ਭਾਰਤੀ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ (ਹੈਕ) ਕੀਤੀ ਜਾ ਸਕਦੀ ਹੈ

ਭਾਰਤੀ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ (ਹੈਕ) ਕੀਤੀ ਜਾ ਸਕਦੀ ਹੈ

ਲੰਦਨ : ਅਮਰੀਕਾ ‘ਚ ਸਿਆਸੀ ਸ਼ਰਣ ਚਾਹੁਣ ਵਾਲੇ ਇਕ ਭਾਰਤੀ ਸਾਈਬਰ ਮਾਹਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ‘ਚ 2014 ਦੀਆਂ ਆਮ ਚੋਣਾਂ ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਜ਼ਰੀਏ ‘ਧਾਂਦਲੀ’ ਹੋਈ ਸੀ। ਉਸ ਦਾ ਦਾਅਵਾ ਹੈ ਕਿ ਈ.ਵੀ.ਐਮ. ਨੂੰ ਹੈਕ ਕੀਤਾ ਜਾ ਸਕਦਾ ਹੈ (ਛੇੜਛਾੜ ਕੀਤੀ ਜਾ ਸਕਦੀ ਹੈ)। ਸਕਾਈਪ ਜ਼ਰੀਏ ਲੰਦਨ ‘ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਇਸ ਵਿਅਕਤੀ ਨੇ ਦਾਅਵਾ ਕੀਤਾ ਕਿ 2014 ‘ਚ ਉਹ ਭਾਰਤ ਤੋਂ ਹਿਜਰਤ ਕਰ ਗਿਆ ਸੀ ਕਿਉਂਕਿ ਅਪਣੀ ਟੀਮ ਦੇ ਕੁੱਝ ਮੈਂਬਰਾਂ ਦੇ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਉਹ ਡਰਿਆ ਹੋਇਆ ਸੀ।
ਵਿਅਕਤੀ ਦੀ ਪਛਾਣ ਸਈਅਦ ਸ਼ੁਜਾ ਵਜੋਂ ਹੋਈ ਹੈ। ਉਸ ਨੇ ਦਾਅਵਾ ਕੀਤਾ ਕਿ ਟੈਲੀਕਾਮ ਖੇਤਰ ਦੀ ਵੱਡੀ ਕੰਪਨੀ ਰਿਲਾਇੰਸ ਜੀਓ ਨੇ ਘੱਟ ਫ਼ਰੀਕੁਐਂਸੀ ਦੇ ਸਿਗਨਲ ਪਾਉਣ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਦਦ ਕੀਤੀ ਸੀ ਤਾਕਿ ਈ.ਵੀ.ਐਮ. ਮਸ਼ੀਨਾਂ ਨੂੰ ਹੈਕ ਕੀਤਾ ਜਾ ਸਕੇ। ਸ਼ੁਜਾ ਨੇ ਕਿਹਾ ਕਿ ਭਾਜਪਾ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਚੋਣ ਜਿੱਤ ਜਾਂਦੀ ਜੇ ਉਨ੍ਹਾਂ ਦੀ ਟੀਮ ਇਨ੍ਹਾਂ ਤਿੰਨਾਂ ਸੂਬਿਆਂ ‘ਚ ਟਰਾਂਸਮਿਸ਼ਨ ਹੈਕ ਕਰ ਕੇ ਭਾਜਪਾ ਦੀ ਕੋਸ਼ਿਸ਼ ‘ਚ ਦਖ਼ਲ ਨਾ ਦਿੰਦੀ।
ਇਕ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਸ਼ੁਜਾ ਨੇ ਦਾਅਵਾ ਕੀਤਾ ਹੈ ਕਿ ਈ.ਵੀ.ਐਮ. ਨੂੰ ਹੈਕ ਕਰਨਾ ਕਾਫ਼ੀ ਮੁਸ਼ਕਲ ਹੈ ਪਰ ਇਹ ਨਾਮੁਮਕਿਨ ਨਹੀਂ ਹੈ। ਉਸ ਅਨੁਸਾਰ ਈ.ਵੀ.ਐਮ. ਨੂੰ ਟਰਾਂਸਮੀਟਰ ਜ਼ਰੀਏ ਬਗ਼ੈਰ ਕਿਸੇ ਬਲੂਟੁੱਥ ਅਤੇ ਵਾਈ-ਫ਼ਾਈ ਤੋਂ ਹੈਕ ਕੀਤਾ ਜਾ ਸਕਦਾ ਹੈ। ਇਸ ਲਈ ਚਿਪਸੈੱਟ ਕਰਨਲ ਨੂੰ ਬਾਈਪਾਸ ਕਰਨਾ ਹੁੰਦਾ ਹੈ। ਈ.ਵੀ.ਐਮ. ‘ਚ ਕਾਫ਼ੀ ਪੁਰਾਣਾ ਚਿਪਸੈੱਟ ਪ੍ਰਯੋਗ ਕੀਤਾ ਜਾਂਦਾ ਹੈ। ਉਸ ਨੇ ਈ.ਵੀ.ਐਮ. ਹੈਕ ਕਰਨ ਦਾ ਪ੍ਰਦਰਸ਼ਨ ਵੀ ਕੀਤਾ। ਭਾਰਤੀ ਮੂਲ ਦੇ ਇਸ ਹੈਕਰ ਦੇ ਕਥਿਤ ਦਾਅਵੇ ਨੂੰ ਭਾਰਤੀ ਚੋਣ ਕਮਿਸ਼ਨ ਦੇ ਸਿਖਰਲੇ ਤਕਨੀਕੀ ਮਾਹਰ ਡਾ. ਰਜਤ ਮੂਨਾ ਨੇ ਖ਼ਾਰਜ ਕਰ ਦਿਤਾ ਹੈ। ਇਕ ਟੀ.ਵੀ. ਨੂੰ ਦਿਤੇ ਬਿਆਨ ‘ਚ ਉਨ੍ਹਾਂ ਹੈਕਰ ਦੇ ਦਾਅਵੇ ਨੂੰ ਬੇਬੁਨਿਆਦ ਕਰਾਰ ਦਿਤਾ। ਆਈ.ਆਈ.ਟੀ. ਭਿਲਾਈ ਦੇ ਡਾਇਰੈਕਟਰ ਅਤੇ ਚੋਣ ਕਮਿਸ਼ਨ ਦੀ ਤਕਨੀਕੀ ਮਾਹਰ ਕਮੇਟੀ ਦੇ ਮੈਂਬਰ ਡਾ. ਰਜਤ ਮੂਨਾ ਨੇ ਕਿਹਾ ਕਿ ਈ.ਵੀ.ਐਮ. ਮਸ਼ੀਨਾਂ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ‘ਚ ਕਿਸੇ ਵੀ ਤਰ੍ਹਾਂ ਦੇ ਬੇਤਾਰ ਸੰਚਾਰ ਦੀ ਸਮੱਰਥਾ ਨਹੀਂ ਹੈ। ਹੈਕਰ ਦਾ ਕਹਿਣਾ ਹੈ ਕਿ ਈ.ਵੀ.ਐਮ. ਹੈਕਿੰਗ ‘ਚ ਸਿਰਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਹੀ ਨਹੀਂ ਬਲਕਿ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਰਹੀਆਂ ਹਨ।
ਉਸ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਉਸ ਲਈ ਕੰਮ ਕੀਤਾ ਸੀ। ਜਦਕਿ 2014 ‘ਚ ਲੋਕ ਸਭਾ ਚੋਣਾਂ ‘ਚ ਈ.ਵੀ.ਐਮ. ਨਾਲ ਛੇੜਛਾੜ ਦੀ ਜਾਣਕਾਰੀ ਭਾਜਪਾ ਆਗੂ ਗੋਪੀਨਾਥ ਮੁੰਡੇ ਨੂੰ ਸੀ। ਇਹ ਧਮਾਕੇਦਾਰ ਪ੍ਰਗਟਾਵਾ ਬੜੇ ਖ਼ੁਫ਼ੀਆ ਅੰਦਾਜ਼ ‘ਚ ਕੀਤਾ ਗਿਆ, ਹਾਲਾਂਕਿ ਇਸ ਦੀ ਤੁਰਤ ਪੁਸ਼ਟੀ ਨਹੀਂ ਕੀਤੀ ਜਾ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਰਕਾਰੀ ਕੰਪਨੀ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਡ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਈ.ਵੀ.ਐਮ. ਮਸ਼ੀਨ ਦਾ ਡਿਜ਼ਾਈਨ ਤਿਆਰ ਕੀਤਾ ਸੀ। ਉਹ ਭਾਰਤੀ ਪੱਤਰਕਾਰ ਸੰਘ (ਯੂਰੋਪ) ਵਲੋਂ ਕਰਵਾਈ ਇਕ ਪ੍ਰੈੱਸ ਕਾਨਫ਼ਰੰਸ ‘ਚ ਸ਼ਾਮਲ ਹੋਏ ਸਨ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਕਿਹਾ ਸੀ ਕਿ ਈ.ਵੀ.ਐਮ. ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੀ ਕਾਰਜਪ੍ਰਣਾਲੀ ‘ਤੇ ਇਕ ਮਾਹਰ ਕਮੇਟੀ ਨਜ਼ਰ ਰੱਖ ਰਹੀ ਹੈ। ਇਸ ਤੋਂ ਪਹਿਲਾਂ ਕਈ ਟੀਮਾਂ ਈ.ਵੀ.ਐਮ. ਨਾਲ ਛੇੜਛਾੜ ਦਾ ਦੋਸ਼ ਲਾ ਚੁਕੀਆਂ ਹਨ ਅਤੇ ਬੈਲਟ ਪੇਪਰਾਂ ਨਾਲ ਚੋਣਾਂ ਕਰਵਾਉਣ ਦੀ ਮੰਗ ਕਰ ਚੁੱਕੀਆਂ ਹਨ। ਲੰਦਨ ਵਿਖੇ ਪ੍ਰੋਗਰਾਮ ‘ਚ ਸ਼ੁਜਾ ਨੇ ਦਾਅਵਾ ਕੀਤਾ।

You must be logged in to post a comment Login