‘ਲੋਕਾਂ ਨੂੰ ਬੇਵਤਨੇ ਨਾ ਕਰੋ’, ਭਾਰਤ ਨੂੰ ਲਕਸਮਬਰਗ ਦੀ ਸਲਾਹ

‘ਲੋਕਾਂ ਨੂੰ ਬੇਵਤਨੇ ਨਾ ਕਰੋ’, ਭਾਰਤ ਨੂੰ ਲਕਸਮਬਰਗ ਦੀ ਸਲਾਹ

ਨਵੀਂ ਦਿੱਲੀ : ਭਾਰਤ ਦੇ ਨਵੇਂ ਨਾਗਰਕਿਤਾ ਕਾਨੂੰਨ ਅਤੇ ਐੱਨਆਰਸੀ ਬਾਰੇ ਚਿੰਤਾਵਾਂ ਦੌਰਾਨ ਯੂਰੋਪੀਅਨ ਯੂਨੀਅਨ ਦੇ ਮੈਂਬਰ ਲਕਸਮਬਰਗ ਨੇ ਅੱਜ ਕਿਹਾ ਕਿ ਉਹ ਇਸ ਮੁਲਕ ਦੀ ‘ਘਰੇਲੂ ਨੀਤੀ ਵਿੱਚ ਦਖ਼ਲ ਨਹੀਂ’ ਦੇਣਾ ਚਾਹੁੰਦੇ ਪਰ ਉਨ੍ਹਾਂ ਨਵੀਂ ਦਿੱਲੀ ਨੂੰ ਨਾਗਰਿਕਤਾ ਤੋਂ ਵਿਰਵੇ ਲੋਕਾਂ ਦੀ ਗਿਣਤੀ ਨਾ ਵਧਣ ਦੇਣ ਲਈ ‘ਸਭ ਕੁਝ ਕਰਨ’ ਲਈ ਆਖਿਆ ਹੈ।ਇਹ ਸਲਾਹ ਭਾਰਤ ਦੌਰੇ ’ਤੇ ਆਏ ਲਕਸਮਬਰਗ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਜੀਨ ਐਸਲਬੌਰਨ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੁਲਾਕਾਤ ਤੋਂ ਬਾਅਦ ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਚਰਚਾ ਸੈਸ਼ਨ ਦੌਰਾਨ ਐਸਲਬੌਰਨ ਨੇ ਕਿਹਾ, ‘‘ਮੈਂ ਅੱਜ ਸਵੇਰੇ ਮੰਤਰੀ (ਜੈਸ਼ੰਕਰ) ਨੂੰ ਕਿਹਾ ਕਿ ਉਹ ਨਾਗਰਿਕਤਾ ਤੋਂ ਵਿਰਵੇ ਲੋਕਾਂ ਦੀ ਗਿਣਤੀ ਨਾ ਵਧਣ ਦੇਣ ਲਈ ਹਰ ਸੰਭਵ ਕੰਮ ਕਰਨ। ਇਸੇ ਇੱਕ ਮੁੱਦੇ ਖ਼ਿਲਾਫ਼ ਅਸੀਂ ਲੜਨਾ ਹੈ। ਬਾਕੀ ਭਾਰਤ ਦੀ ਮਰਜ਼ੀ।’’ ਯੂਰੋਪੀਅਨ ਸੰਸਦ ਵਿੱਚ ਸੀਏਏ ਖ਼ਿਲਾਫ਼ ਛੇ ਮਤੇ ਰੱਖੇ ਜਾਣ ਬਾਰੇ ਐਸਲਬੌਰਨ ਨੇ ਕਿਹਾ ਕਿ ਜੈਸ਼ੰਕਰ ਜਦੋਂ ਫਰਵਰੀ ਅਤੇ ਮਾਰਚ ਵਿੱਚ ਯੂਰਪ ਆਉਣਗੇ, ਉਦੋਂ ਇਸ ਸਬੰਧੀ ਆਪਣਾ ਪੱਖ ਰੱਖ ਸਕਦੇ ਹਨ। ਮਤਿਆਂ ਬਾਰੇ ਸਵਾਲ ਦੇ ਜਵਾਬ ਵਿੱਚ ਐਸਲਬੌਰਨ ਨੇ ਇਸ ਕਦਮ ਦੇ ਹੱਕ ਵਿੱਚ ਕਿਹਾ ਕਿ ਯੂਰੋਪੀਅਨ ਸੰਸਦ ਵਲੋਂ ਅਕਸਰ ਆਪਣੇ ਮੈਂਬਰਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਅਤੇ ਕਈ ਵਾਰ ਉਨ੍ਹਾਂ ਖ਼ਿਲਾਫ਼ ‘ਹਮਲਾਵਰ’ ਰੁਖ਼ ਵੀ ਅਪਣਾ ਲਏ ਜਾਂਦੇ ਹਨ। ਉਨ੍ਹਾਂ ਭਾਰਤੀ ਸੰਦਰਭ ਵਿੱਚ ਕਿਹਾ, ‘‘ਸਮੱਸਿਆ ਇਹ ਹੈ ਕਿ ਜੇਕਰ ਤੁਹਾਡੇ ਕੋਲ ਪਰਵਾਸ ਨਾਲ ਧਰਮ ਦਾ ਮਸਲਾ ਵੀ ਜੁੜ ਜਾਵੇ, ਤਾਂ ਹੱਲ ਲੱਭਣਾ ਬਹੁਤ ਮੁਸ਼ਕਲ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਦਖ਼ਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ, ਪਰ ਜੇਕਰ ਵਿਦੇਸ਼ ਮੰਤਰੀਆਂ ਵਜੋਂ ਸਾਡੇ ਕੋਲ ਚਰਚਾ ਦੀ ਸੰਭਾਵਨਾ ਹੈ, ਜੇਕਰ ਉਹ ਯੂਰੋਪੀਅਨ ਸੰਸਦ ਵੀ ਜਾ ਰਹੇ ਹਨ…..ਮੈਂ ਅੱਜ ਸਵੇਰੇ ਦੇਖਿਆ ਕਿ ਉਹ ਨਾਗਰਿਕਤਾ ਤੋਂ ਵਿਰਵੇ ਲੋਕਾਂ ਦੀ ਗਿਣਤੀ ਵਧਣ ਦੇ ਹੱਕ ਵਿੱਚ ਨਹੀਂ ਹਨ।’’ ਐਸਲਬੌਰਨ ਨੇ ਕਿਹਾ, ‘‘ਉਨ੍ਹਾਂ (ਜੈਸ਼ੰਕਰ) ਨੇ ਅੱਜ ਸਵੇਰੇ ਮੈਨੂੰ ਆਪਣੀ ਸਥਿਤੀ ਸਮਝਾਈ ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਇਸ ਬਾਰੇ ਚਰਚਾ ਕਰ ਸਕੇ ਜਿਵੇਂ ਕਿ ਇਸ ਬਿੱਲ ਬਾਰੇ ਅਸਾਮ ਵਿੱਚ ਕੀ ਹੋ ਰਿਹਾ ਹੈ। ਯੂਰੋਪੀਅਨ ਯੂਨੀਅਨ ਵਿੱਚ ਵੀ ਸਾਡੇ ਕੋਲ ਅਜਿਹੀਆਂ ਹੀ ਸਮੱਸਿਆਵਾਂ ਹਨ….’’
ਇਸੇ ਦੌਰਾਨ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਐਸਲਬੌਰਨ ਅਤੇ ਜੈਸ਼ੰਕਰ ਵਿਚਾਲੇ ਹੋਈ ਮੁਲਾਕਾਤ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਪਾਰ, ਆਰਥਿਕ ਸਹਿਯੋਗ, ਸਿਆਸੀ ਤੇ ਰਣਨੀਤਕ ਸਬੰਧਾਂ ਆਦਿ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਚਰਚਾ ਹੋਈ। ਦੋਵਾਂ ਮੰਤਰੀਆਂ ਨੇ ਉੱਚ ਪੱਧਰੀ ਸਿਆਸੀ ਸੰਪਰਕ ਹੋਰ ਵਧਾਉਣ ਦੀ ਵੀ ਹਾਮੀ ਭਰੀ। ਭਾਰਤੀ ਲੀਡਰਸ਼ਿਪ ਨਾਲ ਕਰੀਬੀ ਸਬੰਧੀ ਰੱਖਣ ਵਾਲੇ ਐਸਲਬੌਰਨ ਚੌਥੀ ਵਾਰ ਭਾਰਤ ਆਏ ਹਨ।

You must be logged in to post a comment Login