ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਡਿਜੀਟਲ ਗੋਲਕ ਦੀ ਹੋਈ ਸਥਾਪਨਾ

ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਡਿਜੀਟਲ ਗੋਲਕ ਦੀ ਹੋਈ ਸਥਾਪਨਾ

ਨਵੀਂ ਦਿੱਲੀ  : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਡਿਜੀਟਲ ਗੋਲਕ ਦੀ ਸਥਾਪਨਾ ਕੀਤੀ ਗਈ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਹੈੱਡ ਗ੍ਰੰਥੀ ਸਾਹਿਬਾਨ ਵਲੋਂ ਅਰਦਾਸ ਕਰਨ ਉਪਰੰਤ ਰਸਮੀ ਤੌਰ ‘ਤੇ ਡਿਜੀਟਲ ਗੋਲਕ ਦਾ ਉਦਘਾਟਨ ਕੀਤਾ। ਲਕਸ਼ਮੀ ਬਿਲਾਸ ਬੈਂਕ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਅਦ ਹੁਣ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਉਕਤ ਗੋਲਕ ਦੀ ਸਥਾਪਨਾ ਕੀਤੀ ਗਈ ਹੈ। ਏ.ਟੀ.ਐੱਮ ਵਾਂਗ ਕੰਮ ਕਰਨ ਵਾਲੀ ਇਸ ਮਸ਼ੀਨ ਦੇ ਨਾਲ ਸੰਗਤਾਂ ਆਪਣਾ ਦਸਵੰਧ ਡੈਬਿਟ ਜਾਂ ਕ੍ਰੈਡਿਟ ਕਾਰਡ ਜਰੀਏ ਆਪਣੀ ਮਰਜ਼ੀ ਨਾਲ ਲੰਗਰ, ਬਿਲਡਿੰਗ ਫੰਡ, ਸਿੱਖਿਆ ਆਦਿਕ ਕਾਰਜਾਂ ਲਈ ਫੰਡ ਦੇ ਸਕਦੀਆਂ ਹਨ। ਨਗਦੀ ਨੂੰ ਜੇਬ ‘ਚ ਘੱਟ ਰੱਖਣ ਦੇ ਵੱਧ ਰਹੇ ਚਲਨ ਨੂੰ ਦੇਖਦੇ ਹੋਏ ਕਮੇਟੀ ਵਲੋਂ ਬੀਤੇ ਦਿਨੀਂ ਇਸ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਸੀ। ਕਾਲਕਾ ਨੇ ਕਿਹਾ ਕਿ ਸਮੇਂ ਦੇ ਨਾਲ ਚਲਣਾ ਹਰ ਇਨਸਾਨ ਲਈ ਜ਼ਰੂਰੀ ਹੁੰਦਾ ਹੈ। ਇਸ ਗੱਲ ਨੂੰ ਅਧਾਰ ਬਣਾ ਕੇ ਡਿਜੀਟਲ ਪੈਮੇਂਟ ਮੋਡ ਨੂੰ ਅਪਣਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਲਈ ਸਾਰੇ ਇਤਿਹਾਸਕ ਗੁਰਦੁਆਰਿਆਂ ‘ਚ ਇਸਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਹਰਜਿੰਦਰ ਸਿੰਘ, ਵਿਕਰਮ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ, ਹਰਵਿੰਦਰ ਸਿੰਘ ਕੇ.ਪੀ., ਭੂਪਿੰਦਰ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਭਾਟੀਆ ਆਦਿ ਮੌਜੂਦ ਸਨ।

You must be logged in to post a comment Login