ਪਾਵਰਕੌਮ ਮੁਲਾਜ਼ਮਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਰੋਸ ਮੁਜ਼ਾਹਰਾ

ਪਾਵਰਕੌਮ ਮੁਲਾਜ਼ਮਾਂ ਵੱਲੋਂ ਵਰ੍ਹਦੇ ਮੀਂਹ ਵਿੱਚ ਰੋਸ ਮੁਜ਼ਾਹਰਾ

ਐਸ.ਏ.ਐਸ. ਨਗਰ : ਪੰਜਾਬ ਸਰਕਾਰ ਦੇ ‘ਨੋ ਵਰਕ ਨੋ ਪੇਅ’ ਦੇ ਹੁਕਮਾਂ ਖ਼ਿਲਾਫ਼ ਪਾਵਰਕੌਮ ਦੇ ਮੁਲਾਜ਼ਮ ਵੀ ਸੜਕਾਂ ’ਤੇ ਉੱਤਰ ਆਏ ਹਨ। ਪਾਵਰਕੌਮ ਦੇ ਸਮੂਹ ਕਰਮਚਾਰੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀਐਸਯੂ) ਪੰਜਾਬ ਵੱਲੋਂ ਉਲੀਕੇ ਸੰਘਰਸ਼ ਦੇ ਤਹਿਤ ਲੰਘੀ ਰਾਤ 12 ਵਜੇ ਤੋਂ 24 ਘੰਟੇ ਦੀ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਖਪਤਕਾਰਾਂ ਤੇ ਅਧਿਕਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੌਮ ਮੁਲਾਜ਼ਮਾਂ ਨੇ ਵਰ੍ਹਦੇ ਮੀਂਹ ਵਿੱਚ ਮੁਹਾਲੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਟੀਐੱਸਯੂ ਦੇ ਡਿਵੀਜ਼ਨ ਪ੍ਰਧਾਨ ਜਨਕ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਪਾਵਰਕੌਮ ਮੈਨੇਜਮੈਂਟ ਵਿੱਚ ਰੈਗੂਲਰ ਭਰਤੀ ਨਾ ਕਰਕੇ ਠੇਕੇਦਾਰੀ ਸਿਸਟਮ ਰਾਹੀਂ ਪਾਵਰਕੌਮ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ। ਜਿਹੜੇ ਬਿਜਲੀ ਕਾਮੇ ਘੱਟ ਗਿਣਤੀ ਹੋਣ ਦੇ ਬਾਵਜੂਦ ਦਿਨ ਰਾਤ ਕੰਮ ਕਰਦੇ ਹਨ। ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਤੇ ਖਾਲੀ ਅਸਾਮੀਆਂ ਭਰਨ ਦੀ ਥਾਂ ਉਨ੍ਹਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਧਾਰਨ ਅੜੀਅਲ ਰਵੱਈਏ ਕਾਰਨ ਉਹ ਧਰਨੇ ਵਿੱਚ ਸ਼ਾਮਲ ਹੋਏ ਹਨ।
ਹੜਤਾਲ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ – ਦਿਨ ਵਿੱਚ ਬਿਜਲੀ ਸਪਲਾਈ ਵਿੱਚ ਪਏ ਵਿਘਨ ਠੀਕ ਕਰਨ ਲਈ ਕੋਈ ਕਰਮਚਾਰੀ ਡਿਊਟੀ ’ਤੇ ਨਹੀਂ ਪਰਤਿਆ ਜਿਸ ਕਾਰਨ ਪਾਵਰਕੌਮ ਦੇ ਅਧਿਕਾਰੀਆਂ ਨੂੰ ਪ੍ਰਾਈਵੇਟ ਕਰਮਚਾਰੀਆਂ ਨੂੰ ਦਿਹਾੜੀ ’ਤੇ ਲਗਾ ਕੇ ਬੁੱਤਾ ਸਾਰਨਾ ਪਿਆ। ਗੁਰੂ ਅੰਗਦ ਦੇਵ ਨਗਰ, ਰੰਧਾਵਾ ਰੋਡ, ਖਰੜ ਤੇ ਹੋਰਨਾਂ ਥਾਵਾਂ ’ਤੇ ਬੀਤੀ ਰਾਤ ਕਰੀਬ 10 ਵਜੇ ਮੀਂਹ ਕਾਰਨ ਅਚਾਨਕ ਬਿਜਲੀ ਗੁੱਲ ਹੋ ਗਈ ਸੀ ਪਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬਿਜਲੀ ਨਹੀਂ ਆਈ। ਇਸ ਸਬੰਧੀ ਪਾਵਰਕੌਮ ਦੇ ਸ਼ਿਕਾਇਤ ਘਰ ਵਿੱਚ ਤਾਲਮੇਲ ਕਰਨ ’ਤੇ ਭਰੋਸਾ ਦਿੱਤਾ ਗਿਆ ਕਿ ਅਨਾਜ ਮੰਡੀ ਵਾਲੇ ਫੀਡਰ ਵਿੱਚ ਤਕਨੀਕੀ ਨੁਕਸ ਪੈ ਗਿਆ ਹੈ ਅਤੇ ਸ਼ਾਮ ਚਾਰ ਵਜੇ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ ਪਰੰਤੂ ਬਿਜਲੀ ਨਹੀਂ ਆਈ। ਇਸ ਤੋਂ ਬਾਅਦ ਐੱਸਡੀਓ ਸਮੀਰ ਭਾਰਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਸਾਰੇ ਮੁਲਾਜ਼ਮ ਲੰਘੀ ਰਾਤ 12 ਵਜੇ ਤੋਂ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਇਹ ਦਿੱਕਤ ਆ ਰਹੀ ਹੈ।

You must be logged in to post a comment Login