ਨਿਊਯਾਰਕ ਦੇ ਟਾਈਮਜ਼ ਸੁਕੇਅਰ ‘ਤੇ ਛਾਇਆ ਬਜ਼ੁਰਗ ਸਿੱਖ ਮਾਡਲ

ਨਿਊਯਾਰਕ ਦੇ ਟਾਈਮਜ਼ ਸੁਕੇਅਰ ‘ਤੇ ਛਾਇਆ ਬਜ਼ੁਰਗ ਸਿੱਖ ਮਾਡਲ

ਨਿਊਯਾਰਕ : ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸੁਕੇਅਰ ‘ਤੇ ਪਿਛਲੇ ਕਈ ਦਿਨਾਂ ਤੋਂ ਬਜ਼ੁਰਗ ਸਿੱਖ ਦੀ ਇਹ ਤਸਵੀਰ ਨਜ਼ਰ ਆ ਰਹੀ ਹੈ ਜੋ ਇਕ ਅਮਰੀਕੀ ਕੰਪਨੀ ਦੇ ਕਾਸਮੈਟਿਕ ਪ੍ਰੋਡਕਟ ਦਾ ਪ੍ਰਚਾਰ ਕਰ ਰਹੇ ਹਨ। ਬਹੁਤ ਸਾਰੇ ਲੋਕ ਇਸ ਤਸਵੀਰ ਨਾਲ ਸੈਲਫ਼ੀਆਂ ਵੀ ਲੈਂਦੇ ਦੇਖੇ ਜਾ ਸਕਦੇ ਹਨ। ਜਦਕਿ ਸਿੱਖ ਅਤੇ ਭਾਰਤੀ ਅਮਰੀਕੀ ਇਸ ਬਜ਼ੁਰਗ ਸਿੱਖ ਮਾਡਲ ਦੀ ਟਾਈਮਜ਼ ਸੁਕੇਅਰ ‘ਤੇ ਲੱਗੀ ਤਸਵੀਰ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ। ਦਰਅਸਲ ਇਹ ਸਰਦਾਰ ਜੀ ਨਾਰਥਰਿਜ ਕੈਲੀਫ਼ੋਰਨੀਆ ਦੇ ਰਹਿਣ ਵਾਲੇ 74 ਸਾਲਾ ਪ੍ਰੀਤਮ ਸਿੰਘ ਹਨ। ਜੋ ਇਸ ਤਸਵੀਰ ਵਿਚ ਅਪਣੀਆਂ ਦਾੜ੍ਹੀ-ਮੁੱਛਾਂ ਨੂੰ ਤਾਅ ਦਿੰਦੇ ਨਜ਼ਰ ਆ ਰਹੇ ਹਨ।
ਬਜ਼ੁਰਗ ਸਿੱਖ ਮਾਡਲ ਪ੍ਰੀਤਮ ਸਿੰਘ ਨੂੰ ਇਕ ਅਮਰੀਕੀ ਕੰਪਨੀ ਨੇ ਅਪਣਾ ਮਾਡਲ ਬਣਾਇਆ ਹੈ ਜੋ ਸ਼ੇਵਿੰਗ ਅਤੇ ਗਰੂਮਿੰਗ ਪ੍ਰੋਡਕਟ ਬਣਾਉਂਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਨਵਾਂ ਪ੍ਰੋਡਕਟ ਬੀਅਰਡ ਆਇਲ ਯਾਨੀ ਕਿ ਦਾੜ੍ਹੀ-ਮੁੱਛਾਂ ਨੂੰ ਮਜ਼ਬੂਤ ਅਤੇ ਵਧੀਆ ਬਣਾਉਣ ਵਾਲਾ ਤੇਲ ਬਣਾਇਆ ਹੈ। ਇਸ ਇਸ਼ਤਿਹਾਰ ਜ਼ਰੀਏ ਉਸੇ ਪ੍ਰੋਡਕਟ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਉਨ੍ਹਾਂ ਅਮਰੀਕੀਆਂ ਨੂੰ ਆਕਰਸ਼ਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਅਪਣੀਆਂ ਦਾੜ੍ਹੀ-ਮੁੱਛਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਨ। ਕੰਪਨੀ ਨੇ ਇਸ ਇਸ਼ਤਿਹਾਰ ਵਿਚ ਸਿੱਖਾਂ ਪ੍ਰਤੀ ਸਨਮਾਨ ਜ਼ਾਹਰ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਵੀ ਸਨਮਾਨ ਕੀਤਾ ਹੈ। ਕੰਪਨੀ ਨੇ ਅਪਣੀ ਟੈਗ ਲਾਈਨ ਵਿਚ ਲਿਖਿਆ ਹੈ ”ਇਹ ਬੀਅਰਡ ਆਇਲ ਹੈ ਕਿਉਂਕਿ ਕੁੱਝ ਲੋਕਾਂ ਲਈ ਦਾੜ੍ਹੀ ਹੀ ਧਰਮ ਹੈ।” ਦਸ ਦਈਏ ਕਿ ਸਿੱਖ ਮਾਡਲ ਪ੍ਰੀਤਮ ਸਿੰਘ ਮੂਲ ਤੌਰ ‘ਤੇ ਰਿਆਸਤੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ ਜੋ 1983 ਵਿਚ ਅਮਰੀਕਾ ਆ ਗਏ ਸਨ। ਉਹ ਇਥੇ ਇਕ ਰਿਅਲ ਅਸਟੇਟ ਕੰਪਨੀ ਚਲਾਉਂਦੇ ਹਨ। ਐਕਟਿੰਗ ਉਨ੍ਹਾਂ ਦਾ ਸ਼ੌਕ ਹੈ, ਜਿਸ ਨੂੰ ਉਹ ਹੁਣ ਕਰੀਅਰ ਵੀ ਬਣਾ ਚੁਕੇ ਹਨ।

You must be logged in to post a comment Login