‘ਡਿੱਗਦੇ ਰੁਪਏ’ ਨੇ ਐੱਨ. ਆਰ. ਆਈਜ਼. ਦੀ ਮੋਟੀ ਕੀਤੀ ਜੇਬ

‘ਡਿੱਗਦੇ ਰੁਪਏ’ ਨੇ ਐੱਨ. ਆਰ. ਆਈਜ਼. ਦੀ ਮੋਟੀ ਕੀਤੀ ਜੇਬ

ਨਵੀਂ ਦਿੱਲੀ- ਰੁਪਏ ਦੀ ਡਿੱਗਦੀ ਕੀਮਤ ਨੇ ਭਾਵੇਂ ਹੀ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਵੇ ਪਰ ਐੱਨ. ਆਰ. ਆਈਜ਼. ਨੂੰ ਇਸ ਨਾਲ ਕਾਫੀ ਫਾਇਦਾ ਹੋਇਆ ਹੈ। ਪਿਛਲੇ ਇਕ ਸਾਲ ‘ਚ ਰੁਪਏ ਦੀ ਕੀਮਤ 14 ਫੀਸਦੀ ਡਿੱਗ ਚੁੱਕੀ ਹੈ। ਅਕਤੂਬਰ 2017 ‘ਚ ਇਕ ਡਾਲਰ ਦੀ ਕੀਮਤ ਤਕਰੀਬਨ 65 ਰੁਪਏ ਸੀ, ਜੋ ਮੌਜੂਦਾ ਸਮੇਂ 74 ਰੁਪਏ ਦੇ ਵੀ ਪਾਰ ਨਿਕਲ ਗਈ ਹੈ। ਡਿੱਗਦੇ ਰੁਪਏ ਨਾਲ ਐੱਨ. ਆਰ. ਆਈਜ਼. ਦੀਆਂ ਜੇਬਾਂ ਮੋਟੀਆਂ ਹੋਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰਤ ‘ਚ ਪ੍ਰਾਪਰਟੀ ਖਰੀਦਣੀ ਪਹਿਲਾਂ ਨਾਲੋਂ ਕਾਫੀ ਸਸਤੀ ਪੈ ਰਹੀ ਹੈ। ਸਿੱਟੇ ਵਜੋਂ, ਰੀਅਲ ਅਸਟੇਟ ਸੈਕਟਰ ‘ਚ ਐੱਨ. ਆਰ. ਆਈ. ਕਾਫੀ ਦਿਲਚਸਪੀ ਦਿਖਾ ਰਹੇ ਹਨ। ਪ੍ਰਾਪਰਟੀ ਸਲਾਹਕਾਰਾਂ ਦਾ ਕਹਿਣਾ ਹੈ ਕਿ ਡਾਲਰ, ਪੌਂਡ, ਯੂ. ਏ. ਈ. ਦਿਰਹਾਮ ਵਰਗੀਆਂ ਕਰੰਸੀਆਂ ‘ਚ ਰੁਪਏ ਵਧ ਬਣਨ ਨਾਲ ਵੱਡੀ ਗਿਣਤੀ ‘ਚ ਐੱਨ. ਆਰ. ਆਈਜ਼. ਰੀਅਲ ਅਸਟੇਟ ਬਾਜ਼ਾਰ ‘ਚ ਪੈਸਾ ਲਾਉਣ ਲਈ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ‘ਚ ਜਿਸ ਤਰ੍ਹਾਂ ਰੁਪਏ ‘ਚ ਤੇਜ਼ ਗਿਰਾਵਟ ਆਈ ਹੈ, ਉਸ ਨੂੰ ਦੇਖਦੇ ਹੋਏ ਪ੍ਰਾਪਰਟੀ ਬਾਜ਼ਾਰ ‘ਚ ਐੱਨ. ਆਰ. ਆਈਜ਼. ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ। ਪਿਛਲੇ ਕੁਝ ਸਾਲਾਂ ਤੋਂ ਐੱਨ. ਆਰ. ਆਈਜ਼. ਨਿਵੇਸ਼ ‘ਚ ਹੌਲੀ-ਹੌਲੀ ਵਾਧਾ ਹੋ ਰਿਹਾ ਸੀ ਪਰ ਇਸ ਸਾਲ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ, ਭਾਰਤੀ ਰੀਅਲ ਅਸਟੇਟ ਸੈਕਟਰ ‘ਚ ਐੱਨ. ਆਰ. ਆਈਜ਼. ਨਿਵੇਸ਼ ਸਾਲ 2014 ਦੇ 5 ਅਰਬ ਡਾਲਰ ਦੇ ਮੁਕਾਬਲੇ 2018 ‘ਚ ਦੁੱਗਣਾ ਵਧ ਕੇ 10.2 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਸ ਦਾ ਵੱਡਾ ਕਾਰਨ ਰੁਪਏ ‘ਚ ਗਿਰਾਵਟ ਹੀ ਹੈ, ਜਿਸ ਨੇ ਐੱਨ. ਆਰ. ਆਈਜ਼. ਲਈ ਪ੍ਰਾਪਰਟੀ ਖਰੀਦਣ ਸਸਤਾ ਕਰ ਦਿੱਤਾ ਹੈ। ਹਾਲਾਂਕਿ ਭਾਰਤ ‘ਚ ਪ੍ਰਾਪਰਟੀ ‘ਚ ਪੈਸਾ ਲਾਉਣ ਲਈ ਐੱਨ. ਆਰ. ਆਈਜ਼. ਨੂੰ ਵੀ ਦੂਜੇ ਨਿਵੇਸ਼ਕਾਂ ਦੀ ਤਰ੍ਹਾਂ ਕੁਝ ਨਿਯਮਾਂ ਦੀ ਪਾਲਣਾ ਕਰਨਾ ਹੁੰਦੀ ਹੈ। ਭਾਰਤੀ ਪਾਸਪੋਰਟ ਵਾਲੇ ਐੱਨ. ਆਰ. ਆਈ. ਨੂੰ ਭਾਰਤ ‘ਚ ਪ੍ਰਾਪਰਟੀ ਖਰੀਦਣ ਲਈ ਉਦੋਂ ਤਕ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੁੰਦੀ ਜਦੋਂ ਤਕ ਉਹ ਕੁਝ ਗੁਆਂਢੀ ਦੇਸ਼ਾਂ ਦਾ ਨਾਗਰਿਕ ਨਹੀਂ ਹੁੰਦਾ- ਖਾਸ ਤੌਰ ‘ਤੇ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇਰਾਨ, ਨੇਪਾਲ, ਭੂਟਾਨ, ਅਫਗਾਨਿਸਤਾਨ ਅਤੇ ਚੀਨ।

You must be logged in to post a comment Login