ਕੀ ਦੇਸ਼ ਇਕ ਪਾਰਟੀ ਡੈਮੋਕਰੇਸੀ ਵਲ ਵੱਧ ਰਿਹਾ ਹੈ? ਅਕਤੂਬਰ ਦੀਆਂ ਚੋਣਾਂ ਸਪੱਸ਼ਟ ਕਰ ਦੇਣਗੀਆਂ

ਕੀ ਦੇਸ਼ ਇਕ ਪਾਰਟੀ ਡੈਮੋਕਰੇਸੀ ਵਲ ਵੱਧ ਰਿਹਾ ਹੈ? ਅਕਤੂਬਰ ਦੀਆਂ ਚੋਣਾਂ ਸਪੱਸ਼ਟ ਕਰ ਦੇਣਗੀਆਂ

ਹਰਿਆਣਾ, ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਦੇਸ਼ ਭਰ ਦੇ ਵੱਖੋ-ਵੱਖ ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ। ਭਾਵੇਂ ਅਜੇ ਇਕ ਦੇਸ਼, ਇਕ ਪਾਰਟੀ ਐਲਾਨੀ ਨਹੀਂ ਗਈ, ਇਨ੍ਹਾਂ ਚੋਣਾਂ ਦੇ ਨਤੀਜੇ ਇਹ ਜ਼ਰੂਰ ਸਿੱਧ ਕਰ ਦੇਣਗੇ ਕਿ ਸਾਰੇ ਦੇਸ਼ ਵਿਚ ਇਕ ਪਾਰਟੀ ਹੀ ਰਹਿ ਗਈ ਹੈ ਅਤੇ ਇਹ ਕੰਮ ਸਰਕਾਰ ਨੂੰ ਕਿਸੇ ਆਰਡੀਨੈਂਸ ਰਾਹੀਂ ਨਹੀਂ ਕਰਵਾਉਣਾ ਪਵੇਗਾ। ਇਹ ਜਨਤਾ ਦੀ ਵੋਟ ਦਾ ਸੁਨੇਹਾ ਹੋਵੇਗਾ। ਹਰਿਆਣਾ ਵਿਚ ਕੁਮਾਰੀ ਸ਼ੈਲਜਾ ਨੂੰ ਕਮਾਨ ਫੜਾਈ ਗਈ ਹੈ ਅਤੇ ਆਖਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਅੰਦਰ ਹੀ ਪਾਰਟੀ ਵਰਕਰਾਂ ‘ਚ ਜੋਸ਼ ਦਿਸ ਰਿਹਾ ਹੈ। ਪਰ ਅਸਲੀਅਤ ਤਾਂ ਇਹ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਲਈ ਅਪਣੀ ਸੀਟ ਜਿੱਤਣੀ ਵੀ ਮੁਸ਼ਕਲ ਲਗਦੀ ਹੈ। ਚੌਟਾਲਾ ਪ੍ਰਵਾਰ ਵਾਲੇ ਆਪਸੀ ਲੜਾਈ ਵਿਚ ਰੁੱਝੇ ਹੋਏ ਹਨ ਜਿੱਥੇ ਦੋ ਭਰਾਵਾਂ ਨੇ ਅਪਣੀ ਚੜ੍ਹਤ ਅਤੇ ਚੌਧਰ ਕਾਇਮ ਕਰਨ ਦੀ ਠਾਣ ਲਈ ਹੈ, ਭਾਵੇਂ ਇਹ ਉਨ੍ਹਾਂ ਦੀ ਪਾਰਟੀ ਦੀ ਤਬਾਹੀ ਯਕੀਨੀ ਹੀ ਕਿਉਂ ਨਾ ਬਣਾ ਦੇਵੇ। ਇਹ ਅਪਣੇ ਬਾਪ-ਦਾਦਾ ਵਲੋਂ ਕੀਤੀ ਮਿਹਨਤ ਦੀ ਕੀਮਤ ਨਹੀਂ ਸਮਝਦੇ, ਨਾਲੇ ਇਨ੍ਹਾਂ ਨੂੰ ਸਿਰਫ਼ ਦੌਲਤ ਅਤੇ ਤਾਕਤ ਦੀ ਭੁੱਖ ਹੈ, ਨਾ ਕਿ ਅਸਲ ਸਿਆਸਤ ਕਰ ਕੇ ਵਿਕਾਸ ਲਿਆਉਣ ਦੀ। ਸੋ ਇਹੋ ਜਿਹੇ ਸਿਆਸਤਦਾਨ ਜੇ ਸਿਆਸੀ ਦੰਗਲ ਵਿਚ ਤਬਾਹ ਹੋ ਵੀ ਜਾਂਦੇ ਹਨ ਤਾਂ ਲੋਕਤੰਤਰ ਨੂੰ ਕੋਈ ਖ਼ਤਰਾ ਨਹੀਂ ਪੈਦਾ ਹੋਣ ਵਾਲਾ।ਮਹਾਰਾਸ਼ਟਰ ਵਿਚ ਵੀ ਹਾਲਤ ਇਸੇ ਤਰ੍ਹਾਂ ਦੀ ਹੀ ਹੈ। ਕਾਂਗਰਸ ਅਤੇ ਐਨ.ਸੀ.ਪੀ. ਦਾ ਗਠਜੋੜ ਹੈ ਪਰ ਜਿਸ ਤਰ੍ਹਾਂ ਉਰਮਿਲਾ ਮਾਤੋਂਡਕਰ ਨੇ ਕੁੱਝ ਮਹੀਨਿਆਂ ਵਿਚ ਹੀ ਕਾਂਗਰਸ ਦੇ ਅੰਦਰ ਦੀਆਂ ਕਮਜ਼ੋਰੀਆਂ ਤੋਂ ਦੁਖੀ ਹੋ ਕੇ ਸਿਆਸਤ ਹੀ ਛੱਡ ਦਿਤੀ ਹੈ, ਜਾਪਦਾ ਨਹੀਂ ਕਿ 21 ਅਕਤੂਬਰ ਨੂੰ ਫਿਰ ਕਮਲ ਦੀ ਸਵਾਰੀ, ਇਕ ਸੁਨਾਮੀ ਵਾਂਗ ਨਹੀਂ ਨਿਕਲੇਗੀ। ਕਾਂਗਰਸ ਕੋਲ ਤਿੰਨ ਮਹੀਨੇ ਸਨ ਤੇ ਉਹ ਇਨ੍ਹਾਂ ਮਹੀਨਿਆਂ ਵਿਚ ਪਾਰਟੀ ਦੀਆਂ ਕਮਜ਼ੋਰੀਆਂ ਵਾਸਤੇ ਕੁਝ ਕਦਮ ਚੁੱਕ ਕੇ ਅਪਣੀ ਸਿਆਸਤ ਪ੍ਰਤੀ ਸੰਜੀਦਗੀ ਵਿਖਾਉਂਦੀ। ਪਰ ਉਨ੍ਹਾਂ ਇਕ ਵਾਰੀ ਫਿਰ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥ ਫੜਾ ਕੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਕੋਲ ਗਾਂਧੀ ਪ੍ਰਵਾਰ ਦੇ ਸਹਾਰੇ ਤੋਂ ਬਗ਼ੈਰ ਦੋ ਕਦਮ ਚਲ ਕੇ ਵੀ ਤਜਰਬਾ ਕਰਨ ਦੀ ਸਮਰੱਥਾ ਨਹੀਂ।ਸੋਨੀਆ ਗਾਂਧੀ, ਅਪਣੀ ਬਿਮਾਰੀ ਤੋਂ ਠੀਕ ਹੁੰਦਿਆਂ ਹੀ ਹੁਣ ਕਾਂਗਰਸ ਨੂੰ ਸੁਧਾਰ ਕੇ ਫਿਰ ਤੋਂ ਅਪਣੇ ਪੁੱਤਰ ਲਈ ਆਰਾਮਦਾਇਕ ਥਾਂ ਬਣਾਉਣਾ ਚਾਹੁੰਦੀ ਹੈ। ਪਰ ਇਹ ਇਕ ਮੌਕਾ ਸੀ ਜਦ ਰਾਹੁਲ ਸਿਆਸਤ ਵਿਚ ਅਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਅਤੇ ਜ਼ਿਮਨੀ ਚੋਣਾਂ ਵਿਚ ਮੌਜੂਦ ਰਹਿੰਦੇ। ਪਰ ਸਿਰਫ਼ ਰਾਹੁਲ ਗਾਂਧੀ ਹੀ ਨਹੀਂ, ਸਾਰੀ ਕਾਂਗਰਸ ਅਪਣੀ ਪੁਰਾਣੀ ਸ਼ਾਨ ਦੇ ਆਸਰੇ ਹੀ ਜੀ ਰਹੀ ਹੈ। ਉਹ ਸੋਚਦੇ ਹਨ ਕਿ ਲੋਕ ਕਦੇ ਨਾ ਕਦੇ ਤਾਂ ਪਹਿਲਾਂ ਵਾਂਗ ਵਾਪਸ ਪਰਤਣਗੇ ਹੀ।ਜਦੋਂ ਦੇਸ਼ ਦਾ ਝੁਕਾਅ ਕਮਲ ਵਾਲੇ ਪਾਸੇ ਹੋ ਗਿਆ ਹੈ, ਕੀ ਪੰਜਾਬ ਦੀਆਂ ਚਾਰ ਸੀਟਾਂ ਉਤੇ ਕਾਂਗਰਸ ਜਿੱਤ ਹਾਸਲ ਕਰ ਸਕੇਗੀ? ਵੈਸੇ ਤਾਂ ਜ਼ਿਮਨੀ ਚੋਣਾਂ ਵਿਚ ਸੂਬਾ ਸਰਕਾਰ ਨੂੰ ਹਰਾਉਣਾ ਮੁਸ਼ਕਲ ਹੁੰਦਾ ਹੈ, ਇਹ ਸੀਟਾਂ ਸਾਰੀਆਂ ਹੀ ਪਾਰਟੀਆਂ ਵਾਸਤੇ ਜਿਤਣੀਆਂ ਆਸਾਨ ਨਹੀਂ ਹਨ। ਕਾਂਗਰਸ ਤੋਂ ਲੋਕਾਂ ਦੀ ਨਿਰਾਸ਼ਾ ਏਨੀ ਵੱਧ ਗਈ ਹੈ ਕਿ ਮੁੱਖ ਮੰਤਰੀ ਨੂੰ ਲੁਧਿਆਣਾ ਵਿਚ ਅਪਣੇ ਵਿਰੁਧ ਰੋਸ ਪਹਿਲੀ ਵਾਰੀ ਵੇਖਣਾ ਪਿਆ।
ਇਹ ਉਹ ਕੈਪਟਨ ਅਮਰਿੰਦਰ ਸਿੰਘ ਹਨ ਜਿਨ੍ਹਾਂ ਨੂੰ ਵੇਖਣ ਵਾਸਤੇ ਲੋਕ ਖਿੜਕੀਆਂ ਨਾਲ ਲਟਕ ਕੇ ਦੀਦਾਰ ਕਰਨਾ ਲੋਚਦੇ ਸਨ। ਪਰ ਢਾਈ ਸਾਲਾਂ ਵਿਚ ਲੋਕਾਂ ਅੰਦਰ ਨਿਰਾਸ਼ਾ ਵੱਧ ਗਈ ਹੈ। ਸੋ ਭਾਵੇਂ ਪੰਜਾਬ ਦੇਸ਼ ਤੋਂ ਉਲਟਾ ਚਲਦਾ ਹੈ, ਇਸ ਵਾਰ ਇਹ ਉਲਟੀ ਚਾਲ ਰਵਾਇਤੀ ਜ਼ਿਮਨੀ ਚੋਣ ਦੇ ਫ਼ੈਸਲੇ ਤੇ ਹੋ ਸਕਦੀ ਹੈ। ਭਾਵੇਂ ਭਾਜਪਾ ਅਪਣੀ ਪਾਰਟੀ ਦੀ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਜਿੱਤ ਬਾਰੇ ਨਿਸ਼ਚਿੰਤ ਹੋ ਸਕਦੀ ਹੈ, ਪੰਜਾਬ ਦੀਆਂ ਚਾਰ ਸੀਟਾਂ ਵਾਸਤੇ ਕਾਂਗਰਸ ਨੂੰ ਅਪਣੀ ਪੂਰੀ ਤਾਕਤ ਲਾਉਣੀ ਪਵੇਗੀ।

-ਨਿਮਰਤ ਕੌਰ

You must be logged in to post a comment Login