ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਸਪਾਲ ਦੀ ਹਿਰਾਸਤੀ ਮੌਤ ਤੇ ਲਾਸ਼ ਖੁਰਦ-ਬੁਰਦ ਕਰਨ ਦਾ ਸਖ਼ਤ ਨੋਟਿਸ

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਸਪਾਲ ਦੀ ਹਿਰਾਸਤੀ ਮੌਤ ਤੇ ਲਾਸ਼ ਖੁਰਦ-ਬੁਰਦ ਕਰਨ ਦਾ ਸਖ਼ਤ ਨੋਟਿਸ

ਚੰਡੀਗੜ੍ਹ : ਫ਼ਰੀਦਕੋਟ ਦੇ ਬਹੁਚਰਚਿਤ ਜਸਪਾਲ ਸਿੰਘ ਦੀ ਹਿਰਾਸਤੀ ਮੌਤ ਅਤੇ ਲਾਸ਼ ਖੁਰਦ ਬੁਰਦ ਕੀਤੇ ਜਾਣ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਜਸਟਿਸ ਇਕਬਾਲ ਅਹਿਮਦ ਅੰਸਾਰੀ ਦੀ ਅਗਵਾਈ ਹੇਠਲੇ ਕਮਿਸ਼ਨ ਨੇ ਇਸ ਬਾਬਤ ਪੰਜਾਬ ਦੇ ਡੀਜੀਪੀ ਕੋਲੋਂ ਜਵਾਬ ਤਲਬ ਕੀਤਾ ਹੈ। ਇਸ ਬਾਬਤ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਦੱਸਣਯੋਗ ਹੈ ਕਿ ਸੀ.ਆਈ.ਏ. ਫਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ। ਜਸਪਾਲ ਦੀ ਮੌਤ ਹੋ ਜਾਣ ਮਗਰੋਂ ਪੁਲਿਸ ਨੇ ਲਾਸ਼ ਨੂੰ ਖੁਰਦ-ਬੁਰਦ ਕਰ ਦਿਤਾ ਸੀ, ਜੋ ਅਜੇ ਤੱਕ ਨਹੀਂ ਮਿਲੀ। ਪੁਲਿਸ ਵਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਜਸਪਾਲ ਦੀ ਮੌਤ ਤੋਂ ਅਗਲੇ ਹੀ ਦਿਨ ਉਸ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਇੰਸਪੈਕਟਰ ਨੇ ਵੀ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਦੇ ਇਨਸਾਫ਼ ਤੇ ਲਾਸ਼ ਲੈਣ ਲਈ ਪਰਵਾਰ ਤੇ ਹੋਰ ਜਥੇਬੰਦੀਆਂ ਪਿਛਲੇ 11 ਦਿਨਾਂ ਤੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਹਨ। ਇਹ ਵੀ ਦੱਸਣਯੋਗ ਹੈ ਕਿ ਹਨੂੰਮਾਨਗੜ੍ਹ ਵਿਚ ਇਕ ਅਣਪਛਾਤੀ ਲਾਸ਼ ਬਰਾਮਦ ਹੋਈ ਸੀ ਤੇ ਉਸ ਲਾਸ਼ ਦੀ ਸ਼ਨਾਖ਼ਤ ਕਰਨ ਲਈ ਜਸਪਾਲ ਸਿੰਘ ਦੇ ਪਰਵਾਰ ਮੈਂਬਰਾਂ ਨੂੰ ਬੁਲਾਇਆ ਗਿਆ ਸੀ। ਜਸਪਾਲ ਸਿੰਘ ਦੇ ਪਰਵਾਰ ਮੈਂਬਰਾਂ ਵਲੋਂ ਲਾਸ਼ ਦੀ ਸ਼ਨਾਖ਼ਤ ਕੀਤੀ ਗਈ ਪਰ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਲਾਸ਼ ਜਸਪਾਲ ਦੀ ਨਹੀਂ ਹੈ, ਕਿਉਂਕਿ ਜਸਪਾਲ ਦਾ ਕੱਦ 5 ਫੁੱਟ 3-4 ਇੰਚ ਹੈ, ਜਦਕਿ ਲਾਸ਼ 5 ਫੁੱਟ 10 ਇੰਚ ਹੈ। ਲਾਸ਼ ਨੂੰ ਹਨੂੰਮਾਨਗੜ੍ਹ ਦੇ ਹਸਪਤਾਲ ਵਿਚ ਰੱਖਿਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੌਤ ਹੋਈ ਨੂੰ 4 ਤੋਂ 6 ਦਿਨ ਹੋ ਗਏ ਹਨ, ਕੰਬਲ ਨਾਲ ਰਗੜ ਕੇ ਵੀ ਲਾਸ਼ ਤੋਂ ਚਮੜੀ ਨਹੀਂ ਲਹਿ ਰਹੀ। ਇਸ ਤੋਂ ਸਪੱਸ਼ਟ ਹੈ ਕਿ ਇਹ ਲਾਸ਼ ਪਿਛਲੇ 11 ਦਿਨ ਤੋਂ ਪਾਣੀ ਵਿਚ ਨਹੀਂ ਹੈ। ਜਸਪਾਲ ਦੇ ਪਰਵਾਰ ਮੈਂਬਰਾਂ ਮੁਤਾਬਕ ਹੋਰ ਵੀ ਕਈ ਪੱਖਾਂ ਤੋਂ ਇਹ ਲਾਸ਼ ਜਸਪਾਲ ਦੀ ਨਹੀਂ ਲੱਗਦੀ।

You must be logged in to post a comment Login