ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਉਤੇ ਘੁਮਾ ਕੇ ਪੈਸੇ ਇਕੱਠੇ ਕਿਉਂ ਕੀਤੇ ਜਾ ਰਹੇ ਹਨ?

ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਉਤੇ ਘੁਮਾ ਕੇ ਪੈਸੇ ਇਕੱਠੇ ਕਿਉਂ ਕੀਤੇ ਜਾ ਰਹੇ ਹਨ?

ਪਿਛਲੇ 50 ਸਾਲਾਂ ਵਿਚ ਅਸੀ 300,350,400,500, 550 ਸਾਲਾ ਜਸ਼ਨ ਇਕੋ ਤਰ੍ਹਾਂ ਮਨਾਏ ਜਾਂਦੇ ਵੇਖੇ ਹਨ। ਲਾਰੀ ਉਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸੁਸ਼ੋਭਿਤ ਕਰੋ, ਫੁੱਲਾਂ ਨਾਲ ਲਾਰੀ ਸਜਾ ਦਿਉ ਤੇ ਖੂਬ ਪ੍ਰਚਾਰ ਕਰੋ ਕਿ ਜਿਹੜਾ ਸਿੱਖ ਸੜਕ ਤੇ ਗੁਰੂ ਦੇ ਦਰਸ਼ਨ ਕਰੇਗਾ, ਉਸ ਨੂੰ ਦਰਸ਼ਨਾਂ ਦਾ ਬੜਾ ਲਾਹਾ ਮਿਲੇਗਾ ਤੇ ਜੀਵਨ ਸਫ਼ਲ ਹੋ ਜਾਏਗਾ। ਪਰ ਕੀ ਗੁਰਦਵਾਰੇ ਵਿਚ ਇਹ ਲਾਹਾ ਘੱਟ ਮਿਲਦਾ ਹੈ ਤੇ ਜੀਵਨ ਸਫ਼ਲ ਨਹੀਂ ਹੁੰਦਾ? ਇਹ ਪ੍ਰਥਾ ਬ੍ਰਾਹਮਣਵਾਦੀਆਂ ਨੇ ਹਿੰਦੁਸਤਾਨ ਵਿਚ ਸ਼ੁਰੂ ਕੀਤੀ ਸੀ-ਕੇਵਲ ਮਾਇਆ ਇਕੱਤਰ ਕਰਨ ਲਈ। ਪਰ ਸੜਕਾਂ ਉਤੇ ਉਹ ਅਪਣੇ ਵੇਦ ਨਹੀਂ ਸਨ ਲਿਆਏ, ਮੂਰਤੀਆਂ, ਝਾਕੀਆਂ ਤੇ ਰੱਥ ਲੈ ਕੇ ਹੀ ਆਏ ਸੀ ਕਿਉਂਕਿ ਏਨੀ ਗੱਲ ਤਾਂ ਉਹ ਵੀ ਸਮਝਦੇ ਸਨ ਕਿ ਧਰਮ ਗ੍ਰੰਥਾਂ ਨੂੰ ਸੜਕਾਂ ‘ਤੇ ਘੁਮਾਉਣਾ ਉਨ੍ਹਾਂ ਦਾ ਨਿਰਾਦਰ ਕਰਨ ਬਰਾਬਰ ਹੁੰਦਾ ਹੈ। ਪੈਸੇ ਇਕੱਠੇ ਕਰਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ‘ਤੇ ਘੁਮਾਉਣਾ ਇਕ ਅਪਰਾਧ ਤੋਂ ਘੱਟ ਨਹੀਂ ਤੇ ਜਾਗਰੂਕ ਸਿੱਖਾਂ ਨੂੰ ਹਾਈ ਕੋਰਟ ਜਾਂ ਸੁਪ੍ਰੀਮ ਕੋਰਟ ਕੋਲ ਮਾਮਲਾ ਉਠਾਉਣਾ ਚਾਹੀਦਾ ਹੈ ਤਾਕਿ ਬਾਬੇ ਨਾਨਕ ਦੇ ਲਫ਼ਜ਼ਾਂ ਵਿਚ ‘ਮਾਇਆ ਕੇ ਵਾਪਾਰੀ’ ਗ੍ਰੰਥ ਸਾਹਿਬ ਦਾ ਨਿਰਾਦਰ ਇਸ ਤਰ੍ਹਾਂ ਨਾ ਕਰਨ। ਪਛਮੀ ਦੇਸ਼ਾਂ ਵਿਚ ਵੀ ਮੈਂ ਰੋਡ ਸ਼ੋਅ ਹੁੰਦੇ ਵੇਖੇ। ਲੰਡਨ ਵਿਚ ਸਾਧਾਰਣ ਮੁੰਡੇ ਕੁੜੀਆਂ ਰੋਡ ਸ਼ੋਅ ਕਰ ਕੇ ਪੈਸੇ ਇਕੱਤਰ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਪੁਛਿਆ, ਪੈਸੇ ਕਿਉਂ ਇਕੱਠੇ ਕਰ ਰਹੇ ਹੋ? ਉਨ੍ਹਾਂ ਦਸਿਆ, ਇਨ੍ਹਾਂ ਪੈਸਿਆਂ ਨਾਲ ਫੱਲ ਤੇ ਕਿਤਾਬਾਂ ਖ਼ਰੀਦ ਕੇ ਉਹ ਹਸਪਤਾਲਾਂ ਵਿਚ ਪਏ ਮਰੀਜ਼ਾਂ ਨੂੰ ਦੇਣਗੇ ਤਾਕਿ ਉਨ੍ਹਾਂ ਨੂੰ ਵੀ ਲੱਗੇ ਕਿ ਕੋਈ ਉਨ੍ਹਾਂ ਦਾ ਫ਼ਿਕਰ ਕਰਦਾ ਹੈ। ਸਾਰਿਆਂ ਸਾਹਮਣੇ ਇਕੱਤਰ ਪੈਸੇ ਗਿਣ ਕੇ ਦਸ ਦਿਤਾ ਗਿਆ ਕਿ ਕਿੰਨੇ ਪੈਸੇ ਇਕੱਤਰ ਹੋਏ। ਜ਼ਿੰਮੇਵਾਰ ਸ਼ਹਿਰੀਆਂ ਨੂੰ ਉਹ ਪੈਸੇ ਦੇ ਕੇ ਬੇਨਤੀ ਕੀਤੀ ਗਈ ਕਿ ਉਹ ਫੱਲ ਅਤੇ ਕਿਤਾਬਾਂ ਖ਼ਰੀਦ ਕੇ ਅਗਲੇ ਦਿਨ ਉਨ੍ਹਾਂ ਨਾਲ ਹਸਪਤਾਲਾਂ ਵਿਚ ਚਲਣ ਤੇ ਮਰੀਜ਼ਾਂ ਨੂੰ ਵੰਡਣ।ਪੈਸੇ ਇਕੱਤਰ ਕਰਨ ਲਈ ਬਾਈਬਲ ਨੂੰ ਅੱਗੇ ਨਹੀਂ ਸੀ ਰਖਿਆ—-ਉਦੇਸ਼ ਨੂੰ ਅੱਗੇ ਰਖਿਆ। ਇਥੇ ਗੁਰੂ ਦੇ ਨਾਂ ‘ਤੇ ਕਿੰਨੇ (ਕਰੋੜ) ਪੈਸੇ ਇਕੱਤਰ ਕੀਤੇ ਜਾਂਦੇ ਹਨ (ਹਰ ਸਾਲ), ਕਿਸੇ ਨੂੰ ਕੁੱਝ ਨਹੀਂ ਪਤਾ ਹੁੰਦਾ। ਕਿਥੇ ਖ਼ਰਚੇ ਗਏ, ਕਿਸੇ ਨੂੰ ਕੁੱਝ ਨਹੀਂ ਦਸਿਆ ਜਾਂਦਾ। ਇਸ ਸਾਲ ‘ਇੰਟਰਨੈਸ਼ਨਲ ਨਗਰ ਕੀਰਤਨ’ ਵਿਚੋਂ ਸ਼੍ਰੋਮਣੀ ਕਮੇਟੀ ਨੂੰ 13 ਅਰਬ ਰੁਪਏ ਬਚਣ ਦਾ ਅਨੁਮਾਨ ਹੈ। ਕੀ ਕੀਤਾ ਜਾਏਗਾ ਇਸ ਪੈਸੇ ਦਾ ਤੇ ਪਿਛਲੇ ਦਰਜਨਾਂ ਨਗਰ ਕੀਰਤਨਾਂ ਵਿਚ ਇਕੱਤਰ ਕੀਤੇ ਗਏ ਅਰਬਾਂ ਰੁਪਿਆਂ ਦਾ ਕੀ ਪ੍ਰਯੋਗ ਕੀਤਾ ਗਿਆ? ਸਿੱਖੋ, ਛੋਟੀਆਂ ਛੋਟੀਆਂ ਗੱਲਾਂ ਲੈ ਕੇ ਇਕ ਦੂਜੇ ਉਤੇ ਊਜਾਂ ਲਾਉਂਦੇ ਰਹਿੰਦੇ ਹੋ, ਗੁਰੂ ਨੂੰ ਅੱਗੇ ਕਰ ਕੇ ਕੀਤੇ ਇਨ੍ਹਾਂ ਵੱਡੇ ਗੜਬਤ ਘੁਟਾਲਿਆਂ ਤੇ ਗੁਰੂ ਦੇ ਨਾਂ ਤੇ ਕੀਤੀਆਂ ਜਾ ਰਹੀਆਂ ਲੁੱਟਾਂ ਬਾਰੇ ਵੀ ਕਦੇ ਪੁਛ ਲਿਆ ਕਰੋ ਅਪਣੇ ਲੀਡਰਾਂ ਨੂੰ!

You must be logged in to post a comment Login