ਪੁੱਡਾ ਤੇ ਹੋਰਨਾਂ ਅਥਾਰਟੀਆਂ ਵਲੋਂ ਜਾਇਦਾਦਾਂ ਦੀ ਈ-ਨਿਲਾਮੀ 1 ਜੁਲਾਈ ਤੋਂ

ਪੁੱਡਾ ਤੇ ਹੋਰਨਾਂ ਅਥਾਰਟੀਆਂ ਵਲੋਂ ਜਾਇਦਾਦਾਂ ਦੀ ਈ-ਨਿਲਾਮੀ 1 ਜੁਲਾਈ ਤੋਂ

ਚੰਡੀਗੜ੍ਹ : ਪੁੱਡਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰ ਰਹੀਆਂ ਹੋਰ ਸਾਰੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਭਾਵ ਗਮਾਡਾ, ਪੀ.ਡੇ.ਏ. ਗਲਾਡਾ, ਏ.ਡੀ.ਏ., ਜੇ.ਡੀ.ਏ. ਅਤੇ ਬੀ.ਡੀ.ਏ. ਵਲੋਂ ਸੂਬੇ ਭਰ ਵਿਚ ਅਪਣੇ ਅਧਿਕਾਰ ਖੇਤਰ ਹੇਠ ਆਉਂਦੀਆਂ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ 1 ਜੁਲਾਈ, 2019 ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਈ-ਨਿਲਾਮੀ 10 ਜੁਲਾਈ, 2019 ਨੂੰ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਟਲ, ਗਰੁੱਪ ਹਾਊਸਿੰਗ, ਵਪਾਰਕ ਜ਼ਮੀਨਾਂ ਅਤੇ ਸਕੂਲ ਵਰਗੀਆਂ ਸੰਸਥਾਗਤ ਪ੍ਰਾਪਰਟੀਆਂ ਅਤੇ ਛੋਟੀਆਂ ਕਮਰਸ਼ੀਅਲ ਸਾਈਟਾਂ (ਐਸ.ਸੀ.ਐਫ., ਬੂਥ, ਐਸ.ਸੀਓਜ਼, ਬਿਲਟ-ਅਪ ਬੂਥ, ਦੋ ਮੰਜ਼ਿਲਾ ਦੁਕਾਨਾਂ ਆਦਿ) ਦੀ ਨਿਲਾਮੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੋਹਾਲੀ, ਲੁਧਿਆਣਾ, ਜਲੰਧਰ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਅਬੋਹਰ, ਫ਼ਰੀਦਕੋਟ, ਮਲੋਟ, ਗੁਰਦਾਸਪੁਰ, ਮੁਕੇਰੀਆਂ, ਫਗਵਾੜਾ, ਨਾਭਾ, ਫਿਲੌਰ ਅਤੇ ਮਾਨਸਾ ਵਿਖੇ ਸਥਿਤ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਵੀ ਕੀਤੀ ਜਾਵੇਗੀ। ਗਮਾਡਾ ਦੇ ਅਧਿਕਾਰ ਖੇਤਰ ਹੇਠ ਆਉਂਦੇ ਆਈ.ਟੀ. ਸਿਟੀ ਵਿਖੇ ਸਥਿਤ ਉਦਯੋਗਿਕ ਪਲਾਟਾਂ ਤੋਂ ਇਲਾਵਾ ਹੋਰ ਵਪਾਰਕ ਸੰਪੱਤੀਆਂ ਜਿਵੇਂ ਬੂਥਾਂ, ਐਸ.ਸੀ.ਓਜ਼, ਐਸ.ਸੀ.ਐਫ. ਐਸ.ਐਸ.ਐਸ ਦੀ ਨਿਲਾਮੀ ਦੇ ਨਾਲ ਐਸ.ਏ.ਐਸ. ਨਗਰ ਦੇ ਵੱਖ-ਵੱਖ ਸੈਕਟਰਾਂ ਵਿਚ ਸਥਿਤ ਰਿਹਾਇਸ਼ੀ ਪਲਾਟਾਂ ਅਤੇ ਰਾਜਪੁਰਾ ਦੇ ਉਦਯੋਗਿਕ ਪਲਾਟਾਂ ਦੀ ਨਿਲਾਮੀ ਵੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵਿਕਾਸ ਅਥਾਰਟੀਆਂ ਵਲੋਂ ਸਾਰੇ ਵਿਕਾਸ ਕੰਮ ਮੁਕੰਮਲ ਹੋਣ ਤੋਂ ਬਾਅਦ ਪ੍ਰਾਪਰਟੀਆਂ ਸਬੰਧਤ ਅਲਾਟੀਆਂ ਨੂੰ ਸੌਂਪ ਦਿਤੀਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਪੱਤਰ ਜਾਰੀ ਹੋਣ ਦੇ 90 ਦਿਨਾਂ ਅੰਦਰ ਸਬੰਧਤ ਅਲਾਟੀਆਂ ਨੂੰ ਸਾਈਟ ਦਾ ਕਬਜ਼ਾ ਦਿਤਾ ਜਾਵੇਗਾ। ਅਲਾਟੀਆਂ ਨੂੰ ਸਾਈਟ ਦਾ ਕਬਜ਼ਾ ਮਿਲਣ ਨਾਲ ਉਹ ਉਕਤ ਜ਼ਮੀਨ ’ਤੇ ਤੁਰਤ ਉਸਾਰੀ ਸ਼ੁਰੂ ਕਰ ਸਕਦੇ ਹਨ ਅਤੇ ਅਪਣੀ ਲੋੜ ਅਨੁਸਾਰ ਸਾਈਟ ਨੂੰ ਰਿਹਾਇਸ਼ੀ ਜਾਂ ਵਪਾਰਕ ਮੰਤਵ ਲਈ ਵਰਤ ਸਕਦੇ ਹਨ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ -ਕਮ-ਉਪ ਚੇਅਰਪਰਸਨ, ਪੁੱਡਾ ਵਿਨੀ ਮਹਾਜਨ ਨੇ ਦੱਸਿਆ ਕਿ ਇਹ ਅਥਾਰਟੀਆਂ ਵਲੋਂ ਕੀਤੀ ਜਾਣ ਵਾਲੀ 13ਵੀਂ ਈ-ਨਿਲਾਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅਥਾਰਟੀਆਂ ਵਲੋਂ ਪਹਿਲਾਂ ਕੀਤੀਆਂ ਗਈਆਂ ਈ-ਨਿਲਾਮੀਆਂ ਬਹੁਤ ਸਫ਼ਲ ਰਹੀਆਂ ਹਨ।

You must be logged in to post a comment Login