ਰਾਫ਼ੇਲ ਮਾਮਲੇ ਵਿਚ ਸਾਰੀ ਦਾਲ ਹੀ ਕਾਲੀ : ਰਾਹੁਲ

ਰਾਫ਼ੇਲ ਮਾਮਲੇ ਵਿਚ ਸਾਰੀ ਦਾਲ ਹੀ ਕਾਲੀ : ਰਾਹੁਲ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਸ ਮਾਮਲੇ ਵਿਚ ਪੂਰੀ ਦਾਲ ਕਾਲੀ ਹੈ ਅਤੇ ਹੁਣ ਪੂਰਾ ਦੇਸ਼ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛ ਰਿਹਾ ਹੈ ਕਿ ਕਿਸ ਦੇ ਕਹਿਣ ‘ਤੇ ਰਾਫ਼ੇਲ ਦਾ ਸੌਦਾ ਬਦਲਿਆ ਗਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅੰਦਰ ਸੰਸਦ ਵਿਚ ਆ ਕੇ ਰਾਫ਼ੇਲ ਬਾਰੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ। ਉਨ੍ਹਾਂ ਕਿਹਾ ਕਿ ਇਸੇ ਡਰ ਕਾਰਨ ਉਹ ਅਪਣੇ ਕਮਰੇ ਵਿਚ ‘ਲੁਕੇ’ ਹੋਏ ਹਨ।
ਲੋਕ ਸਭਾ ਵਿਚ ਰਾਫ਼ੇਲ ਮਾਮਲੇ ਸਬੰਧੀ ਚਰਚਾ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਤੋਂ ਹੀ ਇਸ ਮਾਮਲੇ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇਗਾ। ਗਾਂਧੀ ਨੇ ਗੋਆ ਦੇ ਮੰਤਰੀ ਦੀ ਕਥਿਤ ਗੱਲਬਾਤ ਦੀ ਵੀਡੀਉ ਚਲਾਉਣ ਦੀ ਇਜਾਜ਼ਤ ਮੰਗੀ ਪਰ ਲੋਕ ਸਭਾ ਸਪੀਕਰ ਨੇ ਇਸ ਦੀ ਇਜਾਜ਼ਤ ਨਾ ਦਿਤੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਵੀਡੀਉ ਝੂਠੀ ਹੈ, ਇਸ ਲਈ ਰਾਹੁਲ ਇਸ ਦੀ ਪੁਸ਼ਟੀ ਕਰਨੀ ਤੋਂ ਇਨਕਾਰ ਕਰ ਰਹੇ ਹਨ। ਹੰਗਾਮੇ ਵਿਚ ਹੀ ਸਦਨ ਦੀ ਕਾਰਵਾਈ ਪੰਜ ਮਿੰਟ ਲਈ ਰੋਕ ਦਿਤੀ ਗਈ। ਗਾਂਧੀ ਨੇ ਕਿਹਾ ਕਿ ਯੂਪੀਏ ਸਰਕਾਰ ਸਮੇਂ ਹਵਾਈ ਫ਼ੌਜ ਦੇ ਕਹਿਣ ‘ਤੇ 126 ਰਾਫ਼ੇਲ ਜਹਾਜ਼ ਖ਼ਰੀਦਣ ਦੀ ਕਵਾਇਦ ਅੱਗੇ ਵਧੀ ਸੀ ਪਰ ਪ੍ਰਧਾਨ ਮੰਤਰੀ ਨੇ ਨਵੇਂ ਸੌਦੇ ਵਿਚ 36 ਜਹਾਜ਼ ਕਰ ਦਿਤੇ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਕਿਸ ਦੇ ਕਹਿਣ ‘ਤੇ ਇਹ ਕੰਮ ਕੀਤਾ ਗਿਆ, ਕੀ ਹਵਾਈ ਫ਼ੌਜ ਨੇ ਇਹ ਕਿਹਾ ਸੀ? ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦਾਲ ਵਿਚ ਕੁੱਝ ਕਾਲਾ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ।

You must be logged in to post a comment Login