ਲੰਗਰ ‘ਤੇ ਲੱਗੇ GST ਦੀ ਪਹਿਲੀ ਕਿਸ਼ਤ ਦੇ ਵਾਪਸ ਆਏ 57 ਲੱਖ ਰੁਪਏ

ਲੰਗਰ ‘ਤੇ ਲੱਗੇ GST ਦੀ ਪਹਿਲੀ ਕਿਸ਼ਤ ਦੇ ਵਾਪਸ ਆਏ 57 ਲੱਖ ਰੁਪਏ

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਐਨਡੀਏ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਮੇਤ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਇਸਤੇਮਾਲ ਹੁੰਦੀ ਸਮੱਗਰੀ ਉਤੇ ਲੱਗੇ ਜੀਐਸਟੀ ਨੂੰ ਵਾਪਿਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਸਿੱਖਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਲੁਧਿਆਣਾ ਦੀ ਜੀਐਸਟੀ ਅਥਾਰਿਟੀ ਨੂੰ 57 ਲੱਖ ਰੁਪਏ ਜੀਐਸਟੀ ਦੀ ਰਾਸ਼ੀ ਰੀਫੰਡ ਕਰ ਦਿੱਤੀ ਹੈ, ਜੋ ਕਿ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇਗੀ। ਇਹ ਜੀਐਸਟੀ ਰੀਫੰਡ ਦੀ ਪਹਿਲੀ ਕਿਸ਼ਤ ਹੈ ਅਤੇ ਇਸ ਤੋਂ ਬਾਅਦ ਇਹ ਰੀਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੀ ਹਾਂ ਕਿ ਉਨ੍ਹਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਮੁੱਦੇ ਨੂੰ ਸਿੱਖਾਂ ਦੀ ਤਸੱਲੀ ਮੁਤਾਬਿਕ ਹੱਲ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਪਿਛਲੀ ਐਨਡੀਏ ਸਰਕਾਰ ਨੇ ‘ਸੇਵਾ ਭੋਜ ਯੋਜਨਾ’ ਅਧੀਨ ਵਿੱਧੀ ਮੱਦਦ ਦੇ ਕੇ ਲੰਗਰ ਰਸਦ ਨੂੰ ਜੀਐਸਟੀ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ।
ਇਹ ਸਕੀਮ ਤਹਿਤ ਗੁਰਦੁਆਰਿਆਂ ਅਤੇ ਲੰਗਰ ਛਕਾਉਣ ਵਾਲੀਆਂ ਹੋਰ ਧਾਰਮਿਕ ਸੰਸਥਾਵਾਂ ਉਤੇ ਲੱਗਣ ਵਾਲਾ ਕੇਂਦਰੀ ਜੀਐਸਟੀ ਅਤੇ ਆਈਜੀਐਸਟੀ ਨੂੰ ਵਾਪਿਸ ਮੋੜਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ 2018 ਚ ਹਰਸਿਮਰਤ ਨੇ ਪ੍ਰਧਾਨ ਮੰਤਰੀ ਨੂੰ ਗੁਰਦੁਆਰਿਆਂ ਲੰਗਰ ਤਿਆਰ ਕਰਨ ਲਈ ਇਸਤੇਮਾਲ ਹੁੰਦੀ ਰਸਦ ਉਪਰੋਂ ਜੀਐਸਟੀ ਹਟਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਬਹੁਤ ਜਲਦੀ ਸਵੀਕਾਰ ਕਰ ਲਿਆ ਗਿਆ ਸੀ ਅਤੇ ਇਸ ਵਾਸਤੇ ‘ਸੇਵਾ ਭੋਜ ਯੋਜਨਾ’ ਤਿਆਰ ਕੀਤੀ ਗਈ ਸੀ।

You must be logged in to post a comment Login