ਬਾਬੇ ਨਾਨਕ ਦਾ 550ਵਾਂ ਪੁਰਬ ਮਨਾਉਣ ਵਿਚ ਬਾਜ਼ੀ ਮਾਰ ਗਿਆ ਇਮਰਾ

ਬਾਬੇ ਨਾਨਕ ਦਾ 550ਵਾਂ ਪੁਰਬ ਮਨਾਉਣ ਵਿਚ ਬਾਜ਼ੀ ਮਾਰ ਗਿਆ ਇਮਰਾ

ਕਿਸੇ ਗੁਰੂ, ਪੀਰ ਜਾਂ ਧਾਰਮਕ ਰਹਿਬਰ ਦਾ ਪੁਰਬ ਮਨਾਉਣਾ ਤੇ ਉਸ ਪੁਰਬ ਨੂੰ ਇਤਿਹਾਸਿਕ ਬਣਾਉਣਾ, ਦੁਨੀਆਂ ਵਿਚ ਸੋਭਾ ਖੱਟਣਾ ਅਲੱਗ-ਅਲੱਗ ਗੱਲਾਂ ਹਨ।ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੇ ਕੌਮਾਂਤਰੀ ਸੰਸਥਾਵਾਂ ਬੜੇ ਜੋਸ਼ੋ-ਖ਼ਰੋਸ਼ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੇ ਹਨ। ਇਸ ਮਹਾਂ-ਪੁਰਬ ਵਿਚ ਨਾ ਸਿਰਫ਼ ਨਾਨਕ ਨਾਮ ਲੇਵਾ ਲੋਕ ਹੀ ਸ਼ਾਮਲ ਹੋ ਰਹੇ ਹਨ, ਬਲਕਿ ਸਾਰੇ ਧਰਮਾਂ, ਵਰਗਾਂ, ਰੰਗਾਂ, ਲਿੰਗਾਂ, ਭਾਸ਼ਾਵਾਂ, ਇਲਾਕਿਆਂ ਤੇ ਸਭਿਆਚਾਰਾਂ ਦੇ ਲੋਕ ਵੀ ਸਰਧਾ ਪੂਰਵਕ ਹਿੱਸਾ ਲੈ ਰਹੇ ਹਨ।ਬਾਬਾ ਨਾਨਕ ਜੀ ਦਾ ਸਰਬ ਸਾਂਝੀਵਾਲਤਾ, ਮਨੁੱਖੀ ਅਤੇ ਰੱਬੀ ਏਕਤਾ, ਆਪਸੀ ਭਾਈਚਾਰਕ ਮਿਲਵਰਣ, ਸਮਾਜਕ ਬਰਾਬਰੀ ਤੇ ਇਨਸਾਫ਼, ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦਾ ਸੰਦੇਸ਼ ਹਰ ਵਿਅਕਤੀ ਦੀ ਰੂਹ ਨੂੰ ਕੀਲ ਰਿਹਾ ਹੈ। ਸਿੱਖ ਧਰਮ ਦੀ ਸਰਵਉੱਚ ਨਿਰਵੈਰ-ਨਿਰਲੇਪ ਮੁਕੱਦਮ ਤੇ ਸਰਬਕਾਲੀ ਰਾਹਦਸੇਰੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੁਰਮਾਨ ਨੂੰ ਨਜ਼ਰ ਅੰਦਾਜ਼ ਕਰਦਿਆਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਖਰੇ ਤੌਰ ਉਤੇ ਗੁਰੂ ਸਾਹਿਬ ਦਾ ਪੁਰਬ ਮਨਾ ਰਹੀਆਂ ਹਨ। ਦੁਬਿਧਾ ਵਿਚ ਫ਼ਸੀ ਕੇਂਦਰ ਸਰਕਾਰ, ਸੈਂਕੜੇ ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧ ਵੀ ਇਨ੍ਹਾਂ ਸਮਾਗਮਾਂ ਵਿਚ ਭਾਗ ਲੈ ਰਹੇ ਹਨ। ਇਸੇ ਦੌਰਾਨ ਕੇਂਦਰ ਸਰਕਾਰ ਵਲੋਂ ਹਰ ਦੇਸ਼ ਵਿਚ ਸਥਿਤ ਰਾਜਦੂਤ, ਹਾਈ ਕਮਿਸ਼ਨਰ ਤੇ ਕੌਂਸਲੇਟ ਜਨਰਲ ਪੱਧਰ ਉਤੇ ਇਸ ਨੂੰ ਮਨਾਅ ਕੇ ਪੂਰੇ ਵਿਸ਼ਵ ਦੇ ਕੋਨੇ-ਕੋਨੇ ਵਿਚ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਇਹ ਸ਼ਲਾਘਾਯੋਗ ਕਦਮ ਬਾਬੇ ਨਾਨਕ ਦੇ ਅਪਣੇ ਉਸ ਮਹਾਨ ਚਾਰ ਉਦਾਸੀਆਂ ਰਾਹੀਂ ਵੱਖ ਇਲਾਕਿਆਂ, ਰਾਜਾਂ, ਸਭਿਆਚਾਰਾਂ ਵਿਚ ਖ਼ੁਦ ਚਲ ਕੇ ਭਾਈ ਮਰਦਾਨੇ ਤੇ ਹੋਰ ਸਿੱਖਾਂ ਸਾਹਿਤ ਸੰਦੇਸ਼ ਪਹੁੰਚਾਉਣ ਦੀ ਤਰਜ਼ ਉਤੇ ਹੈ।ਭਾਰਤ ਤੇ ਪੰਜਾਬ ਅੰਦਰ ਇਸ ਮਹਾਨ ਪੁਰਬ ਤੇ ਇਸ ਸਮੇਂ ਪਾਕਿਸਤਾਨ ਵਲੋਂ ਖੋਲ੍ਹੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਰੋਹਾਂ ਨੂੰ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਕਾਂਗਰਸ ਪਾਰਟੀ ਤੇ ਪੰਜਾਬ ਅੰਦਰ ਇਸ ਦੀ ਸਰਕਾਰ ਵਲੋਂ, ਇਸ ਤੋਂ ਇਲਾਵਾ ਹੋਰ ਡੇਰੇਦਾਰ ਸੰਸਥਾਵਾਂ ਵਲੋਂ ਵੱਖੋ-ਵੱਖ ਮਨਾ ਕੇ ਇਨ੍ਹਾਂ ਮੁਕੱਦਸ ਕਾਰਜਾਂ ਨੂੰ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ। ਇਸ ਤੋਂ ਵੱਡਾ ਉਨ੍ਹਾਂ ਦੇ ਸਰਬ ਸਾਂਝੀਵਾਲਤਾ, ਭਾਈਚਾਰਕ ਸਾਂਝ, ਮਨੁੱਖੀ ਤੇ ਰੱਬੀ ਏਕਤਾ ਦੇ ਪਵਿੱਤਰ ਸੰਦੇਸ਼ ਨੂੰ ਹੋਰ ਕਿਹੜਾ ਗ੍ਰਹਿਣ ਹੋ ਸਕਦਾ ਹੈ?
ਦੂਜੇ ਪਾਸੇ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਭਾਰਤ ਨਾਲ ਕਸ਼ਮੀਰ ਨੂੰ ਲੈ ਕੇ ਮਾਰੂ ਟਕਰਾਅ ਦੇ ਬਾਵਜੂਦ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ, ਰੱਬੀ-ਏਕਤਾ, ਮਨੁੱਖੀ ਏਕਤਾ, ਭਾਈਚਾਰਕ ਮਿਲਵਰਤਣ ਦੇ ਮਹਾਨ ਸਦੀਵੀਂਸੰਦੇਸ਼ ਦੀ ਕਦਰ ਕਰਦੇ ਹੋਏ, ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਕਾਇਨਾਤ ਅੰਦਰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ। ਇੰਜ ਕਰ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਉਸ ਦੀ ਸਰਕਾਰ ਤੇ ਸਮੂਹ ਪਾਕਿਸਤਾਨ ਮੁਸਲਿਮ ਭਾਈਚਾਰਾ ਬਾਬੇ ਨਾਨਕ ਦੀ ਅਸੀਸ ਦਾ ਵਡਭਾਗੀ ਬਣ ਰਿਹਾ ਹੈ।ਭਾਰਤ ਤੇ ਭਾਰਤੀ ਪੰਜਾਬ ਵਿਚ ਮਿਲਜੁਲ ਕੇ ਪੂਰੀ ਸਰਧਾ ਅਨੁਸਾਰ ਇਹ ਪੂਰਬ ਨਾ ਮਨਾ ਕੇ ਅਜੋਕੇ ਆਗੂਆਂ ਨੇ ਅਪਣੇ ਆਪ ਨੂੰ ਕਲੰਕਿਤ ਕਰ ਲਿਆ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹੀਰੋ ਨਵਜੋਤ ਸਿੰਘ ਸਿੱਧੂ ਨੂੰ ਇਸ ਸਬੰਧੀ ਸਮਾਰੋਹਾਂ ਵਿਚੋਂ ਮਨਫ਼ੀ ਕਰ ਕੇ ਰਾਜਨੀਤਕ, ਧਾਰਮਕ ਤੇ ਸਮਾਜਕ ਅਕ੍ਰਿਤਘਣਤਾ ਦਾ ਸਬੂਤ ਦਿਤਾ ਹੈ। ਇਮਰਾਨ ਖ਼ਾਨ ਬਾਬੇ ਗੁਰੂ ਨਾਨਕ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ (ਰਾਏ ਭੋਇਂ ਦੀ ਤਲਵੰਡੀ) ਨੂੰ ਸਿੱਖ ਭਾਈਚਾਰੇ ਦਾ ਮੱਕਾ ਜਦ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਿਥੇ ਉਨ੍ਹਾਂ ਜੀਵਨ ਦੇ ਆਖ਼ਰੀ 18 ਸਾਲ ਕਿਰਤ ਕਰਦੇ, ਨਾਮ ਸਿਮਰਨ ਦਾ ਛੱਟਾ ਦਿੰਦੇ, ਵੰਡ ਛਕਣ ਦੀ ਪ੍ਰੰਪਰਾ ਤੋਰਦੇ ਗ਼ੁਜ਼ਾਰੇ, ਨੂੰ ਸਿੱਖ ਭਾਈਚਾਰੇ ਦਾ ਮਦੀਨਾ ਸਮਝਦੇ ਹਨ। ਇਸ ਮਹਾਨ ਪੁਰਬ ਸਮੇਂ ਇਨ੍ਹਾਂ ਦੋਹਾਂ ਪਵਿੱਤਰ ਸਥਾਨਾਂ ਤੇ ਇਕ ਨਵੇਂ ਇਤਿਹਾਸ ਦੀ ਰਚਨਾ ਕਰਦੇ ਹੋਏ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਟੀ ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ 444 ਏਕੜ ਕੰਪਲੈਕਸ ਤੇ ਵਿਸ਼ਾਲ ਅਜੂਬਾ ਨੁਮਾ ਗੁਰਦਵਾਰਾ ਸਾਹਿਬ ਤੇ ਭਾਰਤ ਨੂੰ ਲਾਂਘਾ ਉਸਾਰ ਕੇ ਦੇਣ ਦੇ ਕਾਰਜ ਕੀਤੇ ਹਨ। ਲਾਂਘੇ ਦੇ ਸਵਾਗਤੀ ਗੇਟ ਤੇ ਪੰਜਾਬੀ ਵਿਚ ਲਿਖਿਆ ਹੈ ‘ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ।’

You must be logged in to post a comment Login