਮੱਦਦ ਨਹੀਂ ਕਰ ਸਕਦੀ ਕਿ ਚੰਗੇ ਸਕੂਲ ਵਿੱਚ ਭਰਤੀ ਕਰਾ ਕੇ ਇਨ੍ਹਾਂ ਦੀ ਕਲਾ ਅੱਗੇ ਵਧਾਈ ਜਾਵੇ। ਇਨ੍ਹਾਂ ਨੂੰ ਹੋਰ ਟ੍ਰੇਨਿੰਗ ਦਿਵਾਈ ਜਾਵੇ। ਛੋਟੇ-ਵੱਡੇ ਮੁਕਾਬਲਿਆਂ ਵਿੱਚ ਭੇਜ ਕੇ ਬੱਚੇ ਦੇ ਹੁਨਰ ਨੂੰ ਅੱਗੇ ਲਿਆਂਦਾ ਜਾਵੇ। ਸੰਜਨਾ ਇਕੱਲੀ ਬੱਚੀ ਨਹੀਂ, ਜਿਸ ਦਾ ਬਚਪਨ ਤੇ ਕਲਾ ਰੁਲ਼ ਰਹੀ ਹੈ, ਪਤਾ ਨਹੀਂ ਉਸ ਵਰਗੀਆਂ ਕਿੰਨੀਆਂ ਬੱਚੀਆਂ-ਬੱਚੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਭੀੜ ਭਰੇ ਬਜ਼ਾਰਾਂ ਵਿੱਚ ਇੰਜ ਰੁਲ ਰਹੇ ਹਨ। ਚੱਲਦੀ ਰੇਲ ਵਿੱਚ ਗੀਤ ਗਾਉਂਦੇ ਬੱਚਿਆਂ ਨੂੰ ਦੇਖ ਉਨ੍ਹਾਂ ਦੀ ਅਵਾਜ਼ ‘ਤੇ ਰਸ਼ਕ ਹੁੰਦਾ ਹੈ। ਦੋ-ਤਿੰਨ ਗਾਣੇ ਸੁਣਾ ਉਹ ਸਭ ਵੱਲ ਹੱਥ ਵਧਾਉਂਦੇ ਹਨ ਤਾਂ ਅੰਦਰਾ ਪਸੀਜ ਜਾਂਦੈ ਕਿ ਜਿਹੜੇ ਹੱਥਾਂ ਵਿੱਚ ਦੇਸ਼ ਦਾ ਭਵਿੱਖ ਹੋਣਾ ਚਾਹੀਦੈ, ਉਹ ਹੱਥ ਦੋ ਵਕਤ ਦੀ ਰੋਟੀ ਲਈ ਲੋਕਾਂ ਅੱਗੇ ਵਧ ਰਹੇ ਹਨ। ਇੱਕ ਵਾਰ ਅੰਮ੍ਰਿਤਸਰ ਤੋਂ ਜਲੰਧਰ ਦੇ ਸਫ਼ਰ ਦੌਰਾਨ ਹੱਥ ‘ਚ ਪੈੱਨ, ਰਬੜਾਂ, ਕੰਘਿਆਂ ਦਾ ਝੋਲ਼ਾ ਭਰੀ ਅੱਠ-ਨੌਂ ਦਾ ਸਾਲ ਦਾ ਬੱਚਾ ਬੱਸ ‘ਚ ਚੜ੍ਹਿਆ। ਚੀਜ਼ਾਂ ਦਿਖਾਉਣ ਦੇ ਨਾਲ-ਨਾਲ ਉਹ ਅਵਾਜ਼ ਦੇ ਰਿਹਾ ਸੀ, ‘ਦਸ ਰੁਪਏ ਦੇ ਪੰਜ ਪੈੱਨ, ਚਲਾ ਕੇ ਦੇਖੋ, ਦੇਖਣ ਦਾ ਕੋਈ ਮੁੱਲ ਨਹੀਂ…।’ ਕੋਈ ਉਸ ਦਾ ਸਮਾਨ ਖ਼ਰੀਦ ਨਹੀਂ ਰਿਹਾ ਸੀ। ਹੋਰ ਕੋਈ ਸਿਰ ਹਿਲਾ ਕੇ ਮੂੰਹ ਪਰ੍ਹੇ ਕਰ ਲੈਂਦਾ। ਉਹ ਮੇਰੇ ਕੋਲ ਆਇਆ ਤੇ ਪੈੱਨ ਲੈਣ ਲਈ ਕਹਿਣ ਲੱਗਾ ਕਿਹਾ। ਮੈਨੂੰ ਪੈੱਨਾਂ ਦੀ ਲੋੜ ਨਹੀਂ ਸੀ। ਮੈਂ ਕਿਹਾ, ‘ਮੈਨੂੰ ਨਹੀਂ ਚਾਹੀਦੇ, ਪਰ ਆਹ ਦਸ ਰੁਪਏ ਲੈ ਲੈ, ਸਿਰਫ਼ ਇੱਕ ਪੈੱਨ ਦੇ ਦੇ ਮੈਨੂੰ।’
ਬੱਚਾ ਗੈਰਤਮੰਦ ਸੀ। ਬੋਲਿਆ, ‘ਮੈਂ ਪੂਰੇ ਪੈਸੇ ਕੀ ਪੂਰੀ ਚੀਜ਼ ਦੇਤਾ ਹੂੰ। ਲੇਨੇ ਹੈ ਤੋ ਲੋ। ਯੇ ਕਾਮ ਮੈਂ ਅਪਨੀ ਸਕੂਲ ਫ਼ੀਸ ਕੇ ਲੀਏ ਕਰਤਾ ਹੂੰ।’
ਮੈਂ ਝੰਜੋੜਿਆ ਗਿਆ। ਆਪਣੀ ਪੜ੍ਹਾਈ ਚਾਲੂ ਰੱਖਣ ਲਈ ਕਿੰਨਾ ਸੰਘਰਸ਼ ਕਰ ਰਿਹਾ ਹੈ ਉਹ। ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਕਿੰਨਾ ਨੇੜਿਓਂ ਸਮਝ ਰਿਹਾ ਹੈ। ਕਿੰਨੇ ਅਸਰਦਾਰ ਨੇ ਉਸ ਦੇ ਬੋਲ। ਸੰਘਰਸ਼ ਦੇ ਨੱਕੇ ‘ਚੋਂ ਲੰਘ ਰਿਹਾ ਉਸ ਦਾ ਬਚਪਨ ਉਸ ਨੂੰ ਜ਼ੁਅੱਰਤ ਨਾਲ ਵਿਚਰਨ ਦੀ ਜਾਚ ਸਿਖਾ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਤੋਂ ਫਗਵਾੜਾ ਰੋਡ ‘ਤੇ ਫੁੱਟਪਾਥ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਵੱਡੇ-ਛੋਟੇ ਸਾਰੇ ਰੰਗ ਕਰਨ ਲੱਗੇ ਹੋਏ ਸਨ। ਰੰਗ-ਬਰੰਗੀਆਂ ਮੂਰਤੀਆਂ ਦੇਖ ਮੈਂ ਮੋਟਰਸਾਈਕਲ ਰੋਕਿਆ ਤੇ ਟਿਕਟਿਕੀ ਲਾ ਕੇ ਦੇਖਣ ਲੱਗਾ। ਤਿੰਨ ਨਿੱਕੇ-ਨਿੱਕੇ ਬੱਚੇ ਗਣੇਸ਼ ਦੀ ਮੂਰਤੀ ਨੂੰ ਸੰਵਾਰ ਰਹੇ ਸਨ। ਬੜੇ ਸਲੀਕੇ ਨਾਲ ਉਹ ਆਪਣਾ ਕੰਮ ਕਰ ਰਹੇ ਸਨ। ਏਨੇ ਇਕਾਗਰ ਕਿ ਕਿਸੇ ਵੱਲ ਧਿਆਨ ਨਹੀਂ। ਥੋੜ੍ਹੀ ਦੂਰ ਵੱਡੀਆਂ ਮੂਰਤੀਆਂ ਨੂੰ ਉਨ੍ਹਾਂ ਦੇ ਮਾਪੇ ਰੰਗ ਕਰ ਰਹੇ ਸਨ। ਵਾਹਵਾ ਚਿਰ ਦੇਖ ਮੈਂ ਸੋਚੀਂ ਪੈ ਗਿਆ ਕਿ ਅਸਲ ਭਗਵਾਨ ਤਾਂ ਇਹ ਬੱਚੇ ਹਨ, ਜਿਹੜੇ ਪੱਥਰ ਦੇ ‘ਭਗਵਾਨ’ ਨੂੰ ਮੰਦਰ ‘ਚ ਜਾਣ ਕਾਬਲ ਬਣਾ ਰਹੇ ਹਨ। ਇਨ੍ਹਾਂ ਬੱਚਿਆਂ ਵਿੱਚ ਕਿੰਨਾ ਹੁਨਰ ਹੈ। ਕਿੰਨੀ ਸਫ਼ਾਈ ਨਾਲ ਰੰਗ ਕਰ ਰਹੇ ਹਨ। ਇਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਕਰਨ ਦੇ ਸਮਰੱਥ ਹਨ, ਕਿਉਂਕਿ ਰੋਟੀ ਲਈ ਸਾਰਾ ਟੱਬਰ ਇਹ ਕੰਮ ਕਰ ਰਿਹਾ ਹੈ। ਪਰ ਜਿਹੜੇ ‘ਭਗਵਾਨ’ ਨੂੰ ਸਾਰਾ ਦਿਨ ਮਿਹਨਤ ਕਰਕੇ ਇਹ ਨਵੀਂ ਪਛਾਣ ਦਿੰਦੇ ਹਨ, ਉਹ ‘ਭਗਵਾਨ’ ਇਨ੍ਹਾਂ ਦੀ ਬਾਂਹ ਕਿਉਂ ਨਹੀਂ ਫੜ ਰਿਹਾ? ਕੀ ‘ਭਗਵਾਨ’ ਇਨ੍ਹਾਂ ਬੱਚਿਆਂ ਤੋਂ ਖੁਸ਼ ਨਹੀਂ? ਕੀ ‘ਭਗਵਾਨ’ ਨੂੰ ਏਨੇ ਮਿਹਨਤੀ ਬੱਚਿਆਂ ਦੀ ਕਦਰ ਨਹੀਂ?  ਉਹ ਤੇ ਉਹੋ ਜਹੇ ਹੋਰ ਬੱਚੇ ਸਾਡੇ ਸਮਾਜ ਦਾ ਅੰਗ ਹਨ। ਗੰਦਗੀ ਦੇ ਢੇਰਾਂ ‘ਚੋਂ ਭਵਿੱਖ ਭਾਲ਼ਦੇ ਬੱਚੇ ਵੀ ਸਾਡੇ ਦੇਸ਼ ਦਾ ਹਿੱਸਾ ਹਨ। ਇਹ ਬੱਚੇ ਬਹੁਤ ਕੁਝ ਕਰਨ ਦੇ ਸਮਰੱਥ ਹਨ, ਬਸ਼ਰਤੇ ਮੌਕਾ ਮਿਲੇ। ਢਾਬਿਆਂ ‘ਤੇ ਭਾਂਡੇ ਮਾਂਜਦੇ ਬੱਚਿਆਂ ਦੇ ਵੀ ਸੁਪਨੇ ਹਨ। ਜੇ ਉਨ੍ਹਾਂ ਦੀ ਉਂਗਲ ਫੜਨ ਵਾਲਾ ਕੋਈ ਹੋਵੇ ਤਾਂ ਕੀ ਪਤਾ ਉਹ ਕਿਸੇ ਖੇਤਰ ਵਿੱਚ ਵੱਡਾ ਮਾਅਰਕਾ ਮਾਰ ਲੈਣ। ਫੈਕਟਰੀਆਂ ਵਿੱਚ ਕੰਮ ਕਰਦੇ ਬੱਚੇ ਵੀ ਦੇਸ਼ ਦਾ ਸਿਰ ਉੱਚਾ ਕਰ ਸਕਦੇ ਹਨ, ਜੇ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਕੋਈ ਹੋਵੇ। ਅਸੀਂ ਸਾਰੇ ਬਾਲ ਮਜ਼ਦੂਰੀ ਰੋਕਣ ਦੀ ਗੱਲ ਤਾਂ ਕਰਦੇ ਹਾਂ, ਪਰ ਬਾਲਾਂ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੇ ਪਰਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਕਿਸੇ ਦਾ ਖਿਆਲ ਨਹੀਂ। ਵਕਤ ਦੇ ਥਪੇੜੇ ਇਨ੍ਹਾਂ ਬੱਚਿਆਂ ਨੂੰ ਉਮਰ ਤੋਂ ਕਿਤੇ ਵੱਧ ਸਿਆਣੇ ਕਰ ਦਿੰਦੇ ਹਨ। ਉਨ੍ਹਾਂ ਨੂੰ ਸਾਰੀ ਦੁਨੀਆ ਝੂਠੀ ਲੱਗਦੀ ਹੈ। ਸਭ ਵਾਅਦੇ, ਸਭ ਸਫ਼ੈਦਪੋਸ਼ ਲੋਕ ਦੁਸ਼ਮਣ ਜਾਪਦੇ ਹਨ। ਪਤਾ ਨਹੀਂ ਉਹ ਦਿਨ ਕਦੋਂ ਆਵੇਗਾ, ਜਦੋਂ ਸੰਜਨਾ ਵਰਗੇ ਬੱਚਿਆਂ ਨੂੰ ਰੋਟੀ ਲਈ ਰੱਸੀ ‘ਤੇ ਨਹੀਂ ਤੁਰਨਾ ਪਵੇਗਾ? ਪਤਾ ਨਹੀਂ ਕਦੋਂ ਚੱਲਦੀਆਂ ਬੱਸਾਂ, ਰੇਲਾਂ ‘ਚ ਚੜ੍ਹਦੇ ਉੱਤਰਦੇ ਬੱਚਿਆਂ ਦੇ ਸੁਪਨਿਆਂ ਨੂੰ ਬੂਰ ਲੱਗੇਗਾ?  ਪਤਾ ਨਹੀਂ ਕਦੋਂ ‘ਅੱਜ ਦੇ ਬੱਚੇ ਕੱਲ੍ਹ ਦੇ ਨੇਤਾ’ ਦਾ ਅਰਥ ਸਹੀ ਰੂਪ ਵਿੱਚ ਨਿਕਲੇਗਾ?

ਸਵਰਨ ਸਿੰਘ ਟਹਿਣਾ

You must be logged in to post a comment Login