ਰਵੀ ਸਿੰਘ ਵੱਲੋਂ ਗੁਰਬਾਣੀ ਥੀਮ ‘ਤੇ ਛਪੀ ‘ਮੰਤਰ ਆਰਟਸ’ ਕਿਤਾਬ ਰਿਲੀਜ਼

ਰਵੀ ਸਿੰਘ ਵੱਲੋਂ ਗੁਰਬਾਣੀ ਥੀਮ ‘ਤੇ ਛਪੀ ‘ਮੰਤਰ ਆਰਟਸ’ ਕਿਤਾਬ ਰਿਲੀਜ਼

ਚੰਡੀਗੜ੍ਹ : ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ ਜੱਸ ਰਾਣੀ ਕੌਰ ਦੀ ਇਕ ਖ਼ੂਬਸੂਰਤ ਕਿਤਾਬ ‘ਮੰਤਰ ਆਰਟਸ’ ਰਿਲੀਜ਼ ਕੀਤੀ ਗਈ ਹੈ। ਜਿਸ ਵਿਚ ਵਾਹਿਗੁਰੂ ਸ਼ਬਦਾਂ ਜ਼ਰੀਏ ਗੁਰਬਾਣੀ ਦੀਆਂ ਵੱਖ-ਵੱਖ ਥੀਮ ‘ਤੇ ਆਧਾਰਿਤ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਜੱਸ ਰਾਣੀ ਕੌਰ ਕਾਫ਼ੀ ਸਾਲਾਂ ਤੋਂ ਖ਼ਾਲਸਾ ਏਡ ਦੀ ਵੱਡੀ ਸਮਰਥਕ ਹੈ ਅਤੇ ਉਨ੍ਹਾਂ ਨੇ ਖ਼ਾਲਸਾ ਏਡ ਨੂੰ ਹਜ਼ਾਰਾਂ ਡਾਲਰ ਦਾਨ ਦਿੱਤਾ ਹੈ।ਗੱਲ ਇਹ ਹੈ ਕਿ ਇਸ ਕਿਤਾਬ ਦੀ ਵਿਕਰੀ ਤੋਂ ਹੋਇਆ ਮੁਨਾਫ਼ਾ ‘ਖ਼ਾਲਸਾ ਏਡ’ ਦੇ ਖਾਤੇ ਵਿਚ ਜਾਵੇਗਾ, ਜਿਸ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇਗੀ। ‘ਮੰਤਰ ਆਰਟਸ’ ਨਾਂਅ ਦੀ ਇਸ ਕਿਤਾਬ ਨੂੰ ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੀ ਵੈਬਸਾਈਟ ਤੋਂ ਆਰਡਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਉਹੀ ਖ਼ਾਲਸਾ ਏਡ ਵਾਲਾ ਰਵੀ ਸਿੰਘ ਹੈ, ਜਿਸ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵਲੋਂ ਭਾਰਤ ਦੇ ਬਹੁਤ ਵੱਡੇ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਕੇਂਦਰ ਵਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸਕਾਰ ਲੈਣ ਤੋਂ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸ਼ਟ ਤੌਰ ਤੇ ਦੱਸ ਦਿਤਾ ਸੀ ਕਿ ਉਹ ਪੰਜਾਬੀ ਹੈ, ਪਰ ਭਾਰਤੀ ਨਹੀਂ ਹੈ, ਇਸ ਲਈ ਮੇਰੇ ਨਾਂ ਨਾਲ ਸ਼ਬਦ ਭਾਰਤੀ ਨਾ ਲਾਇਆ ਜਾਵੇ। ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ ਜਦੋਂ ਰਵੀ ਸਿੰਘ ਨੂੰ ਇਹ ਦਸਣਾ ਪਿਆ ਹੈ ਕਿ ਉਹ ਭਾਰਤੀ ਨਹੀਂ ਹੈ। ਸੋ ਰਵੀ ਸਿੰਘ ਵਲੋਂ ਪੁਰਸਕਾਰ ਨਾ ਲੈਣ ਲਈ ਵਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿਚ ਉਨ੍ਹਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿਤਾ ਸੀ, ਉਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿਚ ਜ਼ਰੂਰ ਰੜਕਣ ਲੱਗ ਪਿਆ ਹੈ।

You must be logged in to post a comment Login