ਪੰਜਾਬ ‘ਚ ਮਸ਼ਹੂਰ ਹੋਇਆ ਨਵਾਂ ਨਾਅਰਾ ‘ਕੁੜੀ ਮਰਵਾਓ, ਮੁਆਵਜ਼ਾ ਪਾਓ’

swarn tehna

ਸਵਰਨ ਸਿੰਘ ਟਹਿਣਾ

ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇਕੇ ਨੇ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਧਿਆਨ ਕਿਸੇ ਪ੍ਰਾਪਤੀ ਕਰਕੇ ਨਹੀਂ, ਸਗੋਂ ਸਰਕਾਰੀ ਛਤਰ ਛਾਇਆ ਹੇਠ ਹੁੰਦੀ ਗੁੰਡਾਗਰਦੀ ਕਰਕੇ ਇੱਕ ਬੱਚੀ ਦੀ ਜਾਨ ਚਲੇ ਜਾਣ ਕਾਰਨ ਖਿੱਚਿਆ ਗਿਆ ਹੈ। 13 ਸਾਲਾ ਜਾਨ ਗੁਆਉਣ ਵਾਲੀ ਨੰਨ੍ਹੀ ਛਾਂ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਬਾਦਲ ਪਰਵਾਰ ਦੀ ਬੱਸ ‘ਚ ਸਫ਼ਰ ਕੀਤਾ, ਮਾਂ ਤੇ ਭਰਾ ਉਸ ਦੇ ਨਾਲ ਸਨ, ਮੁਸ਼ਟੰਡਿਆਂ ਛੇੜਖਾਨੀ ਸ਼ੁਰੂ ਕਰ ਦਿੱਤੀ ਤੇ ਵਿਰੋਧਤਾ ਕਰਨ ‘ਤੇ ਉਸ ਨੂੰ ਬੱਸ ਵਿੱਚੋਂ ਧੱਕਾ ਦੇ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸਿਆਸੀ ਪਾਰਟੀਆਂ ਸਿਰਫ਼ ਇੱਕ-ਦੂਜੀ ਨੂੰ ਘੇਰਨ ਦਾ ਮੌਕਾ ਭਾਲਦੀਆਂ ਆਈਆਂ ਨੇ ਤੇ ਭਾਲਦੀਆਂ ਰਹਿਣਗੀਆਂ ਵੀ। ਮੋਗਾ ਵਿੱਚ ਪ੍ਰਦਰਸ਼ਨ ਹੋਏ, ਸੁਖਬੀਰ ਸਿੰਘ ਬਾਦਲ ‘ਤੇ ਪਰਚਾ ਦਰਜ ਕਰਨ ਦੀ ਮੰਗ ਤੁਰੀ, ਪਰ ਇਸ ਸਾਰੇ ਘਟਨਾਕ੍ਰਮ ਨੇ ਮੇਰੇ ਦਿਮਾਗ਼ ਵਿੱਚ ਸਵਾਲਾਂ ਦੀ ਝੜੀ ਲਾ ਦਿੱਤੀ। ਪੰਜਾਬ, ਜਿਸ ਬਾਰੇ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਅੱਜ ਤੱਕ ਝੂਠੀਆਂ ਗੱਲਾਂ ਪੜ੍ਹਦੇ ਰਹੇ ਹਾਂ ਕਿ ਪੰਜਾਬੀ ਅਣਖੀ ਹੁੰਦੇ ਨੇ, ਜਾਂਬਾਜ਼ ਹੁੰਦੇ ਨੇ, ਦੂਜਿਆਂ ਦੀਆਂ ਧੀਆਂ-ਭੈਣਾਂ ਨੂੰ ਆਪਣੀਆਂ ਸਮਝਦੇ ਨੇ, ਪਿੰਡ ਦੀ ਕੁੜੀ ਸਾਰੇ ਪਿੰਡ ਦੀ ਕੁੜੀ ਹੁੰਦੀ ਹੈ ਤੇ ਪਿੰਡ ਦੀ ਨੂੰਹ, ਸਾਰੇ ਪਿੰਡ ਦੀ ਨੂੰਹ, ਵਗੈਰਾ-ਵਗੈਰਾ। ਅੱਜ ਇਹ ਗੱਲਾਂ ਸਿਰਫ਼ ਝੂਠ ਦਾ ਪੜੁੱਲ ਹਨ, ਜਿਨ੍ਹਾਂ ਦਾ ਕੋਈ ਮੂੰਹ ਸਿਰ ਨਹੀਂ ਤੇ ਨਾ ਹੀ ਸੌ ਵਿੱਚੋਂ ਨੜਿੱਨਵੇ ਵਾਰ ਇਹ ਗੱਲ ਸੱਚ ਸਾਬਤ ਹੁੰਦੀ ਹੈ। ਜਿਹੜੀ ਔਰਬਿਟ ਬੱਸ ਵਿੱਚ ਜ਼ਖ਼ਮੀ ਸ਼ਿੰਦਰ ਕੌਰ ਆਪਣੀ ਧੀ ਤੇ ਪੁੱਤ ਨਾਲ ਸਫ਼ਰ ਕਰ ਰਹੀ ਸੀ, ਉਸ ਵਿੱਚ ਘੱਟੋ-ਘੱਟ ਅੱਠ-ਦਸ ਸਵਾਰੀਆਂ ਤਾਂ ਹੋਰ ਵੀ ਹੋਣਗੀਆਂ ਹੀ। ਪਰ ਜਦੋਂ ਮੁਸ਼ਟੰਡੇ ਕੁੜੀ ਨੂੰ ਛੇੜ ਰਹੇ ਸਨ ਤਾਂ ਬੈਠੀਆਂ ਸਵਾਰੀਆਂ ਵਿਚੋਂ ਇੱਕ ਨੇ ਵੀ ਉਨ੍ਹਾਂ ਨੂੰ ਨਾ ਵਰਜਿਆ, ਸਗੋਂ ਸਾਰੇ ਤਮਾਸ਼ਾ ਦੇਖੀ ਗਏ। ਜੇ ਸਾਰਿਆਂ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਰੋਕਿਆ ਹੁੰਦਾ ਤਾਂ ਕੁੜੀ ਬਚ ਜਾਣੀ ਸੀ, ਪਰ ਅਸੀਂ ਪੰਜਾਬੀ ਏਨੇ ਕੁ ਮਹਾਨ ਹਾਂ ਕਿ ਮਰਨ ਤੋਂ ਬਾਅਦ ‘ਪ੍ਰਮਾਤਮਾ ਨੇ ਜੋ ਲਿਖਿਆ ਸੀ’ ਕਹਿ ਕੇ ਅੱਥਰੂ ਵਹਾਉਂਦੇ ਹਾਂ, ਪਰ ਵੇਲ਼ੇ ਸਿਰ ਆਪਣਾ ਫ਼ਰਜ਼ ਕਦੇ ਨਹੀਂ ਨਿਭਾਉਂਦੇ। ਬੜੇ ਲੋਕਾਂ ਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਚੌਵੀ ਲੱਖ ਰੁਪਏ ਵਿੱਚ ਮ੍ਰਿਤਕ ਕੁੜੀ ਦੇ ਬਾਪ ਨੇ ਆਪਣੀ ਜ਼ਮੀਰ ਸਰਕਾਰ ਦੇ ਪੈਰਾਂ ਵਿੱਚ ਢੇਰੀ ਕਰ ਦਿੱਤੀ। ਉਸ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਉਹ ਅੜਿਆ ਰਹਿੰਦਾ। ਅਣਖੀ ਬਣ ਦਿਖਾਉਂਦਾ। ਪਰ ਜਿਹੜੇ ਲੋਕ ਇਹ ਗੱਲਾਂ ਕਰ ਰਹੇ ਨੇ, ਉਨ੍ਹਾਂ ‘ਚੋਂ ਕਿੰਨੇ ਨੇ, ਜਿਹੜੇ ਮਹੀਨਿਆਂ ਜਾਂ ਸਾਲਾਬੱਧੀ ਕੁੜੀ ਦੇ ਬਾਪ ਨਾਲ ਅਦਾਲਤਾਂ ਦੇ ਚੱਕਰ ਲਾਉਂਦੇ, ਜਿਹੜੇ ਉਨ੍ਹਾਂ ਦਾ ਚੁੱਲ੍ਹਾ ਤਪਦਾ ਰੱਖਣ ਵਿੱਚ ਯੋਗਦਾਨ ਪਾਉਂਦੇ। ਰਾਇ ਦੇਣਾ ਸਾਡੇ ਸੁਭਾਅ ਦਾ ਅੰਗ ਹੈ, ਇਸ ਲਈ ਇਹ ਕੰਮ ਅਸੀਂ ਬੜੀ ਅਸਾਨੀ ਨਾਲ ਕਰ ਲੈਂਦੇ ਹਾਂ। ਮੈਨੂੰ ਵਿਦੇਸ਼ਾਂ ਵਿਚੋਂ ਇਸ ਉਲਾਂਭੇ ਵਾਲੇ ਕਈ ਫੋਨ ਆਏ। ਪਰ ਮੇਰਾ ਉਨ੍ਹਾਂ ਨੂੰ ਸਵਾਲ ਸੀ, ‘ਤੁਸੀਂ ਪੀੜਤ ਪਰਵਾਰ ਦੀ ਕਿੰਨੀ ਕੁ ਮੱਦਦ ਕੀਤੀ, ਸਿਵਾਏ ਫੇਸਬੁਕ ‘ਤੇ ਰੌਲਾ ਪਾਉਣ ਦੇ ਹੋਰ ਕੀ-ਕੀ ਕੀਤਾ? ਕੱਲ੍ਹ ਨੂੰ ਜਦੋਂ ਪੰਜਾਬ ‘ਚ ਹੋਰ ਚੰਗੀ-ਮੰਦੀ ਵਾਰਦਾਤ ਵਾਪਰ ਜਾਣੀ ਏ ਤਾਂ ਕਾਂਗਰਸ, ਆਮ ਆਦਮੀ ਪਾਰਟੀ ਤੇ ਬਾਕੀ ਛੋਟੇ-ਵੱਡੇ ਸਿਆਸੀ ਦਲਾਂ ਨੇ ਉਥੇ ਜਾ ਡੇਰੇ ਲਾਉਣੇ ਨੇ, ਫੇਰ ਇਸ ਪਰਵਾਰ ਦੀ ਖ਼ਬਰ ਵੀ ਕਿਸੇ ਅਖ਼ਬਾਰ ਵਿੱਚ ਨਹੀਂ ਛਪਣੀ ਤਾਂ ਉਦੋਂ ਤੁਸੀਂ ਕੀ ਮੱਦਦ ਕਰਨੀ ਸੀ? ਜਦੋਂ ਤਰਨਤਾਰਨ ਵਿੱਚ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਏ ਐਸ ਆਈ ਗੁੰਡਿਆਂ ਹੱਥੋਂ ਮਾਰਿਆ ਗਿਆ ਸੀ, ਤੁਸੀਂ ਉਦੋਂ ਪੀੜਤ ਪਰਵਾਰ ਨਾਲ ਕਿੰਨਾ ਕੁ ਖੜ੍ਹੇ ਸੀ? ਮੇਰੇ ਖਿਆਲ ਮੁਤਾਬਕ ਕੁੜੀ ਦੇ ਸਧਾਰਨ ਬਾਪ ਨੇ ਮਾਨਸਿਕ ਤੌਰ ‘ਤੇ ਜਿਹੜੇ ਦਬਾਅ ਝੱਲੇ ਹੋਣਗੇ, ਸਾਨੂੰ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਰਵਾਰ ਨੂੰ ਚੌਵੀ ਲੱਖ, ਬੱਚੇ ਦੀ ਪੜ੍ਹਾਈ ਲਈ ਚਾਰ ਲੱਖ ਤੇ ਐਸ ਸੀ, ਐਸ ਟੀ ਕਮਿਸ਼ਨ ਵੱਲੋਂ ਛੇ ਲੱਖ ਦੇਣ ਦਾ ਐਲਾਨ ਕੀਤਾ ਗਿਐ। ਜੇ ਕਹੇ ਮੁਤਾਬਕ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਸ਼ਾਇਦ ਕੋਈ ਮਾੜੀ ਗੱਲ ਨਹੀਂ ਹੋਵੇਗੀ। ਜੇ ਸਰਕਾਰ ਦੇ ਕਹੇ ਮੁਤਾਬਕ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਬਣਦੀ ਸਜ਼ਾ ਮਿਲ ਜਾਵੇ ਤਾਂ ਥੋੜ੍ਹੀ ਹੋਰ ਤਸੱਲੀ ਹੋ ਜਾਵੇਗੀ ਕਿ ਚਲੋ ਕਾਨੂੰਨ ਨੇ ਆਪਣਾ ਕੰਮ ਨਿਰਪੱਖਤਾ ਨਾਲ ਕੀਤਾ ਹੈ। ਪੰਜਾਬ ਵਿੱਚ ਇਹ ਪਿਰਤ ਪੈ ਚੁੱਕੀ ਹੈ ਕਿ ਸਰਕਾਰ ਜਿਊਂਦਿਆਂ ਦੀ ਬਾਤ ਨਹੀਂ ਪੁੱਛਦੀ, ਪਰ ਜਦੋਂ ਕੋਈ ਅੱਕਿਆ ਹੋਇਆ ਮਰ ਜਾਂਦੈ ਤਾਂ ਉਸ ਨੂੰ ਮੁਆਵਜ਼ੇ ਦਾ ਐਲਾਨ ਵੀ ਕੀਤਾ ਜਾਂਦੈ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਹੋ ਜਾਂਦੈ। ਕੁਝ ਹਫ਼ਤੇ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਸਰਕਾਰੀ ਪੈਨਸ਼ਨ ਨਾ ਮਿਲਣ ਕਾਰਨ ਬੈਂਕ ਮੂਹਰੇ ਅੱਗ ਲਾ ਕੇ ਸੜ ਗਿਆ ਸੀ ਤੇ ਲੁਧਿਆਣੇ ਦੇ ਇੱਕ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ। ਉਸ ਦੇ ਜਾਣ ਮਗਰੋਂ ਵਿਭਾਗ ਨੇ ਬਾਕੀ ਬਜ਼ੁਰਗਾਂ ਦੀ ਪੈਨਸ਼ਨ ਰਿਲੀਜ਼ ਕਰ ਦਿੱਤੀ।
ਜਦੋਂ ਕਿਰਨਜੀਤ ਕੌਰ ਨਾਂ ਦੀ ਮੁਟਿਆਰ ਨੇ ਸਾਥਣਾਂ ਸਮੇਤ ਪਾਣੀ ਵਾਲੀ ਟੈਂਕੀ ‘ਤੇ ਨੌਕਰੀ ਲਈ ਵਿਰੋਧ ਪ੍ਰਦਰਸ਼ਨ ਕਰਦਿਆਂ ਖੁਦ ਨੂੰ ਅੱਗ ਲਗਾ ਲਈ ਸੀ ਤਾਂ ਸਰਕਾਰ ਨੇ ਸੰਘਰਸ਼ ਕਮੇਟੀ ਅੱਗੇ ਝੁਕਦਿਆਂ ਮੁਆਵਜ਼ਾ ਤੇ ਪਰਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਸੀ। ਇਹੋ ਜਿਹੀਆਂ ਹੋਰ ਵੀ ਬੜੀਆਂ ਉਦਾਹਰਣਾਂ ਹਨ। ਹੁਣ ਤਾਂ ਇਹ ਨਾਅਰਾ ਪੰਜਾਬ ਵਿੱਚ ਮਕਬੂਲ ਹੋ ਚੁੱਕਾ ਹੈ :
ਕੁੜੀ ਮਰਵਾਓ, ਮੁਆਵਜ਼ਾ ਪਾਓ।
ਲੰਡੇਕੇ ਦਾ ਮਾਮਲਾ ਇਸ ਕਰਕੇ ਜ਼ਿਆਦਾ ਉੱਠਿਆ ਕਿਉਂਕਿ ਬੱਸ ਬਾਦਲ ਪਰਵਾਰ ਦੀ ਸੀ, ਪਰ ਇਹ ਤਾਂ ਵੀ ਹੋਣਾ ਸੀ ਕਿ ਕਿਸੇ ਹੋਰ ਕੰਪਨੀ ਦੀ ਬੱਸ ਹੁੰਦੀ। ਲੋਕ ਸਰਕਾਰ ਤੋਂ ਨਰਾਜ਼ ਨੇ, ਹਰ ਕਾਰੋਬਾਰ ‘ਤੇ ਨੇਤਾਵਾਂ ਨੇ ਕਬਜ਼ਾ ਕਰ ਲਿਆ ਹੈ, ਰਾਜਨੀਤੀਵਾਨਾਂ ਦੀ ਛਤਰ ਛਾਇਆ ਵਾਲੇ ਲੋਕ ਆਮ ਲੋਕਾਂ ਨੂੰ ਕੀੜੇ-ਮਕੌੜਿਆਂ ਤੋਂ ਛੁੱਟ ਕੁਝ ਨਹੀਂ ਸਮਝਦੇ, ਇਨ੍ਹਾਂ ਸਾਰੀਆਂ ਗੱਲਾਂ ਦਾ ਗੁੱਸਾ ਵੀ ਇਸ ਕਾਂਡ ਨਾਲ ਜੁੜਿਆ ਹੈ। ਜਦੋਂ ਘਟਨਾ ਵਾਪਰ ਗਈ ਤਾਂ ਸਬੰਧਤ ਕੰਪਨੀ ਵੱਲੋਂ ਦਿੱਲੀ ਤੋਂਂ ਟੀਮਾਂ ਮੰਗਾ ਕੇ ਡਰਾਈਵਰਾਂ, ਕੰਡਕਟਰਾਂ ਨੂੰ ਸ਼ਖਸੀਅਤ ਨਿਖਾਰਨ ਦੇ ਗੁਰ ਸਿਖਾਉਣ ਦੀ ਗੱਲ ਵੀ ਛਿੜੀ, ਪੰਜ ਮੈਂਬਰੀ ਕਮੇਟੀ ਬਣਾ ਕੇ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨੁਕਤੇ ਲੱਭਣ ਦਾ ਮਾਮਲਾ ਵੀ ਉੱਠਿਆ, ਪਰ ਜੋ ਕੁਝ ਹੁਣ ਹੋਇਐ, ਇਹ ਹਰ ਰੋਜ਼ ਬੱਸਾਂ ਵਿੱਚ ਹੁੰਦੈ, ਪਰ ਉਹ ਕੁਝ ਇਸ ਕਰਕੇ ਸਾਹਮਣੇ ਨਹੀਂ ਆਉਂਦਾ, ਕਿਉਕਿ ਸਹਿਮੀਆਂ ਕੁੜੀਆਂ ਚੁੱਪ ਵੱਟੀ ਰੱਖਦੀਆਂ ਨੇ, ਜੇ ਉਨ੍ਹਾਂ ਵਿਚੋਂ ਕੋਈ ਮਰ ਜਾਵੇ ਤਾਂ ਖ਼ਬਰਾਂ ਫਿਰ ਬਣ ਜਾਣਗੀਆਂ।

Sukhbir_Badal_in_Moga_1430835394
ਸਰਕਾਰ ਦੀ ਛਤਰ-ਛਾਇਆ ਵਾਲੀਆਂ ਬੱਸਾਂ ਦੀ ਦਹਿਸ਼ਤ ਏਨੀ ਹੈ ਕਿ ਇਨ੍ਹਾਂ ਨੂੰ ਬੱਸ ਅੱਡਿਆਂ ਦੇ ਕਾਊਂਟਰਾਂ ਵਿੱਚ ਆਮ ਨਾਲੋਂ ਕਈ ਗੁਣਾ ਵੱਧ ਸਮਾਂ ਸਵਾਰੀਆਂ ਚੜ੍ਹਾਉਣ ਲਈ ਮਿਲਦਾ ਹੈ। ਇੱਕ-ਇੱਕ ਬੱਸ ਵਿੱਚ ਚਾਰ-ਚਾਰ ਗੁੰਡੇ ਮੁਲਾਜ਼ਮ ਹੁੰਦੇ ਹਨ। ਜਿਨ੍ਹਾਂ ਵਿਚੋਂ ਦੋ ਅਗਲੀ-ਪਿਛਲੀ ਤਾਕੀ ਵਿੱਚ, ਇੱਕ ਕੰਡਕਟਰ ਤੇ ਇੱਕ ਡਰਾਈਵਰ ਹਨ। ਜੇ ਕੋਈ ਸਵਾਰੀ ਤਿੰਨ-ਪੰਜ ਕਰੇ ਤਾਂ ਉਸ ਨਾਲ ਇੰਜ ਪੇਸ਼ ਆਇਆ ਜਾਂਦੈ, ਜਿਵੇਂ ਸਵਾਰੀ ਬੱਸ ਵਿੱਚ ਨਹੀਂ, ਥਾਣੇ ਵਿੱਚ ਬੈਠੀ ਹੋਵੇ। ਇਹ ਲੋਕ ਜਾਣਦੇ ਹੁੰਦੇ ਨੇ ਕਿ ਥਾਣਿਆਂ ਕਚਹਿਰੀਆਂ ਤੱਕ ਦੀ ਨੌਬਤ ਨਹੀਂ ਆਵੇਗੀ, ਤਨਖ਼ਾਹਾਂ ਇਨ੍ਹਾਂ ਨੂੰ ਭਾਵੇਂ ਘੱਟ ਮਿਲਦੀਆਂ ਹੋਣ, ਪਰ ਗੁੰਡਾਗਰਦੀ ਦੇ ਮੌਕੇ ਪੂਰੇ ਮਿਲਦੇ ਹਨ। ਜੇ ਅਰਸ਼ਦੀਪ ਕੌਰ ਦੇ ਜਾਣ ਮਗਰੋਂ ਵੀ ਪੰਜਾਬ ਦੀਆਂ ਬੱਸਾਂ ਵਿਚੋਂ ਗੁੰਡਾਗਰਦੀ ਖਤਮ ਹੋ ਜਾਵੇ, ਮੁਸਾਫ਼ਰਾਂ ਨੂੰ ਕੀੜੇ-ਮਕੌੜੇ ਨਾ ਸਮਝਿਆ ਜਾਵੇ ਤਾਂ ਮੈਂ ਸਮਝਾਂਗਾ ਕਿ ਕੁੜੀ ਦਾ ਮਰਨਾ ਸਫ਼ਲ ਹੋ ਗਿਆ। ਪਰ ਹੋਣਾ ਕੁਝ ਵੀ ਨਹੀਂ। ਇਹ ਮਾਮਲਾ ਸਿਰਫ਼ ਖ਼ਬਰਾਂ ਤੱਕ ਦਾ ਹੈ। ਜਦੋਂ ਖ਼ਬਰਾਂ ਬੰਦ ਹੋ ਗਈਆਂ, ਮਾਮਲਾ ਆਇਆ-ਗਿਆ ਹੋ ਜਾਏਗਾ, ਕਿਉਂਕਿ ਪਹਿਲਾਂ ਵੀ ਇੰਜ ਹੀ ਹੁੰਦਾ ਰਿਹੈ। ਕੁੜੀ ਦੀ ਮੌਤ ਨੇ ਸਾਨੂੰ ਜਾਗਣ ਦਾ ਸੱਦਾ ਜ਼ਰੂਰ ਦਿੱਤਾ ਹੈ, ਪਰ ਜਾਗਣਾ ਕਿਸੇ ਨੇ ਨਹੀਂ, ਇਸ ਗੱਲ ਦੀ ਵੀ ਗਾਰੰਟੀ ਹੈ, ਕਿਉਂਕਿ ਅਸੀਂ ਪੰਜਾਬੀ ਸਿਰਫ਼ ਗੱਲਾਂ ਜੋਗੇ ਹਾਂ ਤੇ ਆਪਣੀ ਗੱਲਾਂ ਵਾਲੀ ਪ੍ਰਾਪਤੀ ਨਾਲ ਹੀ ਬਹੁਤ ਖੁਸ਼ ਹਾਂ। ਬਹੁਤ ਜਲਦ ਕਿਸੇ ਹੋਰ ਨੰਨ੍ਹੀ ਛਾਂ ਨਾਲ ਧੱਕੇਸ਼ਾਹੀ ਹੋਵੇਗੀ ਤੇ ਮੁੜ ਖ਼ਬਰਾਂ ਬਣਨਗੀਆਂ। ਦੇਖਦੇ ਹਾਂ, ਉਹ ਮੰਦਭਾਗੀ ਕੌਣ ਹੋਏਗੀ ਤੇ ਉਸ ਵੇਲ਼ੇ ਸਰਕਾਰ ਕਿੰਨੇ ਮੁਆਵਜ਼ੇ ਦਾ ਐਲਾਨ ਕਰੇਗੀ ਤੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਆਗੂ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰਨਗੇ।
ਰੱਬ ਦੀ ਹੋਂਦ : ਸਵੇਰੇ-ਸ਼ਾਮ ਜਦੋਂ ਧਾਰਮਿਕ ਥਾਂਵਾਂ ਤੋਂ ਕੰਨ ਪਾੜਵੀਆਂ ਅਵਾਜ਼ਾਂ ਵਿੱਚ ‘ਰੱਬ’ ਦੀ ਵਡਿਆਈ ਸੁਣਦਾ ਹਾਂ ਤਾਂ ਮਨ ਵਿਆਕੁਲ ਹੋ ਉੱਠਦਾ ਹੈ। ਜੇ ਰੱਬ ਹੈ ਤਾਂ ਚੰਗੇ-ਮੰਦੇ ਵਿੱਚ ਫ਼ਰਕ ਕਿਉਂ ਨਹੀਂ ਦੇਖਦਾ, ਜੇ ਰੱਬ ਹੈ ਤਾਂ ਮਾੜੇ ਲੋਕਾਂ ਦਾ ਖਾਤਮਾ ਕਿਉਂ ਨਹੀਂ ਕਰਦਾ, ਜਿਹੜੇ ਲੋਕ ਗ਼ਰੀਬਾਂ ਦਾ ਹੱਕ ਮਾਰਦੇ ਨੇ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਰੋਲਦੇ ਨੇ, ਸੱਥਰ ਵਿਛਾਉਂਦੇ ਨੇ, ਉਨ੍ਹਾਂ ਨੂੰ ਸਿੱਧੇ ਰਾਹ ਕਿਉਂ ਨਹੀਂ ਪਾਉਂਦਾ। ਜਿਹੜਾ ਪਹਿਲਾਂ ਹੀ ਥੁੜ੍ਹਾਂ ਮਾਰਿਆ ਹੁੰਦੈ, ਰੱਬ ਵੀ ਉਹਦੇ ਨਾਲ ਹੀ ਵੈਰ ਕਿਉਂ ਕਮਾਉਂਦੈ। ਨੇਪਾਲ ਵਿੱਚ ਆਏ ਭੂਚਾਲ ਵਿੱਚ ਹਜ਼ਾਰਾਂ ਮੌਤਾਂ ਹੋਈਆਂ ਨੇ ਤਾਂ ਚੰਗਿਆਂ ਨੂੰ ‘ਰੱਬ’ ਨੇ ਬਚਾਇਆ ਕਿਉਂ ਨਹੀਂ। ਸਾਰਿਆਂ ਨੂੰ ਇੱਕੋ ਰੱਸੇ ਕਿਉਂ ਬੰਨ੍ਹ ਛੱਡਿਆ। ਕੀ ‘ਰੱਬ’ ਵੀ ਸਰਕਾਰਾਂ ਵਰਗਾ ਹੋ ਗਿਐ, ਜਿਹੜਾ ਇੱਕ ਪਾਸੇ ਬੈਠ ਕੇ ਤਮਾਸ਼ਾ ਦੇਖ ਰਿਹੈ ਜਾਂ ਫਿਰ ਸਾਡੀ ਅਕਲ ‘ਤੇ ਪਰਦਾ ਪੈ ਗਿਐ ਕਿ ਅਸੀਂ ‘ਰੱਬ-ਰੱਬ’ ਕਰਕੇ ਆਪਣੇ ਮਨ ਨੂੰ ਧਰਵਾਸ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ। ਨੇਪਾਲ ਵਿੱਚ ਨੰਨ੍ਹੇ-ਮੁੰਨ੍ਹੇ ਬੱਚੇ ਵੀ ਮੌਤ ਦੀ ਬੁੱਕਲ ਜਾ ਪਏ ਨੇ, ਉਨ੍ਹਾਂ ਨੇ ‘ਰੱਬ’ ਦਾ ਕੀ ਵਿਗਾੜਿਆ ਸੀ। ਪੰਜਾਬ ਦੇ ਕਿੰਨੇ ਹੀ ਪਿੰਡਾਂ ਵਿੱਚ ਗੁਰਦੁਆਰਿਆਂ ਪਿੱਛੇ ਲੜਾਈਆਂ ਹੁੰਦੀਆਂ ਨੇ ਤਾਂ ‘ਰੱਬ’ ਆਪਣੇ ਘਰ ਨਾਲ ਜੁੜੇ ਵਿਵਾਦ ਸੁਲਝਾਉਣ ਲਈ ਲੜਨ ਵਾਲਿਆਂ ਨੂੰ ਅਕਲ ਦਾਨ ਕਿਉਂ ਨਹੀਂ ਦਿੰਦਾ। ਗੱਲਾਂ ਬਹੁਤ ਨੇ, ਪਰ ‘ਰੱਬ’ ਕੋਲ ਜਵਾਬ ਨਹੀਂ ਹੋਣਾ। ਅੱਜ ਜਦੋਂ ਚਾਰੇ ਪਾਸੇ ਅਨਾਰਕੀ ਫੈਲੀ ਦੇਖਦਾ ਹਾਂ, ਲੋਕਾਂ ਨੂੰ ਸੜਕਾਂ ‘ਤੇ ਮਿੱਧੇ ਜਾਂਦੇ ਦੇਖਦਾ ਹਾਂ, ਤਕੜੇ ਵੱਲੋਂ ਮਾੜੇ ਦੀ ਹੁੰਦੀ ਲੁੱਟ ਦੇਖਦਾ ਹਾਂ, ਤਾਂ ਪਾਕਿਸਤਾਨ ਦੇ ਮਹਾਨ ਸ਼ਾਇਦ ਸਾਈਂ ਅਖ਼ਤਰ ਲਾਹੌਰੀ ਦੀ ਰਚਨਾ ਚੇਤੇ ਆਉਣ ਲੱਗਦੀ ਹੈ :
ਅੱਲ੍ਹਾ ਮੀਆਂ ਥੱਲੇ ਆ,ਆਪਣੀ ਦੁਨੀਆ ਵੇਂਹਦਾ ਜਾਹ।
ਜਾਂ ਅਸਮਾਨੋਂ ਰਿਜਕ ਵਰ੍ਹਾ,ਜਾਂ ਫਿਰ ਕਰਦੇ ਮੁੱਕ ਮੁਕਾ।
ਮੋ.:98141-78883

You must be logged in to post a comment Login