ਬੇਮੌਸਮੇ ਮੀਂਹ ਨਾਲ ਅਗੇਤੀਆਂ ਕਣਕਾਂ ਪੀਲੀਆਂ ਪਈਆਂ

ਬੇਮੌਸਮੇ ਮੀਂਹ ਨਾਲ ਅਗੇਤੀਆਂ ਕਣਕਾਂ ਪੀਲੀਆਂ ਪਈਆਂ

ਚੰਡੀਗੜ੍ਹ : ਬੇਮੌਸਮੇ ਮੀਂਹ ਨੇ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿਤੀਆਂ ਹਨ। ਖੇਤਾਂ ਵਿਚ ਮੀਂਹ ਦਾ ਪਾਣੀ ਖੜਾ ਹੋਣ ਨਾਲ ਅਗੇਤੀ ਕਣਕ ਪੀਲੀ ਪੈ ਗਈ ਹੈ ਜਦੋਂ ਕਿ ਨਵੀਂ ਬਿਜਾਈ ਦਾ ਕਰੰਡ ਹੋ ਗਿਆ ਹੈ। ਬਾਰਸ਼ ਕਾਰਨ 30 ਫ਼ੀ ਸਦੀ ਦੇ ਕਰੀਬ ਕਣਕ ਦੀ ਬਿਜਾਈ ਪਛੜ ਗਈ ਹੈ। ਪਿਛਲੇ ਦੋ ਦਿਨਾਂ ਤੋਂ ਰਾਜ ਭਰ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ ਹੈ। ਝੋਨੇ ਦੀ ਫ਼ਸਲ ਵੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਖ਼ਰਾਬ ਹੋ ਗਈ ਸੀ ਜਿਸ ਕਾਰਨ ਪਿਛਲੇ ਸਾਲ ਦੀ ਨਿਸਬਤ ਮੰਡੀਆਂ ਵਿਚ ਪੰਜ ਲੱਖ ਮੀਟਰਕ ਟਨ ਝੋਨਾ ਘੱਟ ਪੁਜਿਆ ਹੈ। ਮੰਡੀਆ ਵਿਚ ਚੁਕਾਈ ਖੁਣੋਂ ਪਈ ਜਿਨਸ ਵੀ ਭਿਜ ਗਈ ਹੈ। ਇਸ ਸਾਲ ਝੋਨੇ ਦੀ ਕੁਲ ਆਮਦ 178 ਲੱਖ ਮੀਟਰਕ ਟਨ ਰਹਿਣ ਦਾ ਅੰਦਾਜ਼ਾ ਹੈ ਜਦਕਿ ਪਿਛਲੇ ਸਾਲ 181.43 ਲੱਖ ਮੀਟਰਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ। ਇਸ ਸਾਲ ਮੰਡੀਆਂ ਵਿਚ 16.06 ਲੱਖ ਮੀਟਰਕ ਟਨ ਬਾਸਮਤੀ ਆਈ ਹੈ।ਪਿਛਲੇ ਸਾਲ ਇਹ 13.09 ਲੱਖ ਮੀਟਰਕ ਟਨ ਸੀ। ਧਾਨ ਹੇਠਲਾ ਰਕਬਾ 29 ਲੱਖ ਹੈਕਟੇਅਰ ਸੀ। ਖੇਤੀਬਾੜੀ ਵਿਭਾਗ ਵਲੋਂ ਦਿਤੀ ਜਾਣਕਾਰੀ ਅਨੁਸਾਰ ਕਣਕ ਦੀ ਬਿਜਾਈ ਦਾ ਕੰਮ 75 ਫ਼ੀ ਸਦੀ ਨਿਬੜ ਗਿਆ ਹੈ। ਇਸ ਵਿਚੋਂ ਸੱਤ ਲੱਖ ਹੈਕਟੇਅਰ ਵਿਚ ਬੀਜੀ ਅਗੇਤੀ ਫ਼ਸਲ ਪੀਲੀ ਫਿਰ ਗਈ ਹੈ। ਡੇਢ ਲੱਖ ਹੈਕਟੇਅਰ ਵਿਚ ਕਰੰਡ ਹੋ ਗਿਆ ਹੈ। ਇਸ ਸਾਲ ਕਣਕ ਹੇਠਲਾ ਰਕਬਾ 34.90 ਲੱਖ ਹੈਕਟੇਅਰ ਰਖਿਆ ਗਿਆ ਹੈ। ਪਿਛਲੇ ਸਾਲ 35.40 ਲੱਖ ਹੈਕਟੇਅਰ ਸੀ।ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 26 ਤੋਂ 28 ਨਵੰਬਰ ਦੀ ਸਵੇਰ ਤਕ ਪਟਿਆਲਾ ਵਿਚ ਸੱਭ ਤੋਂ ਵੱਧ 41 ਮਿਲੀਮੀਟਰ ਮੀਂਹ ਪਿਆ ਹੈ। ਬਠਿੰਡਾ ਵਿਚ 18.3 ਮਿਲੀਮੀਟਰ ਅਤੇ ਬਰਨਾਲਾ ਵਿਚ 10.0 ਮਿਲੀਮੀਟਰ ਬਾਰਸ਼ ਹੋਈ। ਮਾਨਸਾ ਵਿਚ 9 ਮਿਲੀਮੀਟਰ ਅਤੇ ਸੰਗਰੂਰ ਵਿਚ 8 ਮਿਲੀਮੀਟਰ ਬਾਰਸ਼ ਰੀਕਾਰਡ ਕੀਤੀ ਗਈ ਸੀ। ਮੋਹਾਲੀ ਵਿਚ 15 ਮਿਲੀਮੀਟਰ ਅਤੇ ਲੁਧਿਆਣਾ ਵਿਚ 12.3 ਮਿਲੀਮੀਟਰ ਮੀਂਹ ਨੋਟ ਕੀਤਾ ਗਿਆ ਹੈ।ਬਾਕੀ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਹੈ। ਮੌਸਮ ਵਿਭਾਗ ਨੇ ਅਗਲੇ ਦਿਨੀਂ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਰਹੱਦੀ ਖੇਤਰ ਵਿਚ ਸੰਘਣੀ ਧੁੰਦ ਜ਼ੋਰ ਫੜਨ ਲੱਗੀ ਹੈ ਜਿਸ ਨਾਲ ਆਵਾਜਾਈ ਵਿਚ ਵਿਘਨ ਪਿਆ ਹੈ। ਸਵੇਰੇ ਵੇਲੇ ਧੁੰਦ ਘੱਟ ਸੀ ਪਰ ਸੂਰਜ ਚੜ੍ਹਨ ਨਾਲ ਇਹ ਹੋਰ ਜ਼ੋਰ ਫੜ ਗਈ।

You must be logged in to post a comment Login