ਜਦੋਂ ਸੁਨੀਲ ਜਾਖੜ ਨੇ ਅਤੁਲ ਨੰਦਾ ਤੋਂ ਫੇਰਿਆ ਮੂੰਹ……..

ਜਦੋਂ ਸੁਨੀਲ ਜਾਖੜ ਨੇ ਅਤੁਲ ਨੰਦਾ ਤੋਂ ਫੇਰਿਆ ਮੂੰਹ……..

ਚੰਡੀਗੜ੍ਹ- ਬਿਜਲੀ ਸਮਝੌਤਿਆਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਕੇਸ ਹਾਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਗੁੱਸਾ ਐਡਵੋਕੇਟ ਜਨਰਲ ਅਤੁਲ ਨੰਦਾ ‘ਤੇ ਅਜਿਹਾ ਫੁੱਟਿਆ ਕਿ ਮੀਟਿੰਗ ਵਿਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਚੀਫ਼ ਸੈਕਟਰੀ ਕਰਣ ਅਵਤਾਰ ਸਿੰਘ, ਪ੍ਰਿੰਸੀਪਲ ਸੈਕਟਰੀ ਫਾਈਨਾਂਸ ਅਨਿਰੁੱਧ ਤਿਵਾੜੀ ਦੇ ਮਬੰਹ ਅੱਡੇ ਰਹਿ ਗਏ। ਜਾਖੜ, ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੁਆਰਾ ਕੀਤੀ ਜਾ ਰਹੀ ਪ੍ਰੀ-ਬਜਟ ਮੀਟਿੰਗ ‘ਚ ਹਿੱਸਾ ਲੈਣ ਲਈ ਆਏ ਹੋਏ ਸਨ। ਕੱਲ੍ਹ ਦੁਪਹਿਰ ਬਾਅਦ ਜਲੰਧਰ ਤੇ ਕਪੂਰਥਲਾ ਦੇ ਵਿਧਾਇਕਾਂ ਦੀ ਮੀਟਿੰਗ ਸੀ। ਜਿਵੇਂ ਹੀ ਉਹ ਮੀਟਿੰਗ ‘ਚ ਸ਼ਾਮਲ ਹੋਣ ਲਈ ਵਿਧਾਇਕਾਂ ਨਾਲ ਆਏ, ਏਜੀ ਅਤੁਲ ਨੰਦਾ ਉਨ੍ਹਾਂ ਨੂੰ ਬਾਹਰ ਹੀ ਮਿਲ ਗਏ। ਜਾਖੜ ਉਨ੍ਹਾਂ ਤੋਂ ਮੂੰਹ ਫੇਰ ਕੇ ਜਾਣ ਲੱਗੇ ਤਾਂ ਨੰਦਾ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਨਾਰਾਜ਼ ਲੱਗਦੇ ਹੋ।ਜਾਖੜ ਨੇ ਕਿਹਾ ਕਿ ਤੁਹਾਡੇ ਨਾਲ ਥੋੜ੍ਹਾ ਨਾਰਾਜ਼ ਨਹੀਂ ਹਾਂ, ਬਹੁਤ ਜ਼ਿਆਦਾ ਨਾਰਾਜ਼ ਹਾਂ ਪਰ ਮੈਂ ਤੁਹਾਡੇ ਨਾਲ ਹੁਣ ਗੱਲ ਨਹੀਂ ਕਰਾਂਗਾ, ਸੀਐੱਮ ਸਾਹਿਬ ਦੇ ਸਾਹਮਣੇ ਕਰਾਂਗਾ। ਅਸੀਂ ਕਾਂਗਰਸ ਸਰਕਾਰ ਤੁਹਾਡੀ ਦੁਕਾਨ ਖੋਲ੍ਹਣ ਲਈ ਨਹੀਂ ਬਣਾਈ ਹੈ ਇਹ ਸਭ ਕਹਿ ਕੇ ਉਹ ਮੀਟਿੰਗ ਵਿਚ ਸ਼ਾਮਲ ਹੋਣ ਲਈ ਅੰਦਰ ਚਲੇ ਗਏ।
ਮੀਟਿੰਗ ਵਿਚ ਸ਼ਾਮਲ ਇਕ ਸੀਨੀਅਰ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਸੁਨੀਲ ਜਾਖੜ ਦਾ ਅਜਿਹਾ ਰੂਪ ਪਹਿਲੇ ਕਦੀ ਨਹੀਂ ਦੇਖਿਆ ਸੀ। ਦਰਅਸਲ ਬਿਜਲੀ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨੂੰ ਜੋ ਮੰਗ-ਪੱਤਰ ਦਿੱਤਾ ਸੀ ਉਸ ਵਿਚ ਦੋਸ਼ ਲਗਾਇਆ ਕਿ ਸਰਕਾਰ ਜਾਣ-ਬੁੱਝ ਕੇ ਮਹੱਤਵਪੂਰਨ ਕੇਸਾਂ ਨੂੰ ਹਾਰ ਰਹੀ ਹੈ, ਜਿਸ ਕਾਰਨ ਆਮ ਜਨਤਾ ‘ਤੇ ਕਰੋੜਾਂ ਰੁਪਇਆਂ ਦਾ ਬੋਝ ਪਿਆ ਹੈ। ਜਦੋਂ ਮੀਟਿੰਗ ਸ਼ੁਰੂ ਹੋਈ ਤਦ ਤਕ ਤਾਂ ਜਾਖੜ ਸ਼ਾਂਤ ਬੈਠੇ ਰਹੇ ਪਰ ਜਿਵੇਂ ਹੀ ਕਿਸੇ ਮੁੱਦੇ ‘ਤੇ ਕਾਨੂੰਨੀ ਰਾਏ ਲੈਣ ਦੀ ਗੱਲ ਆਈ ਤਾਂ ਉਹ ਭੜਕ ਗਏ। ਉਨ੍ਹਾਂ ਨੇ ਪੁੱਛਿਆ, ਕਿਸ ਗੱਲ ਦੀ ਕਾਨੂੰਨੀ ਰਾਏ। ਹੁਣ ਤਕ ਕਿੰਨੇ ਮਾਮਲਿਆਂ ਵਿਚ ਤੁਹਾਡੀ ਰਾਏ ਲਈ ਗਈ ਤੇ ਉਨ੍ਹਾਂ ਕੇਸਾਂ ਦਾ ਕੀ ਹੋਇਆ? ਕਿੰਨੇ ਕੇਸ ਤੁਸੀਂ ਜਿੱਤੇ ਹਨ? ਉਨ੍ਹਾਂ ਨੇ ਚੀਫ ਸੈਕਟਰੀ ਤੋਂ ਪੁੱਛਿਆ, ਮੈਨੂੰ ਇਹ ਦੱਸੋ ਕਿ ਇਨ੍ਹਾਂ ਨੇ ਹੁਣ ਤਕ ਕਿਹੜੇ-ਕਿਹੜੇ ਕੇਸ ਜਿੱਤੇ ਹਨ, ਸ਼ਾਇਦ ਅਜਿਹੇ ਕੇਸਾਂ ਦੀ ਗਿਣਤੀ ਕਰਨੀ ਆਸਾਨ ਹੋਵੇਗੀ ਕਿਉਂਕਿ ਜ਼ਿਆਦਾਤਰ ਤਾਂ ਇਨ੍ਹਾਂ ਨੇ ਹਾਰੇ ਹੀ ਹਨ। ਇਕ ਸੀਨੀਅਰ ਵਿਧਾਇਕ ਬੋਲੇ ਕਿ ਵਿੱਤ ਵਿਭਾਗ ਦੇ ਸੈਕਟਰੀ ਅਨਿਰੁੱਧ ਤਿਵਾੜੀ ਕੁਝ ਬੋਲਣਾ ਚਾਹੁੰਦੇ ਸਨ ਤਾਂ ਜਾਖੜ ਨੇ ਉਨ੍ਹਾਂ ਤੋਂ ਵੀ ਪੁੱਛ ਲਿਆ ਕਿ ਪਿਛਲੇ ਤਿੰਨ ਸਾਲਾਂ ਵਿਚ ਐਡਵੋਕੇਟ ਜਨਰਲ ਵਿਭਾਗ ‘ਤੇ ਕਿੰਨਾ ਖ਼ਰਚ ਹੋਇਆ ਹੈ, ਇਸਦੇ ਡਿਟੇਲ ਮੈਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਤਾਂ ਹਰ ਥਾਂ ਸਾਡੀ ਸਰਕਾਰ ਦੀ ਬੇਇੱਜ਼ਤੀ ਕਰਵਾਈ ਹੈ। ਬੇਅਦਬੀ ਦੇ ਸੀਬੀਆਈ ਮਾਮਲੇ ਵਿਚ ਅਸੀਂ ਮੂੰਹ ਦੀ ਖਾਧੀ ਹੈ।ਟਰਾਂਸਪੋਰਟ ਪਾਲਿਸੀ ਇਹ ਪਾਸ ਨਹੀਂ ਕਰਵਾ ਸਕੇ। ਵਾਸ਼ਿੰਗ ਕੋਲ ਵਾਲਾ ਕੇਸ ਸਰਕਾਰ ਹਾਰ ਗਈ ਹੈ, ਕਰੋੜਾਂ ਰੁਪਏ ਹੁਣ ਲੋਕਾਂ ‘ਤੇ ਪੈ ਗਏ ਹਨ ਇਸਦੀ ਜਵਾਬਦੇਹੀ ਕਿਸਦੀ ਹੈ? ਸਾਨੂੰ ਜਵਾਬ ਦੇਣਾ ਪਵੇਗਾ।ਵਿਸ਼ਵਾਸਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਵਿਵਾਦ ‘ਤੇ ਕੈਪਟਨ ਅਮਰਿੰਦਰ ਸਿੰਘ ਇਕ ਸ਼ਬਦ ਵੀ ਨਹੀਂ ਬੋਲੇ ਪਰ ਉਹ ਇਸ ਵਿਵਾਦ ਨੂੰ ਲੈ ਕੇ ਪਰੇਸ਼ਾਨ ਜ਼ਰੂਰ ਦਿਖੇ।

You must be logged in to post a comment Login