ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ‘ਚੋਂ ਮੁੜ ਨਿਕਲੇਗਾ ਧੂੰਆਂ!

ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ‘ਚੋਂ ਮੁੜ ਨਿਕਲੇਗਾ ਧੂੰਆਂ!

ਬਠਿੰਡਾ : ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਦੇ ਟਿੱਬਿਆਂ ਨੂੰ ਭਾਗ ਲਾਉਣ ਵਾਲੇ ਥਰਮਲ ਪਲਾਂਟ ਦੀਆਂ ਬੰਦ ਪਈਆਂ ਚਿਮਨੀਆਂ ਵਿਚੋਂ ਮੁੜ ਧੂੰਆਂ ਨਿਕਲਣ ਦੀ ਆਸ ਪੈਦਾ ਹੋ ਗਈ ਹੈ। ਕਰੀਬ ਇਕ ਸਾਲ ਪਹਿਲਾਂ ਪੱਕੇ ਤੌਰ ‘ਤੇ ਬੰਦ ਕੀਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਇਕ ਯੂਨਿਟ ਨੂੰ ਕਲ ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰ ਨੇ ਪਰਾਲੀ ਨਾਲ ਚਲਾਉਣ ਦਾ ਸਿਧਾਂਤਕ ਫ਼ੈਸਲਾ ਲੈ ਲਿਆ ਹੈ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਪਾਵਰਕੌਮ ਦੇ ਪੱਕੇ ਡਾਇਰੈਕਟਰਾਂ ਵਲੋਂ ਵੀ ਯੂਨਿਟ ਨੰਬਰ ਚਾਰ ਨੂੰ ਪਰਾਲੀ ਨਾਲ ਚਲਾਉਣ ਦੀ ਸਿਫ਼ਾਰਸ਼ ਕਰ ਕੇ ਪੰਜਾਬ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਪਤਾ ਲੱਗਾ ਹੈ ਕਿ ਸਰਕਾਰ ਦੇ ਗੁਪਤ ਇਸ਼ਾਰੇ ਤੋਂ ਬਾਅਦ ਹੁਣ ਪਾਵਰਕੌਮ ਦੇ ਅਧਿਕਾਰੀਆਂ ਨੇ ਇਸ ਪਲਾਂਟ ਨੂੰ ਮੁੜ ਚਲਾਉਣ ਲਈ ਹਲਚਲ ਸ਼ੁਰੂ ਕਰ ਦਿਤੀ ਹੈ। ਸੂਤਰਾਂ ਮੁਤਾਬਕ ਜੇ ਸਾਰਾ ਕੁੱਝ ਠੀਕ-ਠਾਕ ਰਿਹਾ ਤਾਂ ਬਾਬੇ ਨਾਨਕ ਦੇ ਅਗਲੇ ਸਾਲ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਯੂਨਿਟ ਚੱਲ ਪਏਗਾ। ਇਸ ਦੇ ਨਾਲ ਨਾ ਸਿਰਫ਼ ਬਠਿੰਡਾ ਦੀ ਸ਼ਾਨ ਬਣ ਚੁੱਕਿਆ ਇਹ ਥਰਮਲ ਪਲਾਂਟ ਢਹਿ ਢੇਰੀ ਹੋਣ ਤੋਂ ਬਚ ਜਾਵੇਗਾ ਸਗੋਂ ਕਿਸਾਨਾਂ ਨੂੰ ਵੀ ਵੱਡਾ ਆਰਥਕ ਹੁਲਾਰਾ ਮਿਲੇਗਾ। ਸੂਤਰਾਂ ਮੁਤਾਬਕ 60 ਮੈਗਾਵਾਟ ਦੇ ਪਲਾਂਟ ਨੂੰ ਚਲਾਉਣ ਲਈ ਸਾਲਾਨਾ 4 ਲੱਖ ਟਨ ਤੋਂ ਵਧ ਪਰਾਲੀ ਦੀ ਜ਼ਰੂਰਤ ਪਏਗੀ। ਸਰਕਾਰ ਨੂੰ ਪਰਾਲੀ ਦੀ ਵਰਤੋਂ ਹੋਣ ਕਾਰਨ ਕਿਸਾਨਾਂ ‘ਤੇ ਸਖ਼ਤੀ ਕਰਨ ਦੀ ਪ੍ਰੇਸ਼ਾਨੀ ਘਟ ਜਾਵੇਗੀ। ਪਤਾ ਚਲਿਆ ਹੈ ਕਿ ਪਲਾਂਟ ਨੂੰ ਪਰਾਲੀ ‘ਤੇ ਚਲਾਉਣ ਲਈ ਸਿਰਫ਼ ਇਸ ਦਾ ਬੁਆਇਲਰ ਹੀ ਤਬਦੀਲ ਕਰਨਾ ਪਏਗਾ ਜਿਸ ਉਪਰ 150 ਕਰੋੜ ਰੁਪਏ ਦਾ ਖ਼ਰਚ ਆਉਣ ਦੀ ਉਮੀਦ ਹੈ ਜਦਕਿ ਬਾਕੀ ਦੀ ਮਸ਼ੀਨਰੀ ਇਸ ਦੇ ਕੰਮ ਆ ਜਾਵੇਗੀ। ਪਿਛਲੇ ਸਾਲ 20 ਦਸੰਬਰ ਨੂੰ ਸੂਬੇ ਦੇ ਮੰਤਰੀ ਮੰਡਲ ਨੇ 1 ਜਨਵਰੀ 2018 ਤੋਂ ਇਸ ਥਰਪਲ ਪਲਾਂਟ ਦੇ ਚਾਰਾਂ ਯੂਨਿਟਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਸੀ। ਕਰੀਬ ਚਾਲੀ ਸਾਲ ਪੂਰੇ ਜੋਬਨ ‘ਤੇ ਇਲਾਕੇ ਦੀ ਸੇਵਾ ਕਰਨ ਵਾਲੇ ਇਸ ਥਰਮਲ ਪਲਾਂਟ ਨੂੰ ਪਿਛਲੇ ਚਾਰ-ਪੰਜ ਸਾਲਾਂ ਤੋਂ ਹੀ ਘੱਟ ਵੱਧ ਚਲਾਇਆ ਜਾ ਰਿਹਾ ਸੀ। ਉਂਜ ਸਾਲ 2014 ‘ਚ 715 ਕਰੋੜ ਦਾ ਕਰਜ਼ਾ ਚੁੱਕ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ। ਇਸ ਪਲਾਂਟ ਦਾ ਨੀਂਹ ਪੱਥਰ 19 ਨਵੰਬਰ 1969 ਨੂੰ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਵਲੋਂ ਰਖਿਆ ਗਿਆ ਸੀ। ਇਸ ਪਲਾਂਟ ਲਈ ਸਰਕਾਰ ਵਲੋਂ ਬਠਿੰਡਾ ਦੇ ਆਸਪਾਸ ਪਿੰਡਾਂ ਦੀ ਕਰੀਬ 2000 ਏਕੜ ਜ਼ਮੀਨ ਐਕਵਾਈਰ ਕੀਤੀ ਸੀ। ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਫ਼ੈਸਲੇ ਤੋਂ ਕਾਫ਼ੀ ਖ਼ੁਸ਼ ਹਨ।

You must be logged in to post a comment Login