ਡੇਰਾ ਬਾਬਾ ਨਾਨਕ ਦੀਆਂ ਸੜਕਾਂ ਦੀ ਮਜਬੂਤੀ ਲਈ 75.23 ਕਰੋੜ ਰੁਪਏ ਦੀ ਮਨਜੂਰੀ

ਡੇਰਾ ਬਾਬਾ ਨਾਨਕ ਦੀਆਂ ਸੜਕਾਂ ਦੀ ਮਜਬੂਤੀ ਲਈ 75.23 ਕਰੋੜ ਰੁਪਏ ਦੀ ਮਨਜੂਰੀ

ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਅਤੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਲਈ ਸੜਕਾਂ ਦੀ ਮਜਬੂਤੀ ਅਤੇ ਚੌੜਾ ਕਰਨ ਲਈ 75.23 ਕਰੋੜ ਰੁਪਏ ਦੀ ਮਨਜੂਰੀ ਦਿਤੀ। ਮੁੱਖ ਮੰਤਰੀ ਨੇ ਹੈਰੀਟੇਜ ਤੇ ਫ਼ੂਡ ਸਟ੍ਰੀਟ ਦੀ ਉਸਾਰੀ ਲਈ 3.70 ਕਰੋੜ ਰੁਪਏ ਦੀ ਵੀ ਮਨਜੂਰੀ ਦਿਤੀ ਅਤੇ ਵੱਖੋ-ਵੱਖ ਵਿਭਾਗਾਂ ਨੂੰ ਸਮੇਂ ਸਿਰ ਸਾਰੇ ਕੰਮ ਪੂਰੇ ਕਰਨ ਲਈ ਨਿਰਦੇਸ਼ ਦਿਤੇ।ਅਪਣੇ ਕੈਬਨਿਟ ਸਹਿਯੋਗੀਆਂ ਨਾਲ ਮੁੱਖ ਮੰਤਰੀ ਨੇ ਇਥੇ ਭਾਰਤ-ਪਾਕਿ ਸਰਹੱਦ ਨੇੜੇ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਉਸਾਰੀ ਦੇ ਕੰਮਾਂ ਦਾ ਜਾਇਜ਼ਾ ਲਿਆ ਜਿਸ ਵਿਚ ਇਕ ਸਾਂਝੀ ਚੈੱਕ ਪੋਸਟ ਉਸਾਰਨੀ ਵੀ ਸ਼ਾਮਲ ਹੈ। ਉਨ੍ਹਾਂ ਉਸਾਰੀ ਕਾਮਿਆਂ ਨਾਲ ਮੁਲਾਕਾਤ ਵੀ ਕੀਤੀ ਜਿਥੇ ਉਨ੍ਹਾਂ ਨੂੰ ਦਸਿਆ ਗਿਆ ਕਿ ਇਸ ਚੈੱਕ ਪੋਸਟ ਨੂੰ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਦੀ ਸਮਰੱਥਾ 5 ਹਜ਼ਾਰ ਤੋਂ 10 ਹਜ਼ਾਰ ਦੀ ਹੋਵੇਗੀ।ਇਹ ਫ਼ੈਸਲਾ ਵੀ ਕੀਤਾ ਗਿਆ ਕਿ ਅਗਲੀ ਕੈਬਨਿਟ ਮੀਟਿੰਗ ਬਟਾਲਾ ਵਿਖੇ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੁਲਤਾਨਪੁਰ ਲੋਧੀ, ਬਿਆਸ, ਬਟਾਲਾ ਅਤੇ ਡੇਰਾ ਬਾਬਾ ਨਾਨਕ ਰੋਡ ਜਿਸ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਦਾ ਨਾਂ ਦਿਤਾ ਜਾਵੇਗਾ, ਨੂੰ ਰਾਸ਼ਟਰੀ ਰਾਜ ਮਾਰਗ ਐਲਾਨਣ ਲਈ ਵੀ ਕਿਹਾ।ਕਰਤਾਰਪੁਰ ਸਾਹਿਬ ਕਾਰੀਡੋਰ ਵਲ ਜਾਂਦੇ ਲਾਂਘੇ ਵਿਖੇ ਲਾਏ ਜਾ ਰਹੇ ਬਿਜਲੀ ਦੇ ਖੰਭਿਆਂ ਦੀ ਅੰਡਰ ਗਰਾਉਂਡ ਤਾਰਬੰਦੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਸਿਹਤ ਮੰਤਰੀ ਨੂੰ ਇਸ ਇਤਿਹਾਸਕ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੇ ਹਿੱਤ ਲਈ ਇਕ ਵਿਸਤਾਰਿਥ ਸਿਹਤ ਸੰਭਾਲ ਯੋਜਨਾ ਬਣਾਉਣ ਲਈ ਵੀ ਕਿਹਾ। 75.23 ਕਰੋੜ ਰੁਪਏ ਵਿਚੋਂ 64.60 ਕਰੋੜ ਰੁਪਏ 35 ਕਿਲੋਮੀਟਰ ਲੰਮੀ ਅੰਮ੍ਰਿਤਸਰ-ਸੋਹੀਆਂ-ਫ਼ਤਿਹਗੜ੍ਹ ਚੂੜੀਆਂ- ਡੇਰਾ ਬਾਬਾ ਨਾਨਕ ਰੋਡ ਲਈ ਰੱਖੇ ਗਏ ਹਨ।

You must be logged in to post a comment Login