ਬੇਅਦਬੀ ਕਾਂਡ : ਬਰਗਾੜੀ ‘ਚ ਪਸ਼ਚਾਤਾਪ ਵਜੋਂ ਅਖੰਡ ਪਾਠ ਆਰੰਭ, ਭੋਗ ਭਲਕੇ

ਬੇਅਦਬੀ ਕਾਂਡ : ਬਰਗਾੜੀ ‘ਚ ਪਸ਼ਚਾਤਾਪ ਵਜੋਂ ਅਖੰਡ ਪਾਠ ਆਰੰਭ, ਭੋਗ ਭਲਕੇ

ਕੋਟਕਪੂਰਾ : ਪਿਛਲੇ ਸਾਲ 1 ਜੂਨ ਨੂੰ ਕੁੱਝ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਬਰਗਾੜੀ ਵਿਖੇ ਮਨਾਇਆ ਗਿਆ ਪਸ਼ਚਾਤਾਪ ਦਿਵਸ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਲਈ ਉਸ ਸਮੇਂ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ, ਜਦੋਂ ਭਾਈ ਧਿਆਨ ਸਿੰਘ ਮੰਡ ਨੇ ਇਨਸਾਫ਼ ਮਿਲਣ ਤਕ ਉਸੇ ਥਾਂ ਅਣਮਿੱਥੇ ਸਮੇਂ ਲਈ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਹੁਣ ਫਿਰ ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਵਲੋਂ 1 ਜੂਨ ਨੂੰ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਪਸ਼ਚਾਤਾਪ ਦਿਵਸ ਮਨਾਉਣ ਦੇ ਕੀਤੇ ਐਲਾਨ ਨੇ ਪ੍ਰਸ਼ਾਸਨ ਨੂੰ ਭਾਜੜਾਂ ਪਾ ਰਖੀਆਂ ਹਨ।
ਭਾਵੇਂ ਪੁਲਿਸ ਪ੍ਰਸ਼ਾਸਨ ਨੇ ਬਰਗਾੜੀ ਦੇ ਇਨਸਾਫ ਮੋਰਚੇ ਨਾਲ ਜੁੜੀ ਥਾਂ ‘ਦਾਣਾ ਮੰਡੀ’ ਨੂੰ ਤਾਂ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ ਪਰ ਪੰਥਦਰਦੀਆਂ ਨੇ ਗੁਰਦਵਾਰਾ ਸਾਹਿਬ ਵਿਖੇ ਅੱਜ ਅਖੰਡ ਪਾਠ ਆਰੰਭ ਕਰਾਉਣ ਉਪਰੰਤ ਦਸਿਆ ਕਿ 1 ਜੂਨ ਨੂੰ ਭੋਗ ਪਾਉਣ ਤੋਂ ਬਾਅਦ ਕਥਾ ਕੀਰਤਨ ਸਮਾਗਮ ਦੇ ਨਾਲ-ਨਾਲ ਸ਼ਹੀਦ ਹੋਏ ਦੋ ਨੌਜਵਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਣਗੇ। ਪੰਥਦਰਦੀਆਂ ‘ਚ ਸ਼ਾਮਲ ਸਵਰਨ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ ਆਦਿ ਨੇ ਦੇਸ਼ ਭਰ ‘ਚ ਵਸਦੇ ਪੰਥਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 1 ਜੂਨ ਦੇ ਪਸ਼ਚਾਤਾਪ ਸਮਾਗਮ ‘ਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਨ ਤਾਂ ਜੋ ਪੀੜਤ ਪਰਵਾਰਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਈਆਂ ਜਾ ਸਕਣ।

You must be logged in to post a comment Login