ਪੰਜਾਬ ‘ਚ ਨਹੀਂ ਲੱਭ ਰਹੇ ਡਾਲਰ

ਪੰਜਾਬ ‘ਚ ਨਹੀਂ ਲੱਭ ਰਹੇ ਡਾਲਰ

ਬਟਾਲਾ, 2 ਜਨਵਰੀ -ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ 9 ਨਵੰਬਰ 2019 ਨੂੰ ਖੁੱਲ੍ਹਿਆ ਸੀ ਅਤੇ ਆਖ਼ਰੀ ਸਮਝੌਤੇ ‘ਤੇ ਦਸਤਖ਼ਤ 24 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਸਰਹੱਦ ਜ਼ੀਰੋ ਲਾਇਨ ‘ਤੇ ਕੀਤੇ ਗਏ ਸਨ। ਇਸ ਸਮਝੌਤੇ ਵਿਚ ਦੋਵਾਂ ਦੇਸ਼ਾਂ ਵੱਲੋਂ ਲਿਖੀਆਂ ਗਈਆਂ ਸ਼ਰਤਾਂ ਨੂੰ ਸਮਝੌਤੇ ਦਾ ਰੂਪ ਦਿੱਤਾ ਗਿਆ ਸੀ, ਜਿਸ ਵਿਚ ਪਾਕਿਸਤਾਨ ਵੱਲੋਂ ਸ਼ਨਾਖ਼ਤੀ ਕਾਰਡ ਵਜੋਂ ਪਾਸਪੋਰਟ ਅਤੇ 20 ਡਾਲਰ ਫ਼ੀਸ ਵਸੂਲਣ ‘ਤੇ ਵੀ ਸਹਿਮਤੀ ਹੋਈ ਸੀ। ਭਾਵੇਂ ਭਾਰਤ ਵਾਲੇ ਪਾਸਿਉਂ 20 ਡਾਲਰ ਵਸੂਲਣ ‘ਤੇ ਕਾਫੀ ਇਤਰਾਜ਼ ਕੀਤਾ ਜਾਂਦਾ ਰਿਹਾ, ਪ੍ਰੰਤੂ ਪਾਕਿਸਤਾਨ ਨੇ ਇਸ ਸ਼ਰਤ ਨੂੰ ਨਰਮ ਨਹੀਂ ਕੀਤਾ। ਸ਼ੁਰੂਆਤੀ ਦਿਨਾਂ ਵਿਚ ਪਾਕਿਸਤਾਨ ਚੈੱਕ ਪੋਸਟ ‘ਤੇ ਬਣੇ ਕਾਊਂਟਰ ਤੋਂ ਸ਼ਰਧਾਲੂ ਭਾਰਤੀ ਰੁਪਇਆਂ ਨੂੰ ਡਾਲਰਾਂ ਵਿਚ ਬਦਲ ਲੈਂਦੇ ਸਨ, ਪ੍ਰੰਤੂ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਸਮਾ ਬਚਾਉਣ ਅਤੇ ਪ੍ਰਕਿਰਿਆ ਨੂੰ ਹੋਰ ਸੁਖਾਲੀ ਕਰਨ ਦੇ ਮਕਸਦ ਨਾਲ 20 ਡਾਲਰ ਭਾਰਤ ਤੋਂ ਹੀ ਲੈ ਕੇ ਆਉਣ ਲਈ ਵੀ ਕਿਹਾ ਜਾਂਦਾ ਰਿਹਾ। ਕੁੱਝ ਕੁ ਸ਼ਰਧਾਲੂ ਤਾਂ ਡਾਲਰ ਭਾਰਤ ਤੋਂ ਹੀ ਲੈ ਕੇ ਜਾਂਦੇ ਰਹੇ, ਪ੍ਰੰਤੂ ਕੁੱਝ ਵੱਲੋਂ ਉੱਥੋਂ ਹੀ ਖ਼ਰੀਦਣ ਅਤੇ ਹਿਸਾਬ-ਕਿਤਾਬ ਲਾਉਣ ਤੋਂ ਬਾਅਦ ਮਹਿੰਗੇ ਭਾਅ ਡਾਲਰ ਖ਼ਰੀਦਣ ਦੀ ਬਜਾਏ ਭਾਰਤ ਤੋਂ ਹੀ ਡਾਲਰ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਣ ਲੱਗੀ, ਜਿਸ ਨਾਲ ਪੰਜਾਬ ‘ਚ ਡਾਲਰਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਭਾਰਤ ਵਾਲੇ ਪਾਸੇ ਡਾਲਰ ਜਾਂ ਤਾਂ ਹਵਾਈ ਅੱਡਿਆਂ ‘ਤੇ ਰਜਿਸਟਰਡ ਕਾਊਂਟਰ ਤੋਂ ਮਿਲਦੇ ਹਨ, ਜਾਂ ਸੁਨਿਆਰਿਆਂ ਦੀਆਂ ਦੁਕਾਨਾਂ ਤੋਂ, ਜਿੱਥੇ ਵਿਦੇਸ਼ੀ ਭਾਰਤੀ ਖ਼ਰੀਦੋ-ਫ਼ਰੋਖ਼ਤ ਕਰਨ ਲੱਗਿਆਂ ਡਾਲਰ ਵੇਚ ਜਾਂਦੇ ਹਨ। ਡਾਲਰਾਂ ਵਿਚ ਆ ਰਹੀ ਕਮੀ ਕਾਰਨ ਸੁਨਿਆਰਿਆਂ ਨੇ ਵੀ ਡਾਲਰਾਂ ਨੂੰ ਮਹਿੰਗੇ ਭਾਅ ਵੇਚਣ ਦੇ ਮਕਸਦ ਨਾਲ ਖ਼ਰੀਦਦਾਰਾਂ ਨੂੰ ਗੇੜੇ ਮਰਵਾਉਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦੀ ਮੰਗ ਹੈ ਕਿ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਬਣੇ ਯਾਤਰੀ ਟਰਮੀਨਲ ‘ਤੇ ਹੀ ਡਾਲਰ ਖ਼ਰੀਦਣ ਦਾ ਕੋਈ ਕਾਊਂਟਰ ਬਣਾਏ।

You must be logged in to post a comment Login