ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਬਚਾਉਣ ਲਈ ਹਿਮਾਚਲ ਸਰਕਾਰ ਨੇ ਪੰਜਾਬ ਤੋਂ ਬੁਲਾਏ ਇੰਜੀਨੀਅਰ

ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਬਚਾਉਣ ਲਈ ਹਿਮਾਚਲ ਸਰਕਾਰ ਨੇ ਪੰਜਾਬ ਤੋਂ ਬੁਲਾਏ ਇੰਜੀਨੀਅਰ

ਨਵੀਂ ਦਿੱਲੀ: ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਟੁੱਟਣ ਅਤੇ ਇਤਿਹਾਸਕ ਚੋਟੀ ਦੇ ਹਿੱਸੇ ਨੂੰ ਡੁੱਬਣ ਤੋਂ ਬਚਾਉਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਤੋਂ ਇੰਜੀਨੀਅਰਾਂ ਨੂੰ ਬੁਲਾਇਆ ਹੈ। ਚੋਟੀ ਦੇ ਇਸ ਹਿੱਸੇ ਦੇ ਹੇਠਾਂ ਸਥਿਤ ਪਾਣੀ ਦੀ ਟੈਂਕੀ ਦੇ ਚਾਰ ਚੈਂਬਰਾਂ ਦੀਆਂ ਕੰਧਾਂ ਵਿਚ ਦਰਾਰਾਂ ਪੈ ਗਈਆਂ ਹਨ। ਦਰਾਰਾਂ ਕੁੱਝ ਮਿਲੀਮੀਟਰ ਡੂੰਘੀਆਂ ਹਨ ਪਰ ਸਮੇਂ ਦੇ ਨਾਲ ਨਾਲ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ।ਇਸ ਲਈ ਜੇਕਰ ਸਮੇਂ ‘ਤੇ ਇਸ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਤਾਂ ਇਹ ਬਹੁਤ ਵੱਡੀ ਮੁਸੀਬਤ ਬਣ ਸਕਦੀ ਹੈ। ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸਮੇਤ ਤਿੰਨ ਮਾਹਿਰਾਂ ਅਤੇ ਦੋ ਪ੍ਰੋਫੈਸਰਾਂ ਦੀ ਇਕ ਟੀਮ ਨੇ ਬੁੱਧਵਾਰ ਨੂੰ ਸ਼ਿਮਲਾ ਦਾ ਦੌਰਾ ਕੀਤਾ ਅਤੇ ਟੈਂਕ ਵਿਚ ਪੈ ਰਹੀਆਂ ਦਰਾਰਾਂ ਦਾ ਨਰੀਖਣ ਕੀਤਾ। ਇਹ ਮਾਹਿਰ ਅਪਣੇ ਨਿਰੀਖਣ ਦੇ ਅਧਾਰ ‘ਤੇ ਇਕ ਰਿਪੋਰਟ ਬਣਾਉਣਗੇ ਅਤੇ ਸ਼ਿਮਲਾ ਨਗਰ ਨਿਗਮ (ਐਸਐਮਸੀ) ਨੂੰ ਹੱਲ ਦੱਸਣਗੇ। ਇਸ ਤੋਂ ਬਾਅਦ ਐਸਐਮਸੀ ਬਹਾਲੀ ਦਾ ਕੰਮ ਸ਼ੁਰੂ ਕਰੇਗੀ।ਟੈਂਕ ਦੀ ਕੰਧ ‘ਤੇ ਇਹ ਦਰਾਰਾਂ ਪਹਿਲੀ ਵਾਰ 2018 ਵਿਚ ਸਫ਼ਾਈ ਦੌਰਾਨ ਦੇਖੀਆਂ ਗਈਆਂ ਸਨ। ਪਾਣੀ ਦੀ ਟੈਂਕੀ ਨੂੰ ਸਾਲ ਵਿਚ ਦੋ ਵਾਰ ਸਾਫ਼ ਕੀਤਾ ਜਾਂਦਾ ਹੈ। ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਸ਼ਿਮਲਾ ਦੇ ਨਗਰ ਪਾਲਿਕਾ ਇੰਜੀਨੀਅਰ ਵਿਜੈ ਗੁਪਤਾ ਨੇ ਕਿਹਾ ਕਿ ਸਫਾਈ ਦੌਰਾਨ ਦਰਾਰਾਂ ਪਹਿਲੀ ਵਾਰ ਪਿਛਲੇ ਸਾਲ ਦੇਖੀਆਂ ਗਈਆਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮਾਹਿਰਾਂ ਨੂੰ ਦਰਾਰਾਂ ਦਾ ਨਿਰੀਖਣ ਕਰਨ ਅਤੇ ਬਹਾਲੀ ਦੇ ਕੰਮ ਵਿਚ ਮਦਦ ਕਰਨ ਲਈ ਸੱਦਾ ਦਿੱਤਾ ਹੈ।ਇਸ ਦੇ ਹੱਲ ਦਾ ਪਤਾ ਲਗਾਉਣ ਲਈ ਸ਼ਿਮਲਾ ਵਾਟਰ ਮੈਨੇਜਮੈਂਟ ਕਾਰਪੋਰੇਸ਼ਨ ਲਿਮਟਿਡ ਦੀ ਇਕ ਟੀਮ ਨੇ 2018 ਵਿਚ ਵੀ ਦਰਾਰ ਦਾ ਨਿਰੀਖਣ ਕੀਤਾ ਸੀ ਅਤੇ ਐਸਐਮ ਸੀ ਨੇ ਕਈ ਸੰਸਥਾਵਾਂ ਨੂੰ ਵੀ ਲਿਖਿਆ ਸੀ। ਇਹਨਾਂ ਸੰਸਥਾਵਾਂ ਵਿਚ ਆਈਆਈਟੀ ਰੁੜਕੀ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵੀ ਸ਼ਾਮਲ ਸਨ। ਸ਼ਿਮਲਾ ਦੇ ਮੇਅਰ ਕੁਸੁਮ ਸਦਰੇਟ ਨੇ ਹਾਲ ਹੀ ਵਿਚ ਕੁੱਝ ਕੌਂਸਲਰਾਂ ਨਾਲ ਪਾਣੀ ਦੀ ਟੈਂਕੀ ਦਾ ਦੌਰਾ ਕੀਤਾ ਸੀ। ਜੇਕਰ ਟੈਂਕ ਟੁੱਟ ਗਿਆ ਤਾਂ ਸ਼ਿਮਲਾ ਵਿਚ ਜਾਨੀ-ਮਾਲੀ ਨੁਕਸਾਨ ਦਾ ਖਤਰਾ ਹੈ। ਇਸ ਤੋਂ ਇਲਾਵਾ ਚੋਟੀ ਦਾ ਇਕ ਹਿੱਸਾ ਵੀ ਗੇਯਟੀ ਥਿਏਟਰ ਕੋਲ ਇਕ ਫੁੱਟ ਤੋਂ ਜ਼ਿਆਦਾ ਡੁੱਬ ਗਿਆ ਹੈ, ਜਿਸ ਨਾਲ ਨੇੜੇ ਦੇ ਲੋਕ ਅਤੇ ਬਜ਼ਾਰ ਖਤਰੇ ਵਿਚ ਹਨ।

You must be logged in to post a comment Login