ਚੋਣਾਂ ਨੂੰ ਲੈ ਕੇ ਇਕਜੁੱਟ ਹੋਣ ਲੱਗੇ ਹਰਿਆਣਾ ਦੇ ਪੰਜਾਬੀ

ਚੋਣਾਂ ਨੂੰ ਲੈ ਕੇ ਇਕਜੁੱਟ ਹੋਣ ਲੱਗੇ ਹਰਿਆਣਾ ਦੇ ਪੰਜਾਬੀ

ਚੰਡੀਗੜ- ਹਰਿਆਣਾ ਦੇ ਪੰਜਾਬੀ ਜੋ ਪਹਿਲਾਂ ਕਈ ਪਾਰਟੀਆਂ ਵਿਚ ਮੰਤਰੀ ਵਜੋਂ ਸਾਲਾਂਬੱਧੀ ਕੰਮ ਕਰਦੇ ਰਹੇ ਹਨ, ਰਾਜ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਲਈ ਸਰਗਰਮ ਹੋ ਗਏ ਹਨ ਤੇ ਉਨ੍ਹਾਂ ਨੇ ਸਾਬਕਾ ਮੰਤਰੀ ਏ.ਸੀ. ਚੌਧਰੀ ਦੀ ਅਗਵਾਈ ਵਿਚ ਪੰਜਾਬੀ ਹਿਤੈਸ਼ੀ ਫਰੰਟ ਬਨਾਉਣ ਦਾ ਐਲਾਨ ਕੀਤਾ ਹੈ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਚੌਧਰੀ, ਧਰਮਵੀਰ ਗਾਭਾ, ਸੁਭਾਸ਼ ਬੱਤਰਾ ਤੇ ਸੰਤ ਕੁਮਾਰ ਨੇ ਵਿਚਾਰ ਪ੍ਰਗਟ ਕੀਤਾ ਕਿ ਪੰਜਾਬੀ ਭਾਈਚਾਰੇ ਨਾਲ ਹੁਣ ਤੱਕ ਲਗਪਗ ਸਾਰੀਆਂ ਸਿਆਸੀ ਪਾਰਟੀਆਂ ਨੇ ਵਿਤਕਰਾ ਕੀਤਾ ਹੈ ਹਾਲਾਂਕਿ ਪੰਜਾਬੀ ਭਾਈਚਾਰਾ ਰਾਜ ਵਿਧਾਨ ਸਭਾ ਦੀਆਂ 35 ਸੀਟਾਂ ਤੇ ਲੋਕ ਸਭਾ ਦੀਆਂ ਚਾਰ ਸੀਟਾਂ, ਕੁਰੂਕਸ਼ੇਤਰ, ਫਰੀਦਾਬਾਦ, ਕਰਨਾਲ ਤੇ ਹਿਸਾਰ ਵਿਚ ਕਾਫ਼ੀ ਗਿਣਤੀ ਵਿਚ ਮੌਜੂਦ ਹਨ | ਉਨ੍ਹਾਂ ਕਿਹਾ ਕਿ ਅਤੀਤ ਵਿਚ ਸੋਸ਼ਲ, ਸਮਾਜਕ ਤੇ ਰਾਜਨੀਤਕ ਪੱਖ ਤੋਂ ਪੰਜਾਬੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਜਿਹੜੀ ਸਿਆਸੀ ਪਾਰਟੀ ਵਿਧਾਨ ਸਭਾ ਦੀਆਂ 35 ਸੀਟਾਂ ਤੇ ਲੋਕ ਸਭਾ ਦੀਆਂ 4 ਸੀਟਾਂ ‘ਤੇ ਪੰਜਾਬੀ ਭਾਈਚਾਰੇ ਨੂੰ ਟਿਕਟ ਦੇਵੇਗੀ, ਇਹ ਨਵਾਂ ਫਰੰਟ ਉਸ ਨੂੰ ਹੀ ਸਮਰਥਨ ਦੇਵੇਗਾ | ਉਨ੍ਹਾਂ ਐਲਾਨ ਕੀਤਾ ਕਿ ਨਵੇਂ ਬਣੇ ਫਰੰਟ ਵਲੋਂ ਸਾਰੇ ਹਰਿਆਣਾ ਵਿਚ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਤੇ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਪੰਜਾਬੀ ਹੁਣ ਜਾਗ ਉਠਿਆ ਹੈ ਤੇ ਉਹ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਸ਼ਾਂਤਮਈ ਤੇ ਲੋਕਰਾਜ਼ੀ ਤਰੀਕਿਆਂ ਰਾਹੀਂ ਸੰਘਰਸ਼ ਲਈ ਤਿਆਰ ਬਰ ਤਿਆਰ ਹੈ | ਇਸ ਫਰੰਟ ਵਿਚ ਸੁਪਰੀਮ ਕੋਰਟ ਦੇ ਵਕੀਲ ਆਰ.ਕੇ. ਅੰਨਦ ਅਹਿਮ ਭੂਮਿਕਾ ਨਿਭਾਉਣਗੇ | ਸ੍ਰੀ ਚੌਧਰੀ ਨੇ ਸਪੱਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਪੰਜਾਬੀ ਸੰਸਥਾਵਾਂ, ਹਰਿਆਣਵੀ ਪੰਜਾਬੀ ਵੈਲਫੇਅਰ ਸਭਾ, ਅਖਿਲ ਭਾਰਤੀਆ ਜਾਗਿ੍ਤੀ ਮੰਚ ਤੇ ਹਰਿਆਣਵੀ ਪੰਜਾਬੀ ਮੋਰਚਾ ਨੂੰ ਆਪਸ ਵਿਚ ਮਰਜ ਕਰਕੇ ਖ਼ਤਮ ਕਰ ਦਿੱਤਾ ਗਿਆ ਹੈ ਤੇ ਨਵਾਂ ਪੰਜਾਬੀ ਫਰੰਟ ਕਾਇਮ ਕੀਤਾ ਗਿਆ ਹੈ, ਜਿਸ ਦਾ ਮੁੱਖ ਮੰਤਵ ਪੰਜਾਬੀਆਂ ਦੇ ਹਿੱਤਾਂ ਲਈ ਤਗੜੇ ਹੋ ਕੇ ਸੰਘਰਸ਼ ਕਰਨਾ, ਰੈਲੀਆਂ ਤੇ ਕਨਵੈਨਸ਼ਨ ਕਰਨਾ ਹੈ |

You must be logged in to post a comment Login