ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦੀ ਚੇਤਾਵਨੀ

ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਦੀ ਚੇਤਾਵਨੀ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਕੀਤੀ ਕਾਰਵਾਈ ਦਾ ਵਿਰੋਧ ਕਰਦਿਆਂ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ। ਕਿਸਾਨ ਆਗੂਆਂ ਨੇ ਇੱਕ ਬਿਆਨ ਰਾਹੀਂ ਪਰਾਲੀ ਸਾੜਨ ਨੂੰ ਆਮ ਕਿਸਾਨਾਂ ਦੀ ਮਜਬੂਰੀ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਬਗੈਰ ਹੀ ਪਰਾਲੀ ਸਾੜਨ ਲਈ ਮਜਬੂਰ ਕਿਸਾਨਾਂ ਉੱਤੇ ਮੁਕੱਦਮਿਆਂ/ਜੁਰਮਾਨਿਆਂ ਦਾ ਹੱਲਾ ਵਿੱਢਣਾ ਸਰਾਸਰ ਬੇਇਨਸਾਫ਼ੀ ਤੇ ਧੱਕੇਸ਼ਾਹੀ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਇਸ ਧੱਕੇਸ਼ਾਹੀ ਵਿਰੁੱਧ ਡਟਵਾਂ ਸੰਘਰਸ਼ ਕਰਨ ਲਈ ਥਾਂ-ਥਾਂ ਸਬੰਧਤ ਅਫ਼ਸਰਾਂ ਦੇ ਘਿਰਾਓ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਵੱਲੋਂ ਵਾਤਾਵਰਨ ਪ੍ਰਦੂਸ਼ਣ ਦਾ ਠੀਕਰਾ ਕਿਸਾਨਾਂ ਸਿਰ ਨਾ ਭੰਨਣ ਵਾਲਾ ਬਿਆਨ ਵੀ ਕਿਸਾਨਾਂ ਦੀ ਇਸ ਮਜਬੂਰੀ ਅਤੇ ਸਰਕਾਰ ਦੀ ਨਾਲਾਇਕੀ ਉੱਤੇ ਮੋਹਰ ਲਾਉਂਦਾ ਹੈ। ਕੌਮੀ ਰਾਜਧਾਨੀ ਤੇ ਨੇੜਲੇ ਖੇਤਰਾਂ ’ਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤਕ ਗਰਕਣ ਦਾ ਗੰਭੀਰ ਨੋਟਿਸ ਲੈਣ ਵਾਲੀ ਸੁਪਰੀਮ ਕੋਰਟ ਨੇ ਅੱਜ ਖੁ਼ਦ ਇਕ ਸੱਜਰਾ ਕੇਸ ਦਰਜ ਕੀਤਾ ਹੈ, ਜਿਸ ’ਤੇ ਹੁਣ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਜਸਟਿਸ ਅਰੁਣ ਮਿਸ਼ਰਾ ਤੇ ਦੀਪਕ ਗੁਪਤਾ ਦੀ ਸ਼ਮੂਲੀਅਤ ਵਾਲਾ ਵਿਸ਼ੇਸ਼ ਬੈਂਚ ‘ਆਪੂ ਲਏ ਨੋਟਿਸ’ ਦੇ ਅਧਾਰ ’ਤੇ ਦਰਜ ਇਸ ਕੇਸ ਦੀ ਪ੍ਰਦੂਸ਼ਣ ਨਾਲ ਸਬੰਧਤ ਹੋਰ ਬਕਾਇਆ ਕੇਸਾਂ ਦੇ ਨਾਲ ਹੀ ਸੁਣਵਾਈ ਕਰੇਗਾ। ਸਿਖਰਲੀ ਅਦਾਲਤ ਨੇ ਲੰਘੇ ਦਿਨ ਉੱਤਰੀ ਰਾਜਾਂ ਦੀ ਕੀਤੀ ਝਾੜ-ਝੰਬ ਦੌਰਾਨ ਸਾਫ਼ ਕਰ ਦਿੱਤਾ ਸੀ ਕਿ ਸਬੰਧਤ ਧਿਰਾਂ ਪ੍ਰਦੂਸ਼ਣ ਦੇ ਮੁੱਦੇ ’ਤੇ ਇਕ ਦੂਜੇ ਸਿਰ ਜ਼ਿੰਮੇਵਾਰੀ ਸੁੱਟ ਕੇ ਨਹੀਂ ਬਚ ਸਕਦੀਆਂ।

You must be logged in to post a comment Login