ਮੈਲਬੌਰਨ ‘ਚ ਬੇਘਰੇ ਲੋਕਾਂ ਲਈ ਵੱਡਾ ਸਹਾਰਾ ‘ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ’

ਮੈਲਬੌਰਨ ‘ਚ ਬੇਘਰੇ ਲੋਕਾਂ ਲਈ ਵੱਡਾ ਸਹਾਰਾ ‘ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ’

ਮੈਲਬੌਰਨ – ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਨਾਂ ਦੀ ਸਿੱਖ ਸੰਸਥਾ ਬੇਘਰੇ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋ ਰਹੀ ਹੈ ਕਿਉਂਕਿ ਇਸ ਸਿੱਖ ਸੰਸਥਾ ਵੱਲੋਂ ਹਰ ਐਤਵਾਰ ਨੂੰ ਵੱਡੇ ਪੱਧਰ ‘ਤੇ ਅਜਿਹੇ ਲੋਕਾਂ ਨੂੰ ਭੋਜਨ ਛਕਾਇਆ ਜਾਂਦਾ ਹੈ। ਸੰਸਥਾ ਦੇ ਵਾਲੰਟੀਅਰ ਟਰੱਕ ਰਾਹੀਂ ਸਟਾਲ ਲਗਾ ਕੇ ਅਤੇ ਸ਼ਹਿਰ ਦੀਆਂ ਗਲੀਆਂ ਵਿਚ ਵੀ ਜਾ ਕੇ ਅਜਿਹੇ ਲੋਕਾਂ ਨੂੰ ਲੱਭਦੇ ਨੇ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਦਾ ਲੰਗਰ ਛਕਾਉਂਦੇ ਹਨ। ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਦੇ ਵਾਲੰਟੀਅਰਾਂ ਵੱਲੋਂ ਦਿਨ ਵੇਲੇ ਖਾਣਾ ਤਿਆਰ ਕੀਤਾ ਜਾਂਦਾ ਹੈ ਪਰ ਸ਼ਾਮ ਹੁੰਦਿਆਂ ਹੀ ਸਾਰੇ ਵਾਲੰਟੀਅਰ ਖਾਣਾ ਲੈ ਕੇ ਉਨ੍ਹਾਂ ਲੋਕਾਂ ਦੀ ਤਲਾਸ਼ ਵਿਚ ਨਿਕਲ ਜਾਂਦੇ ਹਨ ਜੋ ਸੜਕਾਂ ਦੇ ਕਿਨਾਰੇ ਸੁੱਤੇ ਹੁੰਦੇ ਹਨ ਅਤੇ ਪੈਸੇ ਨਾ ਹੋਣ ਕਾਰਨ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਹਨ।ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਆਧਾਰ ਬਣਾ ਕੇ ਚੱਲ ਰਹੀ ਇਸ ਸੰਸਥਾ ਵੱਲੋਂ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਾਇਆ ਜਾਂਦਾ ਹੈ। ਖ਼ਾਲਸਾ ਫਾਊਂਡੇਸ਼ਨ ਆਸਟ੍ਰੇਲੀਆ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸਾਰੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਜੋ ਲੋਕ ਸੰਸਥਾ ਦੇ ਇਸ ਕਾਰਜ ਪਿਛਲੇ ਕਾਰਨ ਬਾਰੇ ਸਵਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ।

You must be logged in to post a comment Login