ਟੈਰਰ ਫੰਡਿੰਗ ਮਾਮਲੇ ‘ਚ ਅਤਿਵਾਦੀ ਹਾਫ਼ਿਜ਼ ਸਈਦ ਦੋਸ਼ੀ ਕਰਾਰ

ਟੈਰਰ ਫੰਡਿੰਗ ਮਾਮਲੇ ‘ਚ ਅਤਿਵਾਦੀ ਹਾਫ਼ਿਜ਼ ਸਈਦ ਦੋਸ਼ੀ ਕਰਾਰ

ਇਸਲਾਮਾਬਾਦ : ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਅਤੇ ਜ਼ਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਹਾਫ਼ਿਜ਼ ਸਈਦ ਨਾਲ ਸਬੰਧਤ ਮਾਮਲਾ ਹੁਣ ਲਾਹੌਰ ਦੀ ਅਦਾਲਤ ਤੋਂ ਪਾਕਿਸਤਾਨ ਦੇ ਗੁਜਰਾਤ ‘ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਬੀਤੀ 17 ਜੁਲਾਈ ਨੂੰ ਗੁੱਜਰਾਂਵਾਲਾ ਤੋਂ ਹਾਫ਼ਿਜ਼ ਸਈਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਈਦ ਨੂੰ ਮਨੀ ਲਾਂਡਿਰੰਗ ਅਤੇ ਟੈਰਰ ਫੰਡਿੰਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਫ਼ਿਜ਼ ਦੀ ਗ੍ਰਿਫ਼ਤਾਰੀ ਅਤਿਵਾਦੀ ਗਤੀਵਿਧੀਆਂ ਨੂੰ ਆਰਥਕ ਮਦਦ ਦੇਣ ਦੇ ਦੋਸ਼ਾਂ ਦੇ ਚਲਦੇ ਪਾਕਿਸਤਾਨ ਦੇ ਕਾਉਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਕੀਤੀ ਸੀ। ਅਤਿਵਾਦੀ ਹਾਫ਼ਿਜ਼ ਸਈਦ ਪਹਿਲਾਂ ਵੀ ਕਈ ਵਾਰ ਗ੍ਰਿਫ਼ਤਾਰ ਹੋ ਚੁਕਿਆ ਹੈ ਅਤੇ ਬਾਅਦ ‘ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਅਮਰੀਕਾ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਇਸ ਗੱਲ ਨੂੰ ਸਵਿਕਾਰ ਕੀਤਾ ਸੀ ਕਿ ਪਾਕਿਸਤਾਨ ‘ਚ ਅਜੇ ਵੀ 40 ਹਜ਼ਾਰ ਅਤਿਵਾਦੀ ਮੌਜੂਦ ਹਨ। ਇਸ ਨਾਲ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਪਾਕਿਸਤਾਨ ‘ਚ ਇਸ ਵੇਲੇ ਵੀ ਅਤਿਵਾਦੀ ਸੰਗਠਨ ਸਰਗਰਮ ਹਨ। ਮੁੰਬਈ 26/11 ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਨੇ ਕਈ ਵਾਰ ਭਾਰਤ ‘ਚ ਅਤਿਵਾਦੀ ਹਮਲੇ ਕਰਵਾਏ ਹਨ। 2008 ਦੇ ਮੁੰਬਈ ਅਤਿਵਾਦੀ ਹਮਲਿਆਂ ‘ਚ 166 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਹਾਫ਼ਿਜ਼ ਸਈਦ ਦਸੰਬਰ 2001, ਮਈ 2002, ਅਕਤੂਬਰ 2002, ਅਗਸਤ 2006 ‘ਚ ਦੋ ਵਾਰ, ਦਸੰਬਰ 2008, ਸਤੰਬਰ 2009 ਤੇ ਜਨਵਰੀ 2017 ‘ਚ ਵੀ ਗ੍ਰਿਫ਼ਤਾਰ ਹੋ ਚੁੱਕਾ ਹੈ।

You must be logged in to post a comment Login