ਪੀਜ਼ੇ-ਬਰਗਰਾਂ ਵਾਲਾ ਲੰਗਰ ਖਾ ਕੇ ਦੇਖੋ ਕੀ ਬੋਲੀ ਸੁਲਤਾਨਪੁਰ ਲੋਧੀ ਪਹੁੰਚੀ ਸੰਗਤ

ਪੀਜ਼ੇ-ਬਰਗਰਾਂ ਵਾਲਾ ਲੰਗਰ ਖਾ ਕੇ ਦੇਖੋ ਕੀ ਬੋਲੀ ਸੁਲਤਾਨਪੁਰ ਲੋਧੀ ਪਹੁੰਚੀ ਸੰਗਤ

ਸੁਲਤਾਨਪੁਰ ਲੋਧੀ- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਵਿਖੇ ਬਹੁਤ ਹੀ ਵੱਡਾ ਸਮਾਗਮ ਕੀਤਾ ਗਿਆ ਹੈ ਜਿੱਥੇ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਵੀ ਹਨ ਅਤੇ ਇਸ ਸਮਾਗਮ ਦਾ ਆਨੰਦ ਮਾਣ ਰਹੀਆਂ ਹਨ। ਉੱਥੇ ਹੀ ਇੱਥੇ ਪਹੁੰਚੀਆਂ ਸੰਗਤਾਂ ਲਈ ਪੀਜ਼ੇ ਅਤੇ ਬਰਗਰਾ ਦਾ ਲੰਗਰ ਵੀ ਲਗਾਇਆ ਗਿਆ ਹੈ ਜਿਸ ਦੇ ਸਬੰਧ ਵਿਚ ਸਪੋਕਸਮੈਨ ਟੀ.ਵੀ ਵੱਲੋਂ ਸੁਲਤਾਨਪੁਰ ਲੋਧੀ ਪਹੁੰਚੀ ਸੰਗਤ ਨਾਲ ਖਾਸ ਗੱਲਬਾਤ ਕੀਤੀ ਗਈ ਅਤੇ ਸੰਗਤਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦਾ ਇਸ ਬਰਗਰ, ਪੀਜ਼ੇ ਦੇ ਲੰਗਰ ਬਾਰੇ ਕੀ ਕਹਿਣਾ ਹੈ।ਇਸ ਲੰਗਰ ਦੇ ਸਬੰਧ ਵਿਚ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪੀਜ਼ੇ, ਬਰਗਰ ਦਾ ਲੰਗਰ ਇਸ ਕਰ ਕੇ ਲਗਾਇਆ ਗਿਆ ਹੈ ਕਿਉਂਕਿ ਨਵੀਂ ਪੀੜ੍ਹੀ ਇਸ ਤਰ੍ਹਾਂ ਦੇ ਫਾਸਟ ਫੂਡ ਨੂੰ ਜ਼ਿਆਦਾ ਪਸੰਦ ਕਰਦੀ ਹੈ ਅਤੇ ਖੁਸ਼ ਹੋ ਕੇ ਵੀ ਖਾਂਦੀ ਹੈ। ਇਸ ਲੰਗਰ ਨੂੰ ਲੈ ਕੇ ਇਕ ਨੌਜਵਾਨ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦਾ ਲੰਗਰ ਪਹਿਲਾ ਵਾਰ ਖਾਣ ਨੂੰ ਮਿਲਿਆ ਹੈ ਉਹ ਵੀ ਵੱਖ-ਵੱਖ ਤਰ੍ਹਾਂ ਦਾ ਅਤੇ ਸੰਗਤਾਂ ਵੀ ਖੁਸ਼ ਹੋ ਕੇ ਖਾ ਰਹੀਆਂ ਹਨ। ਸਤਨਾਮ ਸਿੰਘ ਜੋ ਕਿ ਗੋਇੰਦਵਾਲ ਸਾਹਿਬ ਤੋਂ ਇਸ ਲੰਗਰ ਵਿਚ ਸੇਵਾ ਕਰਨ ਲਈ ਪਹੁੰਚੇ ਹਨ ਉਹਨਾਂ ਦਾ ਕਹਿਣਾ ਹੈ ਕਿ ਲੰਗਰ ਦੇ ਪ੍ਰਬੰਧ ਤਾਂ ਬਹੁਤ ਵਧੀਆਂ ਹਨ ਅਤੇ ਸੰਗਤਾਂ ਵੀ ਖੁਸ਼ ਹੋ ਕੇ ਖਾ ਰਹੀਆਂ ਹਨ।

ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਦਾਲ ਰੋਟੀ ਦਾ ਲੰਗਰ ਸਭ ਤੋਂ ਵਧੀਆਂ ਹੈ ਕਿਉਂਕਿ ਉਸ ਵਿਚ ਗਰੀਬਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿਚੋਂ ਦਾਨ ਕੀਤਾ ਜਾਂਦਾ ਹੈ ਅਤੇ ਉਹ ਲੰਗਰ ਸਿਹਤ ਨੂੰ ਖ਼ਰਾਬ ਵੀ ਨਹੀਂ ਕਰਦਾ ਅਤੇ ਨਾ ਹੀ ਲੰਗਰ ਦੀ ਬੇਅਦਬੀ ਹੁੰਦੀ ਹੈ। ਨਸੀਰਪੁਰ ਦੇ ਰਹਿਣ ਵਾਲੇ ਮੰਗਲ ਸਿੰਘ ਦਾ ਕਹਿਣਾ ਹੈ ਕਿ ਇਸ ਲੰਗਰ ਵਿਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਸਿੱਖ ਸੰਗਤ ਨੇ ਬਾਬੇ ਨਾਨਕ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਸਾਰੀ ਕਮੀ ਪੂਰੀ ਕਰ ਦਿੱਤੀ ਹੈ।ਉਹਨਾਂ ਕਿਹਾ ਕਿ ਬਰਗਰ, ਪੀਜ਼ੇ ਦਾ ਲੰਗਰ ਸਹੀ ਤਾਂ ਹੈ ਪਰ ਪੁਰਾਣੀ ਪੀੜ੍ਹੀ ਦੇ ਬਜ਼ੁਰਗਾਂ ਅਨੁਸਾਰ ਦਾਲ ਰੋਟੀ ਦਾ ਲੰਗਰ ਸਭ ਤੋਂ ਵਧੀਆ ਹੈ ਦਾਲ ਰੋਟੀ ਵਾਲੇ ਲੰਗਰ ਦੀ ਕੋਈ ਹੋਰ ਲੰਗਰ ਰੀਸ ਨਹੀਂ ਕਰ ਸਕਦਾ। ਹਰਮਿੰਦਰ ਸਿਂਘ ਦਾ ਕਹਿਣਾ ਹੈ ਕਿ ਬਾਬੇ ਨਾਨਕ ਨੇ ਤਾਂ 20 ਰੁਪਏ ਦਾ ਲੰਗਰ ਲਗਾਇਆ ਸੀ ਪਰ ਬਾਬੇ ਨਾਨਕ ਦੀ ਕ੍ਰਿਪਾ ਨਾਲ ਅੱਜ 20 ਲੱਖ ਤੋਂ ਵੱਧ ਦਾ ਲੰਗਰ ਚੱਲ ਰਿਹਾ। ਇਸ ਲੰਗਰ ਨੂੰ ਲੈ ਕੇ ਇਕ ਬਜ਼ੁਰਗ ਬੀਬੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਾਲ ਰੋਟੀ ਦਾ ਲੰਗਰ ਸਭ ਤੋਂ ਜ਼ਿਆਦਾ ਸਵਾਦ ਲੱਗਾ ਅਤੇ ਉਹਨਾਂ ਨੇ ਖੂਬ ਮਜ਼ੇ ਨਾਲ ਖਾਂਦਾ ਅਤੇ ਸਭ ਤੋਂ ਵਧੀਆ ਲੰਗਰ ਪਰਸ਼ਾਦੇ ਦਾ ਹੀ ਹੁੰਦਾ ਹੈ ਜੋ ਸਾਰੀ ਉਮਰ ਨਾਲ ਨਿਭਦਾ ਹੈ। ਗੁਰਮੀਤ ਕੌਰ ਦਾ ਕਹਿਣਾ ਹੈ ਦਾਲ ਫੁਲਕੇ ਦਾ ਲੰਗਰ ਚਲਣਾ ਚਾਹੀਦਾ ਹੈ ਅਤੇ ਬਾਬੇ ਨਾਨਕ ਨੇ ਵੀ ਦਾਲ ਰੋਟੀ ਦਾ ਹੀ ਲੰਗਰ ਚਲਾਇਆ ਸੀ ਜੋ ਕਿ ਸਿਹਤ ਲਈ ਵੀ ਠੀਕ ਹੈ। ਉੱਥੇ ਹੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਲੰਗਰ ਲਗਾਉਣਾ ਤਾਂ ਸਭ ਦੀ ਆਪੋ-ਆਪਣੀ ਸ਼ਰਧਾ ਹੈ ਪਰ ਸੰਗਤ ਨੂੰ ਜੋ ਚੰਗਾ ਲੱਗਦਾ ਹੈ ਉਹ ਉਹੀ ਲੰਗਰ ਸ਼ਕ ਰਹੀ ਹੈ ਅਤੇ ਜਿਸ ਨੇ ਸਿੱਖਿਆ ਲੈਣੀ ਹੈ ਉਹ ਸਿੱਖਿਆ ਵੀ ਲੈ ਰਿਹਾ ਹੈ। ਗੁਰਵਿੰਦਰ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ ਦਾਲ ਰੋਟੀ ਦਾ ਲੰਗਰ ਸਭਤੋਂ ਵਧੀਆ ਹੈ ਜੋ ਕਿ ਸਿਹਤ ਲਈ ਵੀ ਠੀਕ ਹੈ। ਇਕ ਹੋਰ ਸਿੱਖ ਦਾ ਕਹਿਣਾ ਹੈ ਕਿ ਫਾਸਟ ਫੂਡ ਦਾ ਲੰਗਰ ਸਿਰਫ਼ ਮਨ ਨੂੰ ਤਸੱਲੀ ਦੇਣ ਲਈ ਹੀ ਹੈ ਪਰ ਸਭ ਤੋਂ ਵਧੀਆ ਤਾਂ ਦਾਲ ਰੋਟੀ ਦਾ ਲੰਗਰ ਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਫਾਸਟ ਫੂਡ ਨਾਲ ਕੋਈ ਵੀ ਬਿਮਾਰੀ ਨਹੀਂ ਲੱਗ ਸਕਦੀ ਕਿਉਂਕਿ ਸਭ ਕੁੱਝ ਪੂਰੀ ਸ਼ੁੱਧਤਾ ਨਾਲ ਤਿਆਰ ਕੀਤਾ ਜਾ ਰਿਹਾ ਹੈ ਬਾਕੀ ਬਾਬੇ ਨਾਨਕ ਦੀ ਕਿਰਪਾ ਤਾਂ ਹੈਗੀ ਹੀ ਹੈ। ਦੱਸ ਦਈਏ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ 60 ਤਰ੍ਹਾਂ ਦਾ ਲੰਗਰ ਲਗਾਇਆ ਗਿਆ ਹੈ ਅਤੇ ਸੰਗਤਾਂ ਵੱਧ ਚੜ੍ਹ ਕੇ ਸੇਵਾ ਵੀ ਕਰ ਰਹੀਆਂ ਹਨ।

You must be logged in to post a comment Login