ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ‘ਸ੍ਰੀ ਗੁਰੂ ਨਾਨਕ ਦੇਵ ਜੀ

ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ‘ਸ੍ਰੀ ਗੁਰੂ ਨਾਨਕ ਦੇਵ ਜੀ

ਜਲੰਧਰ – ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ-ਸਾਂਝੇ ਗੁਰੂ ਹਨ। ਆਪ ਜੀ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਦਾ ਮੂਲ ਆਧਾਰ ਅਧਿਆਤਮਿਕ, ਸਮਾਜਿਕ ਅਤੇ ਭਾਵਨਾਤਮਿਕ ਏਕਤਾ ਹੈ। ਇਹ ਅਧਿਆਤਮਵਾਦੀ ਹੋਣ ਦੇ ਬਾਵਜੂਦ ਸਮਾਜਿਕ ਜੀਵਨ ਤੋਂ ਉਪਰਾਮਤਾ ਨਹੀਂ ਸਿਖਾਉਂਦੀ, ਸਗੋਂ ਮਾਨਵੀ ਜੀਵਨ ਦੇ ਸਮਾਜਿਕ ਪੱਖਾਂ ਨੂੰ ਮੁੱਖ ਰੱਖ ਕੇ ਆਤਮਿਕ ਵਿਕਾਸ ਦਾ ਰਾਹ ਦੱਸਦੀ ਹੈ। ਆਪ ਜੀ ਨੇ ਆਪਣੀ ਪਾਵਨ ਗੁਰਬਾਣੀ ਅੰਦਰ ਜੀਵਨ ਦੇ ਹਰ ਪੱਖ ਨਾਲ ਸਬੰਧਤ ਭਾਰਤੀ ਦਰਸ਼ਨ ‘ਚ ਪ੍ਰਚੱਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਕਰਮਕਾਂਡੀ ਤਰਜੀਹਾਂ ਤੋਂ ਵੱਖ ਕਰਕੇ ਸਮਾਜਿਕ ਖੇਤਰ ‘ਚ ਧਰਮ ਦਾ ਸਹੀ ਸਥਾਨ ਨਿਸ਼ਚਿਤ ਕੀਤਾ ਅਤੇ ਧਰਮ ਅਤੇ ਸਮਾਜ ਦੀ ਇਕ ਦੂਜੇ ‘ਤੇ ਪਰਸਪਰ ਨਿਰਭਰਤਾ ਨੂੰ ਸਪੱਸ਼ਟ ਕੀਤਾ। ਇਹ ਇਸ ਲਈ ਵੱਡੇ ਅਰਥ ਰੱਖਦਾ ਹੈ ਕਿਉਂਕਿ ਉਸ ਸਮੇਂ ਧਰਮ ਦੀਆਂ ਧਾਰਨਾਵਾਂ ਨਾਲ ਕਰਮਕਾਂਡ ਸਹਿਵਨ ਹੀ ਜੋੜੇ ਜਾ ਰਹੇ ਹਨ। ਉਨ੍ਹਾਂ ਭਾਰਤੀ ਸਮਾਜ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਕੇ ਸੰਨਿਆਸੀ, ਵੈਸ਼ਨਵ, ਸ਼ੈਵ, ਨਾਥ-ਪੰਥੀ, ਸਿੱਧ, ਪੀਰ ਆਦਿ ਸਭ ‘ਚ ਜਿੱਥੇ ਕਿਤੇ ਕੋਈ ਕਮਜ਼ੋਰੀ ਦੇਖੀ, ਉੱਥੇ ਉਸ ਦੀ ਆਲੋਚਨਾ ਦੇ ਨਾਲ-ਨਾਲ ਸਹੀ ਮਾਰਗ ਦਰਸ਼ਨ ਵੀ ਕੀਤਾ। ਉਨ੍ਹਾਂ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਕੀਤੀਆਂ ਗੋਸ਼ਟੀਆਂ ‘ਚ ਹਰੇਕ ਦੇ ਸਵਾਲਾਂ ਦੇ ਜਵਾਬ ਦਿੱਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵਿਚਾਰਦਿਆਂ ਸੱਜਰੀ ਰੌਸ਼ਨੀ ਦ੍ਰਿਸ਼ਟੀਗੋਚਰ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ। ਉਸ ਸਮੇਂ ਸਮਾਜ ਊਚ-ਨੀਚ ਅਤੇ ਜਾਤ-ਪਾਤ ‘ਚ ਫਸਿਆ ਹੋਇਆ ਸੀ ਅਤੇ ਇਸ ਤੋਂ ਵੀ ਅਗਲੀ ਗੱਲ ਇਹ ਸੀ ਕਿ ਇਸ ਨੂੰ ਧਰਮ ਦੀਆਂ ਧਾਰਨਾਵਾਂ ਵਜੋਂ ਲੋਕਾਂ ‘ਤੇ ਠੋਸਿਆ ਜਾ ਰਿਹਾ ਸੀ। ਗੁਰੂ ਸਾਹਿਬ ਜੀ ਨੇ ਇਸ ਨੂੰ ਮੂਲੋਂ ਹੀ ਨਕਾਰਿਆ ਅਤੇ ਮਨੁੱਖੀ ਬਰਾਬਰਤਾ ਨੂੰ ਪ੍ਰਧਾਨਤਾ ਦਿੱਤੀ। ਗੁਰੂ ਸਾਹਿਬ ਜੀ ਨੇ ਕੇਵਲ ਸਮਾਜ ਦੇ ਲੋਕਾਂ ਨੂੰ ਹੀ ਉਪਦੇਸ਼ ਨਹੀਂ ਦਿੱਤਾ, ਸਗੋਂ ਇਸ ‘ਤੇ ਆਪ ਵੀ ਅਮਲੀ ਰੂਪ ‘ਚ ਪਹਿਰਾ ਦਿੱਤਾ। ਆਪ ਫੁਰਮਾਉਂਦੇ ਹਨ :

‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ,
ਨਾਨਕੁ ਤਿਨ ਕੈ ਸੰਗਿ ਵਡਿਆ ਸਿਉ ਕਿਆ ਰੀਸ ‘ (ਪੰਨਾ 15)

ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ‘ਚ ਵੀ ਆਵਾਜ਼ ਉਠਾਈ। ਅਸਲ ‘ਚ ਉਸ ਸਮੇਂ ਹਿੰਦੁਸਤਾਨੀ ਸਮਾਜ ‘ਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਆਪ ਜੀ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ‘ਤੇ ਬਹਾਲ ਕਰਦਿਆਂ ਆਪਣੇ ਪੰਥ ‘ਚ ਮਰਦ ਦੇ ਬਰਾਬਰ ਖੜ੍ਹਾ ਕੀਤਾ –

‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ,
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ,
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ‘ (ਪੰਨਾ 473)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ, ਸੱਚੀ ਸੁੱਚੀ ਕਿਰਤ ਕਰਨ ਅਤੇ ਵੰਡ ਛੱਕਣ ਦਾ ਉਪਦੇਸ਼ ਦਿੱਤਾ। ਕਹਿਣ ਦਾ ਭਾਵ ਕਿ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਨ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆ ‘ਚ ਭਟਕ ਰਹੀ ਲੋਕਾਈ ਨੂੰ ਸਹੀ ਰਾਸਤਾ ਦਿਖਾ ਕੇ ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ, ਸੰਗਤ-ਪੰਗਤ ਅਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀਂ ਸੇਧ ਦੇਣ ਵਾਲੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਅੰਦਰ ਮਨੁੱਖ ਦੀ ਮੁਕੰਮਲ ਘਾੜਤ ਘੜਦਿਆਂ ਧਰਮ-ਕਰਮ ਅਤੇ ਆਚਾਰ-ਵਿਹਾਰ ਨਾਲ ਸੰਬੰਧਿਤ ਭਾਰਤੀ ਦਰਸ਼ਨ ‘ਚ ਪ੍ਰਚਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ। ਇਸ ਤਰ੍ਹਾਂ ਕਰਦਿਆਂ ਕਈ ਕਦਰਾਂ ਕੀਮਤਾਂ ਨੂੰ ਤਿਆਗਿਆ ਕਈਆਂ ਦੇ ਨਕਸ਼ ਤਰਾਸ਼ੇ ਅਤੇ ਕਈ ਨਵੇਂ ਰਾਹ ਵੀ ਦਿਖਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਵਿਚਾਰਧਾਰਾ ਭਾਰਤੀ ਦਰਸ਼ਨ ਦੇ ਸੰਦਰਭ ‘ਚ ਨਿਵੇਕਲੀ ਅਤੇ ਵਧੇਰੇ ਕਾਰਗਰ ਸਿੱਧ ਹੁੰਦੀ ਹੈ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਨੇ ਲੋਕਾਂ ਨੂੰ ਉਸਾਰੂ ਜੀਵਨ ਜਾਂਚ ਦੇ ਸਨਮੁੱਖ ਕੀਤਾ, ਜਿਸ ਕਾਰਨ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਲੋਕਾਂ ਨੇ ਸਿਰ-ਮੱਥੇ ਪ੍ਰਵਾਨ ਕੀਤਾ।

You must be logged in to post a comment Login