ਮੌੜ ਬੰਬ ਬਲਾਸਟ ਮਾਮਲਾ, ਪੁਲਿਸ ਨੇ ਜਾਰੀ ਕੀਤੀਆਂ ਮੁਲਜ਼ਮਾਂ ਦੀਆਂ ਤਸਵੀਰਾਂ

ਮੌੜ ਬੰਬ ਬਲਾਸਟ ਮਾਮਲਾ, ਪੁਲਿਸ ਨੇ ਜਾਰੀ ਕੀਤੀਆਂ ਮੁਲਜ਼ਮਾਂ ਦੀਆਂ ਤਸਵੀਰਾਂ

ਬਠਿੰਡਾ : 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਵਾਪਰੇ ਮੌੜ ਬੰਬ ਬਲਾਸਟ ਦੇ ਮਾਮਲੇ ਵਿੱਚ 2 ਸਾਲਾਂ ਬਾਅਦ ਪੰਜਾਬ ਪੁਲਿਸ ਨੇ 3 ਮੁਲਜ਼ਮਾਂ ਦੀ ਤਸਵੀਰਾਂ ਜਾਰੀ ਕੀਤੀਆਂ ਹਨ। ਬੀਤੇ ਦਿਨੀਂ ਅਦਾਲਤ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਭਗੌੜੇ ਕਰਾਰ ਦਿੱਤਾ ਜਾ ਚੁੱਕਾ ਹੈ। ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਤਿੰਨ ਮੁਲਜ਼ਮਾਂ ਦੇ ਪੋਸਟਰ ਬਣਵਾ ਕੇ ਕੰਧਾਂ ‘ਤੇ ਲਗਵਾ ਦਿੱਤੇ ਹਨ। ਦਰਅਸਲ ਤਲਵੰਡੀ ਸਾਬੋ ਅਦਾਲਤ ਨੇ ਮੁਲਜ਼ਮ ਗੁਰਤੇਜ ਸਿੰਘ, ਅਵਤਾਰ ਸਿੰਘ ਅਤੇ ਅਮਰੀਕ ਸਿੰਘ ਨੂੰ 31 ਜਨਵਰੀ, 2017 ਨੂੰ ਮੌੜ ਥਾਣੇ ਵਿੱਚ ਦਰਜ ਐੱਫ.ਆਈ.ਆਰ ਨੰਬਰ 14 ‘ਚ ਭਗੌੜਾ ਕਰਾਰ ਦੇ ਦਿੱਤਾ ਹੈ। ਪੁਲਿਸ ਨੇ ਅਦਾਲਤੀ ਫ਼ੈਸਲੇ ਮਗਰੋਂ ਇਨ੍ਹਾਂ ਮੁਲਜ਼ਮਾਂ ਦੇ ਇਸ਼ਤਿਹਾਰ ਲਗਾ ਦਿੱਤੇ ਹਨ। ਦਿਲਚਸਪ ਗੱਲ ਤਾ ਇਹ ਹੈ ਕਿ 2 ਸਾਲ ਬੀਤ ਜਾਣ ‘ਤੇ ਵੀ ਵਿਸ਼ੇਸ਼ ਜਾਂਚ ਟੀਮ ਨੂੰ ਅਜੇ ਤਕ ਇਨ੍ਹਾਂ ਮੁਲਜ਼ਮਾਂ ਦਾ ਹੁਲੀਆ ਹੀ ਨਹੀਂ ਪਤਾ ਸੀ ਤੇ ਕਾਫ਼ੀ ਮਿਹਨਤ ਮਗਰੋਂ ਇਨ੍ਹਾਂ ਦੀਆਂ ਤਸਵੀਰਾਂ ਹੱਥ ਲੱਗੀਆਂ ਹਨ। ਸੂਤਰਾਂ ਅਨੁਸਾਰ ਇਹ ਤਿੰਨੋਂ ਮੁਲਜ਼ਮ ਨਿਪੁੰਸਕ ਹਨ ਅਤੇ ਤਿੰਨਾਂ ਵਿੱਚੋਂ ਕੋਈ ਵੀ ਫ਼ੋਨ ਦੀ ਵਰਤੋਂ ਵੀ ਨਹੀਂ ਕਰ ਰਿਹਾ। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਕੋਈ ਸੰਪਰਕ ਨਹੀਂ ਰੱਖਿਆ ਹੈ। ਅਮਰੀਕ ਸਿੰਘ ਨੂੰ ਆਖ਼ਰੀ ਵਾਰ ਪੰਚਕੂਲਾ ਵਿਚ 25 ਅਗਸਤ, 2017 ਨੂੰ ਡੇਰਾ ਮੁਖੀ ਦੇ ਨਾਲ ਦੇਖਿਆ ਗਿਆ ਸੀ ਤੇ ਉਸ ਮਗਰੋਂ ਉਹ ਫ਼ਰਾਰ ਹੋ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਆਪਣੇ ਹੁਲੀਏ ਬਦਲ ਲਏ ਹਨ।

You must be logged in to post a comment Login