ਕਿਸਾਨਾਂ ਵੱਲੋਂ ਏਸ਼ੀਆ ਪੈਸੇਫਿਕ ਕਰ ਮੁਕਤ ਸਮਝੌਤੇ ਵਿਰੁੱਧ ਮੁਜ਼ਾਹਰਾ

ਕਿਸਾਨਾਂ ਵੱਲੋਂ ਏਸ਼ੀਆ ਪੈਸੇਫਿਕ ਕਰ ਮੁਕਤ ਸਮਝੌਤੇ ਵਿਰੁੱਧ ਮੁਜ਼ਾਹਰਾ

ਅਜਨਾਲਾ : ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੇ ਏਸ਼ੀਆ ਪੈਸੇਫਿਕ ਕਰ ਮੁਕਤ ਸਮਝੌਤੇ ਦਾ ਦੇਸ਼ ਅੰਦਰ ਲਾਗੂ ਹੋਣ ਤੋਂ ਪਹਿਲਾਂ ਉਸ ਦਾ ਵਿਰੋਧ ਕਰਦਿਆਂ ਸੜਕੀ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਮਝੌਤਾ ਲਾਗੂ ਹੋਇਆ ਤਾਂ ਪਹਿਲਾਂ ਹੀ ਦੇਸ਼ ਦੀ ਕਿਸਾਨੀ, ਜੋ ਹਾਸ਼ੀਏ ’ਤੇ ਜਾ ਚੁੱਕੀ ਹੈ, ਪੂਰੀ ਤਰ੍ਹਾਂ ਢਹਿ ਢੇਰੀ ਹੋ ਜਾਵੇਗੀ। ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਦਤਾਰ ਸਿੰਘ ਤੇ ਸੂਬਾ ਕਮੇਟੀ ਮੈਂਬਰ ਧਨਵੰਤ ਸਿੰਘ ਖਤਰਾਏ ਕਲਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਉਪਰੋਕਤ ਸਮਝੌਤੇ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਯੂਨੀਅਨ ਪਿੰਡ-ਪਿੰਡ ਕਮੇਟੀ ਗਠਨ ਕਰਕੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਮਝੌਤਾ ਹੋਂਦ ਵਿਚ ਆ ਜਾਂਦਾ ਹੈ ਤਾਂ ਫਿਰ ਦੂਜੇ ਦੇਸ਼ਾਂ ਤੋਂ ਬਿਨਾਂ ਟੈਕਸ ਵਸਤੂਆਂ ਜੋ ਇਥੇ ਕਿਸਾਨ ਬੀਜਦਾ ਹੈ, ਉਹ ਦੇਸ਼ ਵਿਚ ਸਸਤੇ ਰੇਟਾਂ ’ਤੇ ਵਿਕਣਗੀਆਂ, ਜਿਸ ਨਾਲ ਦੇਸ਼ ਦੀ ਕਿਸਾਨੀ ਜੋ ਪਹਿਲਾਂ ਹੀ ਆਰਥਿਕ ਸੰਕਟ ਵਿਚ ਹੈ, ਤਬਾਹ ਹੋ ਜਾਵੇਗੀ। ਘਾਟੇ ਵਿਚ ਚਲ ਰਹੇ ਸਨਅਤੀ ਘਰਾਣਿਆਂ ਦੇ ਕਾਰਖਾਨਿਆਂ ਨੂੰ ਬਚਾਉਣ ਲਈ ਸਰਕਾਰ ਨੇ ਹੁਣੇ ਜਿਹੇ ਉਨ੍ਹਾਂ ਨੂੰ 1 ਲੱਖ 79 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੀਆਂ ਸਨਅਤਾਂ ਬਚ ਜਾਣ। ਉਪਰੋਕਤ ਕਿਸਾਨ ਆਗੂਆਂ ਦਤਾਰ ਸਿੰਘ ਅਤੇ ਖਤਰਾਏ ਕਲਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਕਿਸਾਨੀ ਦੇ ਹਿੱਤਾਂ ਦੀ ਰਾਖੀ ਲਈ ਉਪਰੋਕਤ ਸਮਝੌਤੇ ’ਤੇ ਦਸਤਖ਼ਤ ਨਾ ਕਰਨ। ਇਸ ਮੌਕੇ ਸੁਖਰਾਜ ਸਿੰਘ ਛੀਨਾ, ਵਿਜੇ ਧਾਰੀਵਾਲ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਕੁਲਜਿੰਦਰ ਸਿੰਘ ਜਗਦੇਵ ਕਲਾਂ, ਅਵਤਾਰ ਸਿੰਘ , ਸੁੱਚਾ ਸਿੰਘ ਆਦਿ ਹਾਜ਼ਰ ਸਨ।

You must be logged in to post a comment Login