ਤਿੰਨ ਸਾਲਾ ਬੱਚੀ ਦੀ ਡੁੱਬਣ ਕਾਰਨ ਮੌਤ

ਤਿੰਨ ਸਾਲਾ ਬੱਚੀ ਦੀ ਡੁੱਬਣ ਕਾਰਨ ਮੌਤ

ਨੂਰਪੁਰ ਬੇਦੀ : ਉੱਤਰ ਭਾਰਤ ‘ਚ ਪਿਛਲੇ ਦੋ ਦਿਨ ਤੋਂ ਪੈ ਰਹੇ ਮੀਂਹ ਅਤੇ ਭਾਖੜਾ ਬੰਨ੍ਹ ਤੋਂ 90 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਪੰਜਾਬ ਅੰਦਰ ਸੈਂਕੜੇ ਪਿੰਡਾਂ ‘ਚ ਪਾਣੀ ਭਰ ਗਿਆ ਹੈ। ਇਸੇ ਕੁਦਰਤੀ ਕਹਿਰ ਨੇ ਨੂਰਪੁਰ ਬੇਦੀ ‘ਚ ਇਕ ਮਾਸੂਮ ਬੱਚੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਨੂਰਪੁਰ ਬੇਦੀ ‘ਚ ਸਨਿਚਰਵਾਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਇਕ ਨਿੱਜੀ ਸਕੂਲ ਦੀ ਕੰਧ ਢਹਿ ਢੇਰੀ ਹੋ ਗਈ ਅਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ। ਸਕੂਲ ‘ਚ ਭਰੇ ਪਾਣੀ ਕਾਰਨ ਇਕ ਤਿੰਨ ਸਾਲਾ ਮਾਸੂਮ ਬੱਚੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਬੱਚੀ ਦੇ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਅਤੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ‘ਚੋਂ ਬੱਚੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਬੱਚੀ ਸਕੂਲ ‘ਚ ਤਾਇਨਾਤ ਚੌਂਕੀਦਾਰ ਦੀ ਬੇਟੀ ਸੀ। ਉਸ ਦਾ ਪਰਵਾਰ ਸਕੂਲ ਅੰਦਰ ਬਣੇ ਇਕ ਕੁਆਰਟਰ ‘ਚ ਰਹਿੰਦਾ ਹੈ। ਦੂਜੇ ਪਾਸੇ ਭਾਰੀ ਮੀਂਹ ਤੋਂ ਬਾਅਦ ਬਣੇ ਹਾਲਾਤ ਦਰਮਿਆਨ ਡੀ.ਸੀ. ਵਲੋਂ ਰੋਪੜ ਦੇ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਦਿਅਕ ਐਦਾਰੇ ਸੋਮਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੰਭਾਵਤ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

You must be logged in to post a comment Login