ਦਸ਼ਰਥ ਮਾਂਝੀ ਵਰਗੇ ਮਹਾਨ ਇਨਸਾਨ ‘ਤੇ ਫਿਲਮ ਬਣਾਉਣਾ ਕੇਤਨ ਮਹਿਤਾ ਦਾ ਵਡੱਪਣ

ਦਸ਼ਰਥ ਮਾਂਝੀ ਵਰਗੇ ਮਹਾਨ ਇਨਸਾਨ ‘ਤੇ ਫਿਲਮ ਬਣਾਉਣਾ ਕੇਤਨ ਮਹਿਤਾ ਦਾ ਵਡੱਪਣ

ਸਵਰਨ ਸਿੰਘ ਟਹਿਣਾ

ਦਸ਼ਰਥ ਮਾਂਝੀ ਬਾਰੇ ਪਹਿਲੀ ਜਾਣਕਾਰੀ ਦੋ ਕੁ ਸਾਲ ਪਹਿਲਾਂ ਇੱਕ ਲੇਖ ਜ਼ਰੀਏ ਮਿਲੀ ਸੀ। ਜਿਉਂ-ਜਿਉਂ ਮੈਂ ਪੜ੍ਹਦਾ ਗਿਆ, ਮੇਰੀਆਂ ਅੱਖਾਂ ਅੱਗੇ ਉਸ ਸੰਤ ਮਨੁੱਖ ਦਾ ਚਿਹਰਾ ਆਉਂਦਾ ਗਿਆ। ਮੈਂ ਦਿਮਾਗ਼ ਵਿੱਚ ਤਸਵੀਰ ਝਰੀਟਣੀ ਸ਼ੁਰੂ ਕਰ ਦਿੱਤੀ ਕਿ ਕਿਹੋ ਜਿਹਾ ਹੋਵੇਗਾ ਉਹ, ਪਾਟੇ ਕੱਪੜਿਆਂ ਵਾਲਾ, ਜਿਸ ਨੂੰ ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ ਸੋਝੀ ਹੋਵੇਗੀ। ਜਿਹੜਾ ਸਿਰਫ਼ ਤੇ ਸਿਰਫ਼ ਪਤਨੀ ਵਿਯੋਗ ਵਿੱਚ ਪਹਾੜ ਨਾਲ ਮੱਥਾ ਲਾ ਕੇ ਬੈਠ ਗਿਆ ਹੋਵੇਗਾ। ਜਿਸ ਨੇ ਪਹਾੜ ਨਾਲ ਅਜਿਹੀ ਦੁਸ਼ਮਣੀ ਪਾਲ ਲਈ ਕਿ ਉਸ ਨੂੰ ਚਕਨਾਚੂਰ ਕਰਨਾ ਹੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੋਵੇਗਾ ਤੇ ਜਦੋਂ ਉਹ ਟੁੱਟ ਗਿਆ ਤਾਂ ਕਿੰਨਾ ਸਕੂਨ ਮਿਲਿਆ ਹੋਵੇਗਾ ਉਸ ਨੂੰ।
ਬਿਹਾਰ ‘ਚ ਮਾਂਝੀ ਪਹਾੜਾਂ ਨਾਲ ਘਿਰੀ ਉਸ ਥਾਂ ਜੰਮਿਆ, ਜਿੱਥੇ ਲੀਡਰ ਸਿਰਫ਼ ਪੰਜ ਸਾਲ ਬਾਅਦ ਗੇੜਾ ਮਾਰਦੇ ਹਨ। ਜਿੱਥੇ ਗ਼ਰੀਬ ਵਰਗ ਲਈ ਸਰ ਕੰਡੇ ਦੀਆਂ ਝੁੱਗੀਆਂ ਹੀ ਸਭ ਕੁਝ ਨੇ। ਜਿੱਥੇ ਛੋਟੀ ਜਾਤ ਵਾਲਿਆਂ ਨੂੰ ਇਹ ਇਜਾਜ਼ਤ ਨਹੀਂ ਕਿ ਉਹ ਵੱਡੀ ਜਾਤ ਵਾਲਿਆਂ ਦੀ ਜੁੱਤੀ ਤੋਂ ਉੱਪਰ ਦੇਖ ਸਕਣ, ਛੂਹ ਸਕਣਾ ਤਾਂ ਬਹੁਤ ਦੂਰ ਦੀ ਗੱਲ ਹੈ। ਹਾਲਾਤ ਅਜਿਹੇ ਜਿਵੇਂ ਗ਼ਰੀਬਾਂ ਦੀ ਜ਼ਿੰਦਗੀ ਧਰਤੀ ਉਪਰਲੇ ਨਰਕ ਦਾ ਜਿਊਂਦਾ ਜਾਗਦਾ ਸਬੂਤ ਹੋਵੇ। ਮਾਂਝੀ ਦੀ ਘਰਵਾਲੀ ਫਾਲਗੁਣੀ ਬਿਮਾਰ ਹੋ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਣ ‘ਤੇ ਜ਼ਿਆਦਾ ਵਕਤ ਇਸ ਕਰਕੇ ਲੱਗ ਜਾਂਦਾ ਹੈ, ਕਿਉਂਕਿ ਪਿੰਡ ਤੋਂ ਸ਼ਹਿਰ ਵਾਲੀ ਸੜਕ ਸਿੱਧੀ ਨਹੀਂ, ਰਾਸਤੇ ਵਿੱਚ ਅਸਮਾਨ ਛੂੰਹਦਾ ਪਹਾੜ ਹੈ। ਕਈ ਗੁਣਾ ਵੱਧ ਪੈਂਡਾ ਤੈਅ ਕਰਕੇ ਹਸਪਤਾਲ ਪਹੁੰਚਿਆ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਘਰਵਾਲੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਹੈ।
ਮਾਂਝੀ ਦੀਆਂ ਖੁਸ਼ੀਆਂ ਲੁੱਟੀਆਂ ਗਈਆਂ ਤੇ ਉਸ ਦਾ ਸਾਰਾ ਗੁੱਸਾ ਉਸ ਪਹਾੜ ‘ਤੇ ਨਿਕਲਿਆ, ਜਿਸ ਕਰਕੇ ਪੈਂਡਾ ਲੰਮਾ ਹੋਇਆ। ਹਥੌੜੀ-ਛੈਣੀ ਚੁੱਕੀ ਤੇ ਪਹਾੜ ਨਾਲ ਮੱਥਾ ਲਾ ਲਿਆ। ਨਾ ਰੋਟੀ ਦਾ ਫ਼ਿਕਰ, ਨਾ ਪਾਣੀ ਦਾ, ਨਾ ਬੱਚਿਆਂ ਦਾ ਫ਼ਿਕਰ ਨਾ, ਨਾ ਲੋਕਾਂ ਵੱਲੋਂ ਦਿੱਤੇ ਜਾਂਦੇ ਮਿਹਣਿਆਂ ਦਾ। ਬਸ ਪਹਾੜ ਦੇ ਸਿਰ ਵਿੱਚ ਸੱਟਾਂ ਮਾਰਦਾ ਰਿਹਾ ਤੇ 22 ਸਾਲ ਬਾਅਦ ਉਹ ਪਹਾੜ ਮਾਫ਼ੀ ਮੰਗਣ ਲਈ ਮਾਂਝੀ ਦੇ ਪੈਰਾਂ ਵਿੱਚ ਆਣ ਡਿੱਗਾ। ਜਦੋਂ ਰਾਹ ਨਿਕਲ ਗਿਆ ਤਾਂ ਪੱਕੀ ਸੜਕ ਵੀ ਬਣ ਗਈ ਤੇ ਉਸ ਰਾਹ ਦਾ ਨਾਂ ਮਾਂਝੀ ਦੇ ਨਾਂਅ ‘ਤੇ ਰੱਖਿਆ ਗਿਆ। ਪਰ ਜਿਵੇਂ ਕਿ ਆਮ ਹੁੰਦਾ ਹੈ ਕਿ ਮੁਸ਼ਕਲ ਕੰਮ ਵਿੱਢਣ ਵਾਲੇ ਨੂੰ ਪਹਿਲਾਂ ਲੋਕ ਪਾਗਲ ਕਹਿ ਉਸ ਦਾ ਮਜ਼ਾਕ ਉਡਾਉਂਦੇ ਹਨ ਤੇ ਜਦੋਂ ਸਫ਼ਲਤਾ ਦਿਸਦੀ ਹੈ ਤਾਂ ਸਾਰੇ ਹਿੱਸਾ ਲੈਣ ਲਈ ਤਿਆਰ ਹੋ ਜਾਂਦੇ ਹਨ, ਮਾਂਝੀ ਨਾਲ ਵੀ ਇਵੇਂ ਹੋਇਆ। ਪਹਾੜ ਤੋੜਨ ਬਦਲੇ ਮਾਂਝੀ ਤੋਂ ਅੰਗੂਠਾ ਲਵਾ ਕੇ ਸਰਕਾਰੀ ਬਾਬੂਆਂ ਨੇ ਲੱਖਾਂ ਦੀ ਗ੍ਰਾਂਟ ਜਾਰੀ ਕਰਵਾ ਆਪ ਡਕਾਰ ਲਈ ਤੇ ਜਦੋਂ ਮਾਂਝੀ ਨੂੰ ਇਸ ਬੇਈਮਾਨੀ ਦਾ ਪਤਾ ਲੱਗਾ ਤਾਂ ਉਹ ਸਿਵਾਏ ਹਟਕੋਰੇ ਲੈਣ ਦੇ ਕੁਝ ਨਾ ਕਰ ਸਕਿਆ, ਮੁੜ ਆਪਣਾ ਗੁੱਸਾ ਉਸ ਨੇ ਪਹਾੜ ‘ਤੇ ਕੱਢਿਆ। ਜਦੋਂ ਉਸ ਨੂੰ ਬਾਬੂਆਂ ਨੇ ਉਸ ਨੂੰ ਪਹਾੜ ਚੋਰ ਕਿਹਾ ਤਾਂ ਵੀ ਉਹ ਆਪਣਾ ਗੁੱਸਾ ਪਹਾੜ ‘ਤੇ ਹੀ ਕੱਢਦਾ ਰਿਹਾ।
ਉਹ ਰੱਬ ਬੰਦਾ, ਜਿਹੜਾ 2007 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਕੇ ਬੜਾ ਕੁਝ ਸੋਚਣ ਲਈ ਮਜਬੂਰ ਕਰ ਗਿਆ, ‘ਤੇ ਬਾਲੀਵੁੱਡ ਦੇ ਸੁਲਝੇ ਹੋਏ ਨਿਰਦੇਸ਼ਕ ਕੇਤਨ ਮਹਿਤਾ ਨੇ ‘ਮਾਂਝੀ : ਦ ਮਾਊਂਟੈਨ ਮੈਨ’ ਫ਼ਿਲਮ ਬਣਾ ਕੇ ਦੁਨੀਆ ਭਰ ਵਿੱਚ ਮਾਂਝੀ ਦੇ ਸਿਦਕ ਨੂੰ ਪੁਚਾ ਦਿੱਤਾ। ਅੱਜ ਜਦੋਂ ਬਾਲੀਵੁੱਡ ਦੀਆਂ ਬਹੁਤੀਆਂ ਫ਼ਿਲਮਾਂ ਨੂੰ ਸੌ ਕਰੋੜੀ ਕਲੱਬ ਵਿੱਚ ਪੁਚਾਉਣ ਲਈ ਹੀਰੋ-ਹੀਰੋਇਨਾਂ ਦਾ ਨੰਗੇ ਹੋਣਾ ਆਮ ਜਹੀ ਗੱਲ ਹੈ, ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਬਲਾਤਕਾਰ ਨੂੰ ਵੀ ਗਲੈਮਰ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਮਾਂਝੀ ਵਰਗੇ ਸਧਾਰਨ ਇਨਸਾਨ ‘ਤੇ ਕਰੋੜਾਂ ਦੀ ਫ਼ਿਲਮ ਬਣਾਉਣਾ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਹੀ ਸੀ।
ਪਰ ਕੇਤਨ ਨੇ ਇਹ ਸਭ ਕਰ ਦਿਖਾਇਆ ਤੇ ਕੀਤਾ ਵੀ ਇਵੇਂ ਕਿ ਲੱਖਾਂ ਲੋਕ ਉਸ ਦੀ ਸੋਚ ਦੇ ਮੁਰੀਦ ਹੋ ਗਏ ਹਨ। ਇਹ ਤਾਂ ਪਤਾ ਨਹੀਂ ਫ਼ਿਲਮ ਨੇ ਲਾਗਤ ਮੁੱਲ ਪੂਰਾ ਕੀਤਾ, ਘਾਟਾ ਖਾਧਾ ਜਾਂ ਕੁਝ ਕਮਾਇਆ, ਪਰ ਮਾਂਝੀ ਜ਼ਰੂਰ ਹੋ ਗਿਆ। ਮੈਂ ਇਸ ਫ਼ਿਲਮ ਨੂੰ ਦੇਖ ਦੋ ਗੱਲਾਂ ਮਹਿਸੂਸ ਕੀਤੀਆਂ ਕਿ ਬਿਹਾਰ ਦਾ ਮਾਂਝੀ ਤੇ ਪੰਜਾਬ ਦਾ ਭਗਤ ਪੂਰਨ ਸਿੰਘ, ਸੋਚ, ਇਰਾਦੇ ਤੇ ਲੋਕ ਸੇਵਾ ਪੱਖੋਂ ਇੱਕੋ ਜਹੇ ਸਨ। ਭਗਤ ਪੂਰਨ ਸਿੰਘ ਨੇ ਆਖਰੀ ਸਾਹ ਤੱਕ ਆਪਣੀ ਪ੍ਰਵਾਹ ਕੀਤੇ ਬਿਨਾਂ ਸਿਰਫ਼ ਤੇ ਸਿਰਫ਼ ਲੂਲੇ-ਲੰਗੜਿਆਂ, ਬੇਸਹਾਰਾ ਲੋਕਾਂ ਦੀ ਸੇਵਾ ਕੀਤੀ ਤੇ ਅੱਜ ਉਸ ਦੀ ਮਹਾਨਤਾ ਜਿਊਂਦੇ ਜਾਗਦਿਆਂ ਲਈ ਪ੍ਰੇਰਨਾ ਸਰੋਤ ਹੈ। ਇਵੇਂ ਮਾਂਝੀ ਬਿਹਾਰ ਦਾ ਭਗਤ ਪੂਰਨ ਸਿੰਘ ਸੀ, ਜਿਸ ਨੇ ਆਪਣੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦਾ ਸਫ਼ਰ ਸੁਖਾਲਾ ਕਰਨ ਲਈ ਪਹਾੜ ਤੋੜ ਸੁੱਟਿਆ।
ਦੂਜੀ ਗੱਲ, ਇਨ੍ਹਾਂ ਦੋਹਾਂ ਮਹਾਨ ਹਸਤੀਆਂ ਵੱਲ ਦੇਖ ਮੈਂ ਸੋਚਦਾ ਹਾਂ ਕਿ ਰੱਬ ਇਮਾਰਤਾਂ ਵਿੱਚ ਨਹੀਂ, ਲੋਕਾਂ ਵਿੱਚ ਹੀ ਵਸਦਾ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ਲਾ ਕੇ ਲੋਕਾਂ ਲਈ ਕੁਝ ਚੰਗਾ ਕਰਦੇ ਹਨ, ਉਹ ਰੱਬ ਹੀ ਤਾਂ ਹਨ। ਜਿਹੜੇ ਇਮਾਰਤਾਂ ਵਿੱਚ ਰੱਖੀਆਂ ਮੂਰਤੀਆਂ ਤੇ ਫੋਟੋਆਂ ਪੂਜਦੇ ਹਨ, ਉਹ ਤਾਂ ਸਿਰੋਂ ਹੌਲੇ ਹਨ। ਮਾਂਝੀ ਵਰਗੇ ਲੋਕ ਰੱਬ ਹਨ, ਜਿਨ੍ਹਾਂ ਦੇ ਮਨ ਵਿੱਚ ਕੋਈ ਵਲ਼-ਛਲ ਨਹੀਂ ਸੀ। ਜਦੋਂ ਥੱਕ ਗਏ ਤਾਂ ਸੌਂ ਗਏ ਤੇ ਜਾਗ ਪਏ ਤਾਂ ਕੰਮ ‘ਤੇ ਲੱਗ ਗਏ।
ਫ਼ਿਲਮ ‘ਚ ਮਾਂਝੀ ਦਾ ਰੋਲ ਨਿਵਾਜ਼ੂਦੀਨ ਸਿਦੀਕੀ ਨੇ ਕੀਤਾ ਹੈ, ਜਿਸ ਨੇ ਦੱਸ ਦਿੱਤਾ ਹੈ ਕਿ ਅਦਾਕਾਰੀ ਹੁੰਦੀ ਕੀ ਹੈ। ਦਸ਼ਰਥ ਮਾਂਝੀ ਦੇ ਕਿਰਦਾਰ ਵਿੱਚ ਖੁਦ ਨੂੰ ਏਨਾ ਡੋਬ ਲਿਆ ਕਿ ਜਾਪਦਾ ਏ ਇਹ ਅਸਲ ਮਾਂਝੀ ਹੀ ਹੈ। ਫ਼ਿਲਮ ਨੂੰ ਥੋੜ੍ਹਾ ਵਪਾਰਕ ਬਣਾਉਣ ਲਈ ਮਾਂਝੀ ਦੇ ਆਪਣੀ ਘਰਵਾਲੀ ਨਾਲ ਰੋਮਾਂਟਿਕ ਦ੍ਰਿਸ਼ ਦਿੱਤੇ ਗਏ ਹਨ, ਜਿਹੜੇ ਦਰਸ਼ਕ ਨੂੰ ਬਹੁਤੇ ਨਹੀਂ ਚੁਭਦੇ। ਪਰ ਜੇ ਕਿਤੇ ਮਾਂਝੀ ਤੇ ਉਸ ਦੀ ਘਰਵਾਲੀ ਦਾ ਉਹ ਸੀਨ, ‘ਅੰਦਰ ਆਗ ਲਗੀ ਹੈ, ਕਿਤਨੇ ਦਿਨ ਹੋ ਗਏ, ਅਬ ਆ ਬੀ ਜਾ ਨਾ’ ਸੰਵਾਦ ਨਾ ਵੀ ਹੁੰਦਾ ਤਾਂ ਵੀ ਫ਼ਿਲਮ ਏਨੀ ਹੀ ਪ੍ਰਸੰਗਿਕ ਰਹਿਣੀ ਸੀ, ਕਿਉਂਕਿ ਇਹੋ ਜਿਹੀ ਗੱਲ ਮਾਂ ਨਾਲ ਪੁੱਤ ਬੈਠ ਕੇ ਜਾਂ ਭੈਣ ਨਾਲ ਭਰਾ ਬੈਠ ਕੇ ਸੁਣਨ ਤੋਂ ਝੇਪ ਮੰਨਦਾ ਹੈ। ਫ਼ਿਲਮ ਵਿੱਚ ਪਹਾੜ ਤੋੜਦੇ ਮਾਂਝੀ ਦੇ ਪੈਰ ਦੇ ਅੰਗੂਠੇ ‘ਤੇ ਸੱਪ ਲੜ ਜਾਂਦਾ ਹੈ ਤਾਂ ਉਹ ਸੱਬਲ ਅੰਗੂਠੇ ‘ਤੇ ਰੱਖ ਕੇ ਹਥੌੜੇ ਨਾਲ ਵਾਰ ਕਰਦਾ ਹੈ ਤੇ ਅੰਗੂਠਾ ਲਹਿ ਕੇ ਪਰ੍ਹੇ ਹੋ ਜਾਂਦਾ ਹੈ। ਬੇਸੁੱਧ ਮਾਂਝੀ ਨੂੰ ਜਦੋਂ ਹੋਸ਼ ਆਉਂਦੀ ਹੈ, ਉਹ ਫਿਰ ਪਹਾੜ ਤੋੜਨ ਲੱਗ ਜਾਂਦਾ ਹੈ। ਇੱਕ ਪੱਤਕਰਾਰ ਵਾਰ-ਵਾਰ ਉਸ ਕੋਲ ਆਉਂਦਾ ਹੈ। ਮਾਂਝੀ ਉਸ ਨੂੰ ਕਹਿੰਦਾ ਹੈ, ‘ਅਪਨੀ ਅਖ਼ਬਾਰ ਸ਼ੁਰੂ ਕਰ ਲੇ…।’ ਪੱਤਰਕਾਰ ਦਾ ਜਵਾਬ ਹੈ, ‘ਯੇ ਇਤਨਾ ਸੌਖਾ ਕਾਮ ਥੋੜ੍ਹੀ ਨਾ ਹੈ।’ ਤਾਂ ਮਾਂਝੀ ਦਾ ਜਵਾਬ ਹੈ, ‘ਪਹਾੜੇ ਤੋੜਨੇ ਸੇ ਬੀ ਮੁਸ਼ਕਲ ਹੈ ਕਿਆ।’
ਇੱਕ ਡਾਇਲਾਗ ਕਿ, ‘ਕਬੀ ਬੀ ਭਗਵਾਨ ਕੇ ਭਰੋਸੇ ਮਤ ਬੈਠੇ ਰਹੋ, ਕਿਆ ਮਾਲੂਮ ਭਗਵਾਨ ਆਪ ਕੇ ਭਰੋਸੇ ਬੈਠਾ ਹੋ’, ਦਰਸ਼ਕ ਨੂੰ ਆਸ਼ਾਵਾਦੀ ਬਣਨ ਲਈ ਪ੍ਰੇਰਦਾ ਹੈ। ਮੰਚ ‘ਤੇ ਜਿਵੇਂ ਇੰਦਰਾ ਗਾਂਧੀ ਦਾ ਭਾਸ਼ਣ ਪੇਸ਼ ਕੀਤਾ ਗਿਆ ਹੈ, ਤੇ ਉਸ ਦੀ ਮਾਂਝੀ ਨਾਲ ਇੱਕ ਤਸਵੀਰ ਹੋਈ, ਫਿਰ ਮਾਂਝੀ ਦਿੱਲੀ ਪ੍ਰਧਾਨ ਮੰਤਰੀ ਨੂੰ ਮਿਲਣ ਪੈਦਲ ਗਿਆ, ਜਦੋਂ ਉਥੋਂ ਪੁਲਸੀਆਂ ਨੇ ਧੱਕੇ ਮਾਰ ਕੇ ਵਾਪਸ ਮੋੜ ਦਿੱਤਾ ਤਾਂ ਉਹ ਵਾਪਸ ਆ ਕੇ ਮੁੜ ਪਹਾੜ ਤੋੜਨ ਲੱਗ ਗਿਆ। ਜਦੋਂ ਕਾਲ ਪੈ ਜਾਂਦਾ ਏ ਤਾਂ ਭੁੱਖ ਲੱਗਣ ‘ਤੇ ਖੂਹ ਵਿੱਚ ਵੜ ਕੇ ਮਿੱਟੀ ਚੱਟਦਾ ਹੈ। ਪਹਾੜ ਵਿੱਚ ਉੱਗੇ ਪੱਤੇ ਖਾ ਕੇ ਗੁਜ਼ਾਰਾ ਕਰਦਾ ਹੈ, ਸੱਚੀਂ ਕਿੰਨੀ ਕਮਾਲ ਹੈ ਸਭ ਕੁਝ।
ਮਾਂਝੀ ਇਸ ਦੁਨੀਆ ‘ਤੇ ਨਹੀਂ, ਪਰ ਜੇ ਹੁੰਦਾ ਤਾਂ ਸੱਚੀਂ ਮੈਂ ਉਸ ‘ਰੱਬ’ ਦੇ ਪੈਰਾਂ ਨੂੰ ਹੱਥ ਲਾਉਣ ਜ਼ਰੂਰ ਜਾਂਦਾ। ਏਨਾ ਸਬਕ, ਏਨੀ ਦ੍ਰਿੜਤਾ, ਏਨਾ ਭੋਲ਼ਾਪਣ, ਏਨੀ ਸਾਦਗੀ ਕਿਤੇ ਦੇਖੀ ਹੀ ਨਹੀਂ। ਜਿਹੜੇ ਠਹਾਕੇ ਲਾਉਣ ਵਾਲੀਆਂ ਜਾਂ ਗੋਲੀਆਂ ਚੱਲਣ ਵਾਲੀਆਂ ਫ਼ਿਲਮਾਂ ਦੇਖ ਕੇ ਟਾਈਮਪਾਸ ਕਰਦੇ ਹਨ, ਉਨ੍ਹਾਂ ਨੂੰ ਗੁਜ਼ਾਰਿਸ਼ ਹੈ ਕਿ ‘ਮਾਂਝੀ : ਦ ਮਾਊਂਟੈਨ ਮੈਨ’ ਜ਼ਰੂਰ ਦੇਖਣ, ਜਿਸ ਵਿਚਲੇ ਪਹਾੜਾਂ ਦੇ ਬਾਕਮਾਲ ਦ੍ਰਿਸ਼ ਤੇ ਪਹਾੜ ਤੋਂ ਉੱਚੇ ਇਰਾਦੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਮਾਂਝੀ ਦੀ ਘਰਵਾਲੀ ਦੇ ਰੋਲ ਵਿੱਚ ਰਾਧਿਕਾ ਆਪਟੇ ਜਚੀ ਹੈ, ਭਾਵੇਂ ਉਸ ਦੇ ਕਰਨ ਲਾਇਕ ਕੰਮ ਫ਼ਿਲਮ ਵਿੱਚ ਬਹੁਤਾ ਨਹੀਂ ਸੀ।
ਗੈਂਗਸਟਰ ਹੀਰੋ
ਪਿਛਲੇ ਦਿਨੀਂ ਇੱਕ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਲਖਨਊ ਦੇ ਰਹਿਣ ਵਾਲੇ ਲੱਲੂ ਯਾਦਵ, ਜਿਸ ‘ਤੇ 54 ਵੱਖ-ਵੱਖ ਅਪਰਾਧਾਂ ਦੇ ਕੇਸ ਦਰਜ ਹਨ, ਨੂੰ ਫ਼ਿਲਮੀ ਹੀਰੋ ਬਣਨ ਦਾ ਸ਼ੌਕ ਪੈ ਗਿਆ। ਉਸ ਦੀ ਪਲੇਠੀ ਫ਼ਿਲਮ ਆਉਂਦੇ ਦਿਨੀਂ ਰਿਲੀਜ਼ ਹੋਣ ਜਾ ਰਹੀ ਹੈ, ‘ਛਬੀਲੀ।’ ਇਸ ਤੋਂ ਅਗਲੀ ਦੀ ਸ਼ੂਟਿੰਗ ਵਿੱਚ ਉਹ ਰੁੱਝਿਆ ਹੋਇਆ ਹੈ, ਜਿਸ ਦਾ ਨਾਂਅ ਹੈ, ‘ਲਖਨਊ ਕਾ ਬਿੱਟੂ।’
ਇਨ੍ਹਾਂ ਫ਼ਿਲਮਾਂ ਜ਼ਰੀਏ ਲੱਲੂ ਨੂੰ ਕਿੰਨੀ ਕੁ ਸਫ਼ਲਤਾ ਮਿਲਦੀ ਹੈ, ਅਪਰਾਧ ਜਗਤ ਵਾਂਗ ਉਸ ਦਾ ਫ਼ਿਲਮੀ ਖੇਤਰ ਵਿੱਚ ਸਿੱਕਾ ਚੱਲਦਾ ਹੈ ਜਾਂ ਨਹੀਂ, ਇਹ ਬਾਅਦ ਦੀਆਂ ਗੱਲਾਂ ਹਨ, ਪਰ ਇਹ ਗੱਲ ਜ਼ਰੂਰ ਸੋਚਣ ਵਾਲੀ ਹੈ ਕਿ ਜੇ ਉਸ ਵਰਗੇ ਲੋਕ, ਜਿਨ੍ਹਾਂ ਸਿਰ ਕਤਲ, ਇਰਾਦਾ ਕਤਲ, ਲੁੱਟਾਂ-ਖੋਹਾਂ ਸਮੇਤ ਹੋਰ ਸੰਗੀਨ ਜੁਰਮਾਂ ਤਹਿਤ ਮਾਮਲੇ ਦਰਜ ਹਨ, ਜੇ ਉਹ ਹੀਰੋ ਬਣ ਗਏ ਤਾਂ ਉਹ ਦਰਸ਼ਕ ਆਪਣਾ ਰੋਲ ਮਾਡਲ ਕਿਸ ਨੂੰ ਮੰਨਣਗੇ, ਜਿਹੜੇ ਫ਼ਿਲਮੀ ਕਲਾਕਾਰਾਂ ਵਰਗੇ ਬਣਨਾ ਲੋਚਦੇ ਹਨ।
ਲੱਲੂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੈਨੂੰ ਅਦਾਕਾਰੀ ਦਾ ਸ਼ੌਕ ਸੀ, ਪਰ ਉਮਰ ਦੇ ਇਸ ਪੜਾਅ ‘ਤੇ ਇਹ ਪੂਰਾ ਹੋਣ ਲੱਗਾ ਹੈ। ਉਸ ਮੁਤਾਬਕ, ‘ਪਹਿਲੀ ਫਿਲਮ ਵਿੱਚ ਕੰਮ ਕਰਕੇ ਬੇਹੱਦ ਖੁਸ਼ੀ ਹੋਈ ਹੈ ਤੇ ਇਹ ਸਿਲਸਿਲਾ ਅੱਗੇ ਤੋਂ ਮੈਂ ਜਾਰੀ ਰੱਖਾਂਗਾ।’
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਲੱਲੂ ਗੈਂਗਸਟਰ ਹੈ ਤੇ ਉਸ ‘ਤੇ ਬਹੁਤ ਸਾਰੇ ਮੁਕੱਦਮੇ ਦਰਜ ਹਨ, ਪਰ ਪਤਾ ਨਹੀਂ ਕਿਵੇਂ ਉਸ ਨੂੰ ਫ਼ਿਲਮਾਂ ਵਿੱਚ ਲੈ ਲਿਆ ਗਿਆ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਭਾਰਤੀ ਸਿਨੇਮਾ ਕਿਹੜੇ ਪਾਸੇ ਨੂੰ ਤੁਰ ਪਿਆ ਹੈ। ਥੀਏਟਰ ਨਾਲ ਜੁੜੇ ਸੈਂਕੜੇ ਕਲਾਕਾਰ ਅੱਜ ਰੋਟੀ ਤੋਂ ਅਵਾਜ਼ਾਰ ਹਨ, ਉਨ੍ਹਾਂ ਨੂੰ ਕੋਈ ਕੰਮ ਨਹੀਂ ਦੇ ਰਿਹਾ, ਪਰ ਗੁੰਡੇ-ਬਦਮਾਸ਼ ਵੱਡੇ ਪਰਦੇ ‘ਤੇ ਨਜ਼ਰ ਆਉਣ ਲੱਗੇ ਨੇ। ਇਸ ਤੋਂ ਮਾੜੀ ਗੱਲ ਭਲਾਂ ਕੀ ਹੋ ਸਕਦੀ ਹੈ ਕਿ ਨੀਲੀਆਂ ਫ਼ਿਲਮਾਂ ਦੀ ਹੀਰੋਇਨ ਸੰਨੀ ਲਿਓਨ ਨੂੰ ਬਾਲੀਵੁੱਡ ਨੇ ਬੜੇ ਚਾਅ ਨਾਲ ਅਪਣਾਇਆ ਹੈ ਤੇ ਭਾਰਤ ਦੀਆਂ ਕੁੜੀਆਂ-ਚਿੜੀਆਂ ਦਾ ਵੱਡਾ ਹਿੱਸਾ ਸੰਨੀ ਲਿਓਨ ਨੂੰ ਰੋਲ ਮਾਡਲ ਮੰਨਣ ਲੱਗਾ ਹੈ।
*************
ਰਾਜ ਬਰਾੜ ਦੀ ਵਾਪਸੀ
ਕਿਸੇ ਵੇਲ਼ੇ ਪੰਜਾਬੀ ਗਾਇਕੀ ਵਿੱਚ ਰਾਜ ਬਰਾੜ ਦੀ ਤੂਤੀ ਬੋਲਦੀ ਸੀ, ਪਰ ਸਮੇਂ ਨਾਲ ਉਹ ਜ਼ਿੰਦਗੀ ਵਿੱਚ ਗ਼ਲਤ ਫ਼ੈਸਲੇ ਲੈਂਦਾ ਗਿਆ ਤੇ ਇਨ੍ਹਾਂ ਫ਼ੈਸਲਿਆਂ ਕਰਕੇ ਉਹ ਅਰਸ਼ ਤੋਂ ਫ਼ਰਸ਼ ‘ਤੇ ਆਉਂਦਾ ਗਿਆ। ਪਿੰਡ ਉਸ ਦਾ ਮੋਗਾ ਜ਼ਿਲ੍ਹੇ ਵਿੱਚ ਮੱਲਕੇ ਹੈ, ਪਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਧਾਨੀ ਰਹਿ ਰਿਹਾ ਹੈ।
ਉਸ ਦੀ ਚੰਗੀ ਸ਼ਾਇਰੀ ਤੇ ਅਵਾਜ਼ ਦੀ ਕਦਰ ਬਥੇਰੀ ਰਹੀ, ਪਰ ਸ਼ਰਾਬ ਦੀ ਲਤ ਨੇ ਉਸ ਨੂੰ ਹੀਰੋ ਤੋਂ ਜ਼ੀਰੋ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਦਾਰੂ ਪੀਣ ਦੀ ਉਸ ਦੀ ਆਦਤ ਬਾਰੇ ਸੋਸ਼ਲ ਮੀਡੀਆ ‘ਤੇ ਬੜੀਆਂ ਗੱਲਾਂ ਹੋਈਆਂ ਤੇ ਬਹੁਤਿਆਂ ਨੇ ਉਸ ਬਾਰੇ ਨਾਂਹਪੱਖੀ ਪ੍ਰਚਾਰ ਕੀਤਾ। ਪਰ ਹੁਣ ਉਹ ਮੁੱਖ ਧਾਰਾ ਵਿੱਚ ਆਉਂਦਾ ਜਾਪ ਰਿਹਾ ਹੈ। ਉਸ ਨੇ ਇੱਕ ਨਵਾਂ ਗਾਣਾ ‘ਗੁਨਾਹਗਾਰ’ ਰਿਲੀਜ਼ ਕੀਤਾ ਹੈ, ਜਿਹੜਾ ਉਸ ਦੀ ਆਪਣੀ ਆਦਤ ਅਤੇ ਜ਼ਿੰਦਗੀ ‘ਤੇ ਅਧਾਰਤ ਹੈ। ਗਾਣੇ ਦਾ ਵੀਡੀਓ ਕਮਾਲ ਦਾ ਹੈ ਤੇ ਬੋਲ ਵੀ ਵਧੀਆ ਨੇ। ਉਸ ਦੇ ਇਸ ਗਾਣੇ ਦੀ ਸ਼ਲਾਘਾ ਹੋ ਰਹੀ ਹੈ।
ਉਸ ਨੂੰ ਆਪਣੀ ਜ਼ਿੰਦਗੀ ਬਾਰੇ ਏਨਾ ਸੱਚ ਬੋਲਣ ‘ਤੇ ਸ਼ਾਬਾਸ਼। ਪੰਜਾਬ ਦੇ ਬਹੁਤ ਸਾਰੇ ਚੰਗੇ ਕਲਾਕਾਰਾਂ ਨੂੰ ਦਾਰੂ ਪੀ ਗਈ।
ਬਹੁਤ ਸਾਰੇ ਮਸ਼ਹੂਰ ਕਲਾਕਾਰਾਂ ਨੂੰ ਮੈਂ ਲੋਕਾਂ ਦੇ ਪੈਰਾਂ ਵਿੱਚ ਡਿੱਗਦੇ ਅੱਖੀਂ ਦੇਖਿਆ ਹੈ। ਬਹੁਤੇ ਕਲਾਕਾਰ ਦਾਰੂ ਦੀ ਆਦਤ ਪਾਲਦੇ ਕਦੇ ਕਬੂਲ ਵੀ ਨਹੀਂ ਕਰਦੇ ਕਿ ਅਸੀਂ ਦਾਰੂਬਾਜ਼ ਹਾਂ। ਪਰ ਰਾਜ ਨੇ ਇਹ ਗੱਲ ਕਬੂਲ ਕੀਤੀ ਹੈ ਤੇ ਵਾਪਸ ਪਹਿਲੀ ਜ਼ਿੰਦਗੀ ਵਿੱਚ ਆਉਣ ਦਾ ਸੰਕੇਤ ਵੀ ਦਿੱਤਾ ਹੈ। ਅਸੀਂ ਉਸ ਦੀ ਚੰਗੀ ਸਿਹਤ ਤੇ ਗਾਇਕੀ-ਅਦਾਕਾਰੀ ਵਿੱਚ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ, ਪਰ ਨਾਲ ਹੀ ਇਹ ਵੀ ਕਹਾਂਗੇ ਕਿ ਉਸ ਨੂੰ ਇਰਾਦਾ ਹੋਰ ਪੱਕਾ ਕਰਨਾ ਚਾਹੀਦਾ ਹੈ। ਕੱਲ੍ਹ ਨੂੰ ਜੇ ਉਹ ਮੁੜ ਪਹਿਲੀ ਆਦਤ ਵੱਲ ਮੁੜ ਗਿਆ ਤਾਂ ਲੋਕਾਂ ਦੀ ਹਮਦਰਦੀ ਮੁੜ ਉਲਟ ਪਾਸੇ ਤੁਰ ਸਕਦੀ ਹੈ।

You must be logged in to post a comment Login