ਦਿੱਲੀ ਹਿੰਸਾ ਨਾਲ ਨਜਿੱਠਣਾ ਭਾਰਤ ਦਾ ਮਸਲਾ: ਟਰੰਪ

ਦਿੱਲੀ ਹਿੰਸਾ ਨਾਲ ਨਜਿੱਠਣਾ ਭਾਰਤ ਦਾ ਮਸਲਾ: ਟਰੰਪ

ਨਵੀਂ ਦਿੱਲੀ : ਦੋ ਰੋਜ਼ਾ ਫੇਰੀ ’ਤੇ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਲੀ ਵਿੱਚ ਜਾਰੀ ਹਿੰਸਾ ’ਤੇ ਕੋਈ ਟਿੱਪਣੀ ਕਰਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਭਾਰਤ ਇਨ੍ਹਾਂ ਹਾਲਾਤ ਨਾਲ ਕਿਵੇਂ ਨਜਿੱਠਦਾ ਹੈ, ਇਸ ਉਸ ’ਤੇ ਨਿਰਭਰ ਹੈ। ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ (ਹੈਦਰਾਬਾਦ ਹਾਊਸ ਵਿੱਚ) ਕੀਤੀ ਵਿਸਥਾਰਤ ਚਰਚਾ ਦੌਰਾਨ ਮੁਸਲਮਾਨਾਂ ਨਾਲ ਹੁੰਦੇ ਵਿਤਕਰੇ ਤੇ ਧਾਰਮਿਕ ਆਜ਼ਾਦੀ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਹੈ। ਅਮਰੀਕੀ ਸਦਰ ਨੇ ਕਿਹਾ ਕਿ ਇਹ ਭਾਰਤੀ ਆਗੂ (ਮੋਦੀ) ਲੋਕਾਂ ਨੂੰ ਉਨ੍ਹਾਂ ਦੀ (ਧਾਰਮਿਕ) ਆਜ਼ਾਦੀ ਦੇਣ ਦਾ ਹਾਮੀ ਹੈ। ਅਮਰੀਕੀ ਸਦਰ ਨੇ ਕਿਹਾ ਕਿ ਉਹ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਬਾਰੇ ਕੁਝ ਨਹੀਂ ਬੋਲਣਗੇ, ਕਿਉਂਕਿ ਇਹ ਭਾਰਤ ਦੀ ਮਰਜ਼ੀ ਹੈ। ਟਰੰਪ ਨੇ ਕਿਹਾ ਕਿ ਉਹ ਸੀਏਏ ਨੂੰ ਲੈ ਕੇ ਕਿਸੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ ਤੇ ਇਹ ਭਾਰਤ ਦੀ ਮਰਜ਼ੀ ’ਤੇ ਨਿਰਭਰ ਹੈ। ਉਂਜ ਆਸ ਕਰਦੇ ਹਾਂ ਕਿ ਭਾਰਤ ਆਪਣੇ ਲੋਕਾਂ ਲਈ ਸਹੀ ਫੈਸਲਾ ਲਏਗਾ। ਟਰੰਪ ਨੇ ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ‘ਵੱਡੀ ਮੁਸ਼ਕਲ’ ਦੱਸਦਿਆਂ ਦੋਵਾਂ ਮੁਲਕਾਂ ਵਿੱਚ ਬਣੀ ਤਲਖ਼ੀ ਨੂੰ ਘਟਾਉਣ ਲਈ ਸਾਲਸ ਦੀ ਭੂਮਿਕਾ ਨਿਭਾਉਣ ਦੀ ਆਪਣੀ ਪੇਸ਼ਕਸ਼ ਦੁਹਰਾਈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨਾਲ ਚੰਗਾ ਸਮੀਕਰਨ ਹੈ ਤੇ ਉਹ ਸਰਹੱਦ ਪਾਰੋਂ ਦਹਿਸ਼ਤਵਾਦ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।
ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਟਰੰਪ ਨੇ ਮੋਦੀ ਨੂੰ ‘ਡਾਢਾ’ ਆਗੂ ਤੇ ਭਾਰਤ ਨੂੰ ‘ਸ਼ਾਨਦਾਰ ਮੁਲਕ’ ਦੱਸਿਆ। ਟਰੰਪ ਨੇ ਕਿਹਾ, ‘ਅਸੀਂ ਧਾਰਮਿਕ ਆਜ਼ਾਦੀ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਭਾਰਤ ਵਿੱਚ ਲੋਕਾਂ ਨੂੰ ਧਾਰਮਿਕ ਆਜ਼ਾਦੀ ਦੇਣ ਦੇ ਖਾਹਿਸ਼ਮੰਦ ਹਨ…ਜੇਕਰ ਤੁਸੀਂ ਪਿੱਛਲ ਝਾਤ ਮਾਰੋ ਤਾਂ ਪਤਾ ਲੱਗੇਗਾ ਕਿ ਭਾਰਤ ਨੇ ਧਾਰਮਿਕ ਆਜ਼ਾਦੀ ਲਈ ਕਿੰਨੀ ਸਖ਼ਤ ਘਾਲਣਾ ਘਾਲੀ ਹੈ।’ ਦਿੱਲੀ ਵਿੱਚ ਹਾਲੀਆ ਹਿੰਸਾ ਦੀਆਂ ਘਟਨਾਵਾਂ ਬਾਰੇ ਪੁੱਛੇ ਜਾਣ ’ਤੇ ਅਮਰੀਕੀ ਸਦਰ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ’ਤੇ ਹਮਲਿਆਂ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਕੋਈ ਚਰਚਾ ਨਹੀਂ ਹੋਈ ਤੇ ‘ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।’

You must be logged in to post a comment Login