ਭਾਰਤ ‘ਚ ਨਿਮੋਨੀਆ ਕਾਰਨ ਹੋ ਸਕਦੀ ਹੈ 17 ਲੱਖ ਬੱਚਿਆਂ ਦੀ ਮੌਤ !

ਭਾਰਤ ‘ਚ ਨਿਮੋਨੀਆ ਕਾਰਨ ਹੋ ਸਕਦੀ ਹੈ 17 ਲੱਖ ਬੱਚਿਆਂ ਦੀ ਮੌਤ !

ਲੰਡਨ— ਇਕ ਗਲੋਬਲ ਅਧਿਐਨ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਆਸਾਨੀ ਨਾਲ ਇਲਾਜ ਕੀਤੇ ਜਾਣ ਵਾਲੀ ਬੀਮਾਰੀ ਨਿਮੋਨੀਆ ਕਾਰਨ ਭਾਰਤ ‘ਚ 2030 ਤੱਕ 17 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵਿਸ਼ਵ ਨਿਮੋਨੀਆ ਦਿਵਸ ਮੌਕੇ ਜਾਰੀ ਇਸ ਅਧਿਐਨ ‘ਚ ਪਾਇਆ ਗਿਆ ਹੈ ਕਿ ਇਸ ਬੀਮਾਰੀ ਕਾਰਨ 2030 ਤੱਕ ਪੰਜ ਸਾਲ ਤੋਂ ਘੱਟ ਦੀ ਉਮਰ ਦੇ 1.1 ਕਰੋੜ ਬੱਚਿਆਂ ਦੀ ਮੌਤ ਹੋਣ ਦੀ ਸੰਭਾਵਨਾ ਹੈ।
ਬ੍ਰਿਟੇਨ ਸਥਿਤ ਗੈਰ-ਸਰਕਾਰੀ ਸੰਗਠਨ ‘ਸੇਵ ਦ ਚਿਲਡਰਨ’ ਦੀ ਇਹ ਰਿਪੋਰਟ ਕਹਿੰਦੀ ਹੈ ਕਿ ਇਸ ਰੋਗ ਦੇ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਨਾਈਜੀਰੀਆ, ਭਾਰਤ, ਪਾਕਿਸਤਾਨ ਤੇ ਕਾਂਗੋ ਲੋਕਤੰਤਰੀ ਗਣਰਾਜ ‘ਚ ਹੋ ਸਕਦੀਆਂ ਹਨ। ਰਿਪੋਰਟ ਮੁਤਾਬਕ ਇਨ੍ਹਾਂ ‘ਚੋਂ ਇਕ ਤਿਹਾਈ ਮਤਲਬ 40 ਲੱਖ ਤੋਂ ਜ਼ਿਆਦਾ ਮੌਤਾਂ ਟੀਕਾਕਰਨ, ਈਲਾਜ ਤੇ ਪੋਸ਼ਣ ਦੀਆਂ ਦਰਾਂ ‘ਚ ਸੁਧਾਰ ਦੇ ਠੋਸ ਕਦਮਾਂ ਨਾਲ ਆਸਾਨੀ ਨਾਲ ਟਾਲੀਆਂ ਜਾ ਸਕਦੀਆਂ ਹਨ। ਦੁਨੀਆਭਰ ‘ਚ ਇਹ ਬੱਚਿਆਂ ਲਈ ਸਭ ਤੋਂ ਵੱਡੀ ਜਾਨਲੇਵਾ ਬੀਮਾਰੀ ਹੈ। ਮਲੇਰੀਆ, ਦਸਤ ਤੇ ਖਸਰੇ ਨੂੰ ਮਿਲਾ ਕੇ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਇਕੱਲੇ ਇਸ ਬੀਮਾਰੀ ਨਾਲ ਮੌਤਾਂ ਹੁੰਦੀਆਂ ਹਨ।
ਸਾਲ 2016 ‘ਚ 8,80,000 ਬੱਚਿਆਂ ਦੀ ਇਸ ਬੀਮਾਰੀ ਨਾਲ ਜਾਨ ਚਲੀ ਗਈ ਸੀ। ਉਨ੍ਹਾਂ ‘ਚੋਂ ਜ਼ਿਆਦਾਤਰ ਬੱਚਿਆਂ ਦੀ ਉਮਰ 2 ਸਾਲ ਤੋਂ ਘੱਟ ਦੀ ਸੀ। ਇਹ ਸਭ ਤੋਂ ਹਾਲ ਦਾ ਸਾਲ ਹੈ, ਜਿਸ ਲਈ ਇਸ ਬੀਮਾਰੀ ਦੇ ਸਬੰਧ ‘ਚ ਸਾਰੇ ਅੰਕੜੇ ਮੁਹੱਈਆ ਹਨ। ਸੇਵ ਦ ਚਿਲਡਰਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਾਲ ਰੋਨਾਲਡਸ ਨੇ ਕਿਹਾ ਕਿ ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿ ਹਰ ਸਾਲ 10 ਲੱਖ ਬੱਚੇ ਇਕ ਅਜਿਹੀ ਬੀਮਾਰੀ ਨਾਲ ਮਰ ਜਾਂਦੇ ਹਨ, ਜਿਸ ਨੂੰ ਹਰਾਉਣ ਲਈ ਸਾਡੇ ਕੋਲ ਗਿਆਨ ਤੇ ਸੰਸਾਧਨ ਹਨ। ਇਸ ਅਧਿਐਨ ਮੁਤਾਬਕ ਵਰਤਮਾਨ ਦੇ ਰੂਝਾਨ ਦੇ ਹਿਸਾਲ ਨਾਲ 2030 ਤੱਕ ਇਸ ਬੀਮਾਰੀ ਨਾਲ ਕਰੀਬ 1,08,65,728 ਬੱਚੇ ਮੌਤ ਦੇ ਮੂੰਹ ‘ਚ ਜਾਣਗੇ। ਸਭ ਤੋਂ ਜ਼ਿਆਦਾ 17,30,000 ਬੱਚੇ ਨਾਈਜੀਰੀਆ ‘ਚ, 17,10,000 ਬੱਚੇ ਭਾਰਤ ‘ਚ, 7,06,000 ਬੱਚੇ ਪਾਕਿਸਤਾਨ ‘ਚ ਤੇ 6,35,000 ਬੱਚੇ ਕਾਂਗੋ ‘ਚ ਮੌਤ ਦੇ ਮੂੰਹ ‘ਚ ਸਮਾ ਜਾਣਗੇ।

You must be logged in to post a comment Login