ਪਾਕਿ ‘ਚ ਪਹਿਲੀ ਵਾਰ ਇਕ ਸਿੱਖ ਬਣਿਆ ਪਾਰਲੀਮਾਨੀ ਸਕੱਤਰ

ਪਾਕਿ ‘ਚ ਪਹਿਲੀ ਵਾਰ ਇਕ ਸਿੱਖ ਬਣਿਆ ਪਾਰਲੀਮਾਨੀ ਸਕੱਤਰ

ਲਾਹੌਰ : ਜਿਥੇ ਪਾਕਿਸਤਾਨ ਸਰਕਾਰ ਸਿੱਖਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਜਾ ਰਹੀ ਹੈ, ਉਥੇ ਹੀ ਹੁਣ ਪਾਕਿ ਨੇ ਪਹਿਲੀ ਵਾਰ ਸਿੱਖ ਨੂੰ ਪਾਰਲੀਮਾਨੀ ਸਕੱਤਰ ਨਿਯੁਕਤ ਕਰ ਕੇ ਪਾਕਿਸਤਾਨ ਸਰਕਾਰ ਨੇ ਸਿੱਖਾਂ ਪ੍ਰਤੀ ਅਪਣੀ ਦਰਿਆ ਦਿਲੀ ਵਿਖਾ ਦਿਤੀ ਹੈ। ਪਾਕਿਸਤਾਨ ਸਰਕਾਰ ਨੇ ਮਹਿੰਦਰਪਾਲ ਸਿੰਘ ਨਾਮਕ ਸਿੱਖ ਨੂੰ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਮਹਿੰਦਰਪਾਲ ਸਿੰਘ ਲਹਿੰਦੇ ਪੰਜਾਬ ਦੀ ਅਸੈਂਬਲੀ ਦਾ ਮੈਂਬਰ ਹੈ ਜਿਸ ਨੂੰ ਪਾਕਿਸਤਾਨ ਸਰਕਾਰ ਨੇ ਪਾਰਲੀਮਾਨੀ ਸਕੱਤਰ ਨਿਯੁਕਤ ਕੀਤਾ ਹੈ। ਮਹਿੰਦਰਪਾਲ ਸਿੰਘ ਨੇ ਅਪਣੇ ਅਹੁਦੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਤੋਂ ਨੁਮਾਇੰਦਿਆਂ ਦਾ ਚੁਣੇ ਜਾਣਾ ਦੇਸ਼ ਲਈ ਚੰਗਾ ਸੰਕੇਤ ਹੈ। ਪਿਛਲੇ ਦਿਨੀਂ ਇਕ ਸਿੱਖ ਨੌਜਵਾਨ ਨੂੰ ਪੰਜਾਬ ਦੇ ਰਾਜਪਾਲ ਦਾ ਲੋਕ ਸੰਪਰਕ ਅਧਿਕਾਰੀ ਨਿਯੁਕਤ ਕੀਤੇ ਜਾਣ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹਿੰਦੂ ਔਰਤ ਨੂੰ ਸਿੰਧ ਦੀ ਸਿਵਲ ਜੱਜ ਲਾਏ ਜਾਣ ਤੋਂ ਘੱਟ ਗਿਣਤੀਆਂ ਭਾਈਚਾਰਿਆਂ ਵਿਚ ਦੇਸ਼ ਪ੍ਰਤੀ ਵਿਸ਼ਵਾਸ ਵਧਣ ਦਾ ਸੰਕੇਤ ਹੈ। ਮਹਿੰਦਰਪਾਲ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੀ ਟਿਕਟ ‘ਤੇ ਮੁਲਤਾਨ ਤੋਂ ਐਮਪੀਏ ਚੁਣਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਸਰਕਾਰ ਵਲੋਂ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ।

You must be logged in to post a comment Login