ਬਾਦਲ ਤੇ ਢੀਂਡਸਾ ਪਰਿਵਾਰ ਵਿਚਾਲੇ ‘ਸੁਲਾਹ-ਸਫ਼ਾਈ’ ਦੇ ਸਾਰੇ ਰਸਤੇ ਹੋਏ ਬੰਦ!

ਬਾਦਲ ਤੇ ਢੀਂਡਸਾ ਪਰਿਵਾਰ ਵਿਚਾਲੇ ‘ਸੁਲਾਹ-ਸਫ਼ਾਈ’ ਦੇ ਸਾਰੇ ਰਸਤੇ ਹੋਏ ਬੰਦ!

ਚੰਡੀਗੜ੍ਹ : ਬਾਦਲ ਤੇ ਢੀਂਡਸਾ ਪਰਿਵਾਰ ਵਿਚਾਲੇ ਪਿਛਲੇ ਦਿਨਾਂ ਤੋਂ ਚੱਲ ਰਹੀ ਸਿਆਸੀ ਜੰਗ ਹੁਣ ਅਪਣੀ ਚਰਮ ਸੀਮਾ ‘ਤੇ ਪਹੁੰਚ ਚੁੱਕੀ ਹੈ। ਵੱਡੇ ਬਾਦਲ ਦੀ ਚੁੱਪੀ ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਖੁਦ ਨੂੰ ਵਾਰ ਵਾਰ ‘ਪੱਕਾ ਅਕਾਲੀ’ ਕਹੇ ਜਾਣ ਕਾਰਨ ਵਾਪਸੀ ਦੇ ਰਸਤਿਆਂ ਦੀ ਮੱਧਮ ਜਿਹੀ ਗੁਜਾਇਸ਼ ਅਜੇ ਬਾਕੀ ਸੀ। ਇਹੋ ਜਾਪਦਾ ਸੀ ਕਿ ਢੀਂਡਸਾ ਦੀ ਨਰਾਜ਼ਗੀ ਸਿਰਫ਼ ਪਾਰਟੀ ਦੇ ਮੁਢਲੇ ਸਿਧਾਂਤਾਂ ਲਈ ਹੈ ਤੇ ਉਹ ਸੁਖਬੀਰ ਬਾਦਲ ਤੋਂ ਹੀ ਨਾਰਾਜ਼ ਹਨ। ਦੋਵਾਂ ਪਰਿਵਾਰਾਂ ਦੇ ਵੱਡੇ ਬਜ਼ੁਰਗਾਂ ਵਲੋਂ ਕੋਈ ਵਿਚਾਲੇ ਦਾ ਰਸਤਾ ਲੱਭ ਲੈਣ ਦੀ ਮੱਧਮ ਜਿਹੀ ਉਮੀਦ ਅਜੇ ਬਾਕੀ ਸੀ।ਪਰ ਬੀਤੇ ਕੱਲ੍ਹ ਸੰਗਰੂਰ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਬਾਅਦ ਉਮੀਦ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਵੱਡੇ ਬਾਦਲ ਵਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਿਰੁਧ ਕੱਢੀ ਸਿਆਸੀ ਭੜਾਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਪਣਾਏ ਗਏ ਤੇਵਰਾਂ ਨੇ ਦੋਵਾਂ ਪਰਿਵਾਰਾਂ ਵਿਚਾਲੇ ਨੇੜ ਭਵਿੱਖ ਵਿਚ ਵਾਪਸੀ ਦੇ ਰਸਤੇ ਬੰਦ ਕਰ ਦਿਤੇ ਹਨ। ਰੈਲੀ ਦੌਰਾਨ ਜਿੱਥੇ ਵੱਡੇ ਬਾਦਲ ਵਲੋਂ ਢੀਂਡਸਾ ਤੇ ਬ੍ਰਹਮਪੁਰਾ ਨੂੰ ਮਾਂ ਪਾਰਟੀ ਨੂੰ ਲੋੜ ਵੇਲੇ ਪਿੱਠ ਦਿਖਾਉਣ ਵਾਲੇ ਤੇ ਪਾਰਟੀ ਦੀ ਪਿੱਠ ਵਿਚ ਛੁਰਾ ਵਾਲੇ ਵਰਗੇ ‘ਖਿਤਾਬਾਂ’ ਨਾਲ ਨਿਵਾਜਿਆ ਗਿਆ ਉਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਸ ਰੈਲੀ ਵਿਚਲੇ ਇਕੱਠ ਨੂੰ ਢੀਂਡਸਾ ਪਰਿਵਾਰ ਦੇ ਭੋਗ ਅਤੇ ਅੰਤਿਮ ਅਰਦਾਸ ਤਕ ਕਰਾਰ ਦੇ ਦਿਤਾ ਹੈ। ਰੈਲੀ ‘ਚ ਸਿਰਫ਼ ਵੱਡੇ ਬਾਦਲ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹੀ ਕਾਂਗਰਸ ਵੱਲ ਨਿਸ਼ਾਨਾ ਸਾਧਿਆ ਜਦਕਿ ਬਾਕੀ ਸਾਰੇ ਬੁਲਾਰਿਆਂ ਦਾ ਪੂਰਾ ਜ਼ੋਰ ਢੀਂਡਸਾ ਪਰਿਵਾਰ ਨੂੰ ਭੰਡਣ ਵਿਚ ਹੀ ਲੱਗਾ ਰਿਹਾ। ਸੰਗਰੂਰ ਰੈਲੀ ਵਿਚ ਹੋਏ ਇਕੱਠ ਤੋਂ ਅਕਾਲੀ ਆਗੂ ਉਤਸ਼ਾਹਤ ਨਜ਼ਰ ਆਏ। ਦੂਜੇ ਪਾਸੇ ਜਿਸ ਤਰ੍ਹਾਂ ਟਕਸਾਲੀ ਅਕਾਲੀ ਆਗੂ ਲਾਮਬੰਦ ਹੋ ਰਹੇ ਹਨ, ਉਸ ਤੋਂ ਅਕਾਲੀ ਦਲ ਦੀ ਇਹ ਖੁਸ਼ਫਹਿਮੀ ਬਹੁਤੀ ਦੇਰ ਤਕ ਕਾਇਮ ਰਹਿੰਦੀ ਨਹੀਂ ਦਿਸ ਰਹੀ।ਅਕਾਲੀ ਦਲ ਨੂੰ ਇਕ ਪਾਸੇ ਜਿੱਥੇ ਅਪਣੀ ਭਾਈਵਾਲ ਪਾਰਟੀ ਭਾਜਪਾ ਦੇ ਬਦਲੇ ਮਿਜ਼ਾਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪਾਰਟੀ ਅੰਦਰਲੀ ਬਗਾਵਤ ਉਸ ਨੂੰ ਆਉਂਦੇ ਸਮੇਂ ਅੰਦਰ ਭਾਰੀ ਪੈ ਸਕਦੀ ਹੈ। ਭਾਜਪਾ ਦੇ ਹਰਿਆਣਾ ਤੋਂ ਬਾਅਦ ਦਿੱਲੀ ਵਿਚ ਵਿਖਾਏ ਗਏ ਤੇਵਰਾਂ ਤੋਂ ਬਾਅਦ ਪੰਜਾਬ ਅੰਦਰ ਵੀ ਉਸ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਬਾਕੀ ਅਕਾਲੀ ਧੜਿਆਂ ਦਾ ਭਾਜਪਾ ਵੱਲ ਝੁਕਾਊ ਵੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਆਉਂਦੇ ਸਮੇਂ ‘ਚ ਅਕਾਲੀ ਦਲ ਦੀ ਥਾਂ ਭਾਜਪਾ ਵਲੋਂ ਬਾਗੀ ਟਕਸਾਲੀ ਅਕਾਲੀ ਆਗੂਆਂ ਦੇ ਧੜੇ ਨਾਲ ਸਿਆਸੀ ਪੀਂਘ ਪਾ ਲੈਣ ਦੀ ਸੂਰਤ ਵਿਚ ਅਕਾਲੀ ਦਲ ਲਈ ਖੁਦ ਦੀ ਹੋਂਦ ਬਚਾਉਣ ਦਾ ਮਸਲਾ ਵੀ ਖੜ੍ਹਾ ਹੋ ਸਕਦਾ ਹੈ। ਸੋ ਦੋਵਾਂ ਪਰਿਵਾਰਾਂ ਵਿਚਾਲੇ ਬਦਲ ਰਹੇ ਸਿਆਸੀ ਸਮੀਕਰਨਾਂ ਦਾ ਅਸਰ ਆਉਂਦੇ ਦਿਨਾਂ ‘ਚ ਸੂਬੇ ਦੀ ਸਿਆਸਤ ‘ਤੇ ਪੈਣਾ ਤਹਿ ਮੰਨਿਆ ਜਾ ਰਿਹਾ ਹੈ।

You must be logged in to post a comment Login