ਪੰਜਾਬ ਵਿੱਚ ਪੁਲਿਸ ਦੀ ਨੱਕ ਹੇਠ ਵਿੱਕਦਾ ਹੈ ‘ਚਿੱਟਾ’

ਪੰਜਾਬ ਵਿੱਚ ਪੁਲਿਸ ਦੀ ਨੱਕ ਹੇਠ ਵਿੱਕਦਾ ਹੈ ‘ਚਿੱਟਾ’

ਚੰਡੀਗੜ- ਪੰਜਾਬ ਵਿੱਚ “ਚਿੱਟਾ ਅਜੇ ਵੀ ਜਾਰੀ ਹੈ”,ਨਸ਼ਿਆਂ `ਤੇ ਗੰਦੀ ਸਿਆਸਤ !ਪੰਜਾਬ ਵਿੱਚ ਨਸ਼ਿਆਂ ਤੇ ਤਾਂ ਇਸ ਤਰ੍ਹਾਂ ਭਾਂਬੜ ਮੱਚ ਰਿਹੈ, ਜਿਵੇਂ ਨਸ਼ਾ, ਚਿੱਟਾ, ਤਸਕਰੀ, ਟੀਕੇ ਕੱਲ੍ਹ ਦੀਆਂ ਗੱਲਾਂ ਨੇ। ਨੌਜਵਾਨ, ਅੱਜ ਹੀ ਨਸ਼ੇ `ਤੇ ਲੱਗੇ ਹੋਣ ਅਤੇ ਅੱਜ ਹੀ ਉਹਨਾਂ ਦੀ ਮੌਤ ਹੋ ਗਈ। ਚਿੱਟਾ ਅੱਜ ਹੀ ਪੰਜਾਬ `ਚ ਆਇਆ ਅਤੇ ਅਗਲੇ ਭਲਕ ਪੂਰਾ ਪੰਜਾਬ ਚਿੱਟਾ ਪੀਣ ਲੱਗ ਗਿਆ, ਫੇਰ `ਚਿੱਟੇ ਨਾਲ ਮੌਤਾਂ ਹੋਣ ਲੱਗੀਆਂ। ਮਹੀਨੇ ਦੇ 30-31 ਦਿਨ ਅਤੇ ਮੌਤਾਂ 40 ਤੋਂ ਵੀ ਵੱਧ। ਰੌਲਾ ਇੰਝ ਪਾਇਆ ਪੂਰੀ ਦੁਨੀਆਂ `ਚ ਜਿਵੇਂ ਕੈਪਟਨ ਸਰਕਾਰ ਨੇ ਬਣਦਿਆਂ ਹੀ ਬੋਰੀਆਂ ਭਰ ਕੇ ਚਿੱਟਾ ਵੇਚਣਾ ਸ਼ੁਰੂ ਕਰ ਦਿੱਤਾ ਹੋਵੇ,ਸਰਕਾਰੀ ਲੀਡਰਾਂ ਨੇ ਘਰ ਭਰ ਲਏ ਹੋਣ ਚਿੱਟੇ ਦਾ ਕਾਲਾ ਕਾਰੋਬਾਰ ਕਰਕੇ। ਉਹ ਕਾਂਗਰਸੀ ਲੀਡਰ ਜਿਹੜੇ ਹਾਲੇ ਕੱਲ੍ਹ ਦੀਆਂ ਗੱਲਾਂ ਵਾਂਗ ਪੰਜਾਬ ਦੀ ਸੱਤਾ `ਚ ਆਏ ਨੇ। ਉਹ ਚਿੱਟਾ ਤਾਂ ਲੈ ਕੇ ਨੀਂ ਆਏ। ਗੱਲ ਤਾਂ ਚਿੱਟੇ ਦੇ ਮੁੱਢ ਦੀ ਹੈ, ਜਿਸ ਨੂੰ ਜਾਣ ਬੁੱਝ ਕੇ ਵੀ ਅੱਖੋਂ ਓਹਲੇ ਕੀਤਾ ਜਾ ਰਿਹੈ। ਬਈ, ਪੰਜਾਬ ਵਿੱਚ ਪਿਛਲੀ ਸਰਕਾਰ ਅਕਾਲੀ-ਭਾਜਪਾ ਗਠਜੋੜ ਦੀ ਸੀ। ਜਿੰਨਾਂ ਨੇ ਕੋਈ ਇਕ ਅੱਧ ਨਹੀਂ, ਪੂਰੇ 10 ਸਾਲ ਪੰਜਾਬ ਦੇ ਚੱਪੇ ਚੱਪੇ `ਤੇ ਰਾਜ ਕੀਤਾ। ਨਸ਼ਾ ਰੋਕੂ ਐਕਟ ਤਾਂ ਸਾਲ 1989 ਵਿੱਚ ਹੀ ਬਣ ਗਿਆ ਸੀ, ਅੱਜ ਤੋਂ ਕਰੀਬ 29 ਸਾਲ ਪਹਿਲਾਂ।
ਜੇਕਰ ਅਕਾਲੀ ਦਲ ਨੇ ਨਸ਼ਾ ਵੇਚਣ ਅਤੇ ਖਾਣ-ਪੀਣ ਵਾਲੇ ਇਹਨਾਂ ਦਸਾਂ ਸਾਲਾਂ `ਚ ਫਾਹੇ ਟੰਗੇ ਹੁੰਦੇ, ਤਾਂ ਅੱਜ ਇਹ ਨਸ਼ਾ ਪੱਕੀ ਫ਼ਸਲ ਵਾਂਗ, ਪੰਜਾਬ ਵਿੱਚ ਪੈਦਾ ਨਾ ਹੁੰਦਾ। ਭਲਿਉ ਲੋਕੋ, ਨਸ਼ਾ ਇਕ ਅੱਧੇ ਦਿਨ ਦੀ ਪੈਦਾਇਸ਼ ਨਹੀਂ, ਇਹ ਤਾਂ ਉਹ ਫ਼ਸਲ ਹੈ, ਜੀਹਦਾ ਬੀਜ ਕਈ ਸਾਲ ਪਹਿਲਾਂ ਲਾਇਆ ਸੀ ਤੇ ਬੀਜ ਨੂੰ ਲਾਉਣ ਤੋਂ ਬਾਅਦ, ਬੜੇ ਪਿਆਰ ਨਾਲ ਪਾਲਿਆ ਪੋਸਿਆ ਗਿਆ। ਤਾਂ ਜੋ ਸਮਾਂ ਆਉਣ ਤੇ ਫ਼ਸਲ ਪੱਕੇ ਅਤੇ ਇਸ ਨੂੰ ਵੱਢਿਆ ਜਾਵੇ। ਚਿੱਟੇ ਦਾ ਬੀਜ ਪੰਜਾਬ `ਚ ਲਿਆਂਦਾ ਕਿਸਨੇ ? ਪੰਜਾਬ ਵਿੱਚ ਤਾਂ ਭੁੱਕੀ, ਅਫ਼ੀਮ ਵੀ ਸੌਖੀ ਨਹੀਂ ਮਿਲਦੀ ਫੇਰ ਇਹ ਮਹਿੰਗੇ ਭਾਅ ਦਾ ਚਿੱਟਾ ਕੀਹਦੀ ਚਾਲ ਨਾਲ ਪੰਜਾਬ `ਚ ਆਇਆ ਅਤੇ ਨੌਜਵਾਨੀ ਨੂੰ ਬਰਬਾਦ ਕਰਨ ਦਾ ਮੁੱਲ ਪਿਆ ? ਇਹ ਅੱਜ ਵਿਚਾਰਨ ਦੀ ਲੋੜ ਹੈ। ਐਵੈਂ ਨਾ ਤੱਪਦੇ ਤਵੇ `ਤੇ ਰੋਟੀਆਂ ਸੇਕਣ ਵਾਲੇ ਲੀਡਰਾਂ ਦੇ ਮਗਰ ਲੱਗਿਆ ਕਰੋ।
ਮੈਂ ਕਿਸੇ ਪਾਰਟੀ ਦਾ ਹਮਾਇਤੀ ਨਹੀਂ, ਹਾਂ ਚੰਗੀ ਸੋਚ-ਵਿਚਾਰ ਕਰਨ ਵਾਲਿਆਂ ਨੂੰ ਜ਼ਰੂਰ ਪਸੰਦ ਕਰਦਾਂ, ਜਿਹੜੇ ਪੰਜਾਬ ਲਈ ਸੋਚਦੇ ਨੇ। ਓ, ਜਿੰਨਾਂ ਨੇ ਪੰਜਾਬ ਨੂੰ ਬੋਟੀ-ਬੋਟੀ ਨੋਚ ਕੇ ਖਾ ਮਾਰਿਆ। ਉਹਨਾਂ ਨੂੰ ਲਾਹਨਤਾਂ ਜਿੰਨੀਆਂ ਪੈਣ ਉਨੀਆਂ ਥੋੜੀਆਂ ਨੇ। ਇਸ ਲਈ ਹਾਲੇ ਵੀ ਵੇਲਾ ਆ, ਸਮਝੋ ਪੰਜਾਬ `ਚ ਚੱਲਦੀ ਗੰਦੀ ਰਾਜਨੀਤੀ ਨੂੰ ਤੇ ਆਪਣੇ ਘਰ `ਚ ਲੱਗੀ ਅੱਗ ਨੂੰ ਆਪ ਬੁਝਾ ਲਉ। ਇਹਨਾਂ ਨੇ ਵੱਡੀਆਂ ਗੱਡੀਆਂ `ਚ ਲਾਮ ਲਸ਼ਕਰ ਨਾਲ ਆ ਕੇ, ਤੁਹਾਡੇ ਪੁੱਤਰਾਂ-ਧੀਆਂ ਦੇ ਬਲਦੇ ਸਿਵਿਆਂ ਨੂੰ ਸੇਕਣ ਜ਼ਰੂਰ ਪਹੁੰਚਣੈ। ਪਰ ਇਲਾਜ ਇਹਨਾਂ ਕੋਲ ਵੀ ਕੋਈ ਨਹੀਂ, ਸਿਵਾਏ ਸਿਆਸੀ ਜੁਮਲਿਆਂ ਦੇ। ਸੱਚ, ਤਾਂ ਇਹੀ ਹੈ ਜਿਹੜਾ ਸਭ ਨੂੰ ਪਤੈ, ਕਿ ਚਿੱਟਾ ਅੱਜ ਦਾ ਨਹੀਂ, ਚਿੱਟਾ ਕੱਲ ਦਾ ਹੈ। ਜਿਹੜਾ ਅੱਜ ਪੰਜਾਬ ਦੀ ਜਵਾਨੀ ਨੂੰ ਸਿਵਿਆਂ `ਚ ਪਹੁੰਚਾ ਰਿਹੈ।ਸੁਖਵਿੰਦਰ ਸਿੰਘ ਸੁੱਖਾ

You must be logged in to post a comment Login