ਵਿਰੋਧ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਨੇ ਤਿਆਗਿਆ ਪਸ਼ੂ ਮੇਲਿਆਂ ਦਾ ਕਾਰੋਬਾਰ

ਵਿਰੋਧ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਨੇ ਤਿਆਗਿਆ ਪਸ਼ੂ ਮੇਲਿਆਂ ਦਾ ਕਾਰੋਬਾਰ

ਬਠਿੰਡਾ : ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਅਤੇ ਸਾਬਕਾ ਅਕਾਲੀ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ ਐਤਕੀਂ ਪਸ਼ੂ ਮੇਲਿਆਂ ਦਾ ਕਾਰੋਬਾਰ ਤਿਆਗ ਦਿੱਤਾ ਹੈ। ਵਿਧਾਨ ਸਭਾ ਵਿਚ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਸੀ। ਅਕਾਲੀ ਦਲ ਹੀ ਨਹੀਂ ਸਗੋਂ ਮੁਤਵਾਜ਼ੀ ਜਥੇਦਾਰਾਂ ਵਲੋਂ ਖੁੱਲ੍ਹ ਕੇ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ 2018-19 ਦੇ ਪੰਜਾਬ ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਰਕਾਰੀ ਪੱਧਰ ‘ਤੇ ਪਹੁੰਚ ਕੀਤੀ ਸੀ ਪਰ ਐਤਕੀਂ ਉਨ੍ਹਾਂ ਨੂੰ ਇਹ ਨਹੀਂ ਮਿਲ ਸਕਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਸੂਚਨਾ ਅਧਿਕਾਰ ਕਾਨੂੰਨ (ਆਰ. ਟੀ. ਆਈ.) ਤਹਿਤ ਪ੍ਰਾਪਤ ਰਿਕਾਰਡ ਅਨੁਸਾਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਲੜਕੇ ਮਨਜਿੰਦਰ ਸਿੰਘ ਬਤੌਰ ਹਿੱਸੇਦਾਰ ਪਸ਼ੂ ਮੇਲਿਆਂ ਦੇ ਠੇਕੇ ਲੈਣ ਦਾ ਕਾਰੋਬਾਰ ਕਰਦੇ ਹਨ। ਹਾਲਾਂਕਿ ਉਹ ਇਹ ਕਾਰੋਬਾਰ ਨਿਯਮਾਂ ਅਨੁਸਾਰ ਅਤੇ ਸਰਕਾਰੀ ਖਜ਼ਾਨੇ ਨੂੰ ਠੇਕੇ ਦੀ ਪੂਰੀ ਰਾਸ਼ੀ ਅਦਾ ਕਰ ਰਹੇ ਸਨ ਪਰ ਜਥੇਦਾਰ ਦੇ ਪਰਿਵਾਰ ਵਿਚੋਂ ਹੋਣ ਕਰਕੇ ਉਨ੍ਹਾਂ ‘ਤੇ ਨੈਤਿਕ ਨਜ਼ਰੀਏ ਤੋਂ ਉਂਗਲ ਉੱਠ ਰਹੀ ਸੀ।
ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਨੇ ਇਸ ਵਾਰ ਪਸ਼ੂ ਮੈਲਿਆਂ ਦਾ ਠੇਕਾ ਰਾਜਪੁਰਾ ਆਧਾਰਿਤ ਫਰਮ ਨੂੰ 72.02 ਕਰੋੜ ਵਿਚ ਦਿੱਤਾ ਹੈ। ਪੰਚਾਇਤ ਵਿਭਾਗ ਕੋਲ ਸਾਲ 2018-19 ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੇ 9 ਜੁਲਾਈ 2018 ਨੂੰ ਸਕਿਓਰਿਟੀ ਡਰਾਫਟ ਜਮਾਂ ਕਰਵਾਇਆ ਸੀ। ਕੁੱਲ 12 ਵਿਅਕਤੀਆਂ ਨੇ ਅਜਿਹੇ ਡਰਾਫਟ ਜਮਾਂ ਕਰਵਾਏ ਸਨ। ਪਿਛਲੇ ਮਾਲੀ ਵਰ੍ਹੇ ਦੌਰਾਨ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ 1 ਜੁਲਾਈ 2017 ਤੋਂ 30 ਜੂਨ 2018 ਤੱਕ ਦਾ ਠੇਕਾ ਯੂਨਾਈਟਿਡ ਕੈਟਲ ਫੇਅਰ ਅਰਗੇਨਾਈਜ਼ਰ ਨੂੰ 105.50 ਕਰੋੜ ਵਿਚ ਦਿੱਤਾ ਸੀ ਤੇ ਇਸ ਵਿਚ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਵੀ ਹਿੱਸੇਦਾਰ ਸਨ। ਭਾਵੇਂ ਕਾਨੂੰਨੀ ਤੌਰ ‘ਤੇ ਕੁਝ ਗਲਤ ਨਹੀਂ ਸੀ ਪਰ ਬੁੱਚੜਖਾਨਿਆਂ ਨੂੰ ਸਪਲਾਈ ਹੋਣ ਵਾਲੇ ਕਾਰੋਬਾਰ ਨਾਲ ਜੁੜਨਾ ਨੈਤਿਕ ਤੌਰ ‘ਤੇ ਜਥੇਦਾਰ ਦੇ ਪਰਿਵਾਰ ਲਈ ਠੀਕ ਨਹੀਂ ਸੀ।

You must be logged in to post a comment Login