ਸ਼ਰਧਾ ਦੀ ਲਾਮਬੰਦੀ ਤੇ ਵਿਦਿਅਕ ਅਦਾਰਿਆਂ ਦੀ ਘੇਰਾਬੰਦੀ

ਸ਼ਰਧਾ ਦੀ ਲਾਮਬੰਦੀ ਤੇ ਵਿਦਿਅਕ ਅਦਾਰਿਆਂ ਦੀ ਘੇਰਾਬੰਦੀ

daljit-photo

-ਦਲਜੀਤ ਅਮੀ

ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅੱਪਾ ਰਾਓ ਨੇ ਜਿਨ੍ਹਾਂ ਹਾਲਾਤ ਅਤੇ ਜਿਸ ਤਰ੍ਹਾਂ ਛੁੱਟੀ ਤੋਂ ਬਾਅਦ ਆਪਣਾ ਅਹੁਦਾ ਸੰਭਾਲਿਆ ਹੈ, ਉਹ ਆਪਣੇ-ਆਪ ਵਿਚ ਮਿਸਾਲ ਹੈ। ਪ੍ਰੋ. ਅੱਪਾ ਰਾਓ ਖ਼ਿਲਾਫ਼ ਅਦਾਲਤੀ ਜਾਂਚ ਚੱਲ ਰਹੀ ਹੈ ਅਤੇ ਉਹ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਵਾਲੇ ਮਾਮਲੇ ਵਿਚ ਮੁੱਖ ਮੁਲਜ਼ਮ ਹਨ। ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪ੍ਰੋ. ਅੱਪਾ ਰਾਓ ਛੁੱਟੀ ਉਤੇ ਚਲੇ ਗਏ ਸਨ। ਜਿਉਂ ਹੀ ਵਿਦਿਆਰਥੀਆਂ ਨੂੰ ਪ੍ਰੋ. ਅੱਪਾ ਰਾਓ ਦੇ ਪਰਤਣ ਦੀ ਜਾਣਕਾਰੀ ਮਿਲੀ, ਉਨ੍ਹਾਂ ਵਿਰੋਧ ਕੀਤਾ ਤੇ ਪੁਲਿਸ ਨੇ ਵਿਦਿਆਰਥੀਆਂ ਉਤੇ ਲਾਠੀਚਾਰਜ ਕੀਤਾ। ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੀ ਯੂਨੀਵਰਸਿਟੀ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਅਤੇ ਤਕਰੀਬਨ ਇੱਕ ਦਿਨ ਲਈ ਬਾਹਰ ਤੇ ਅੰਦਰਲਾ ਹਰ ਸੰਪਰਕ ਤੋੜ ਦਿੱਤਾ ਗਿਆ। ਅੰਦਰ ਰੋਟੀ-ਪਾਣੀ ਤੱਕ ਦੀ ਕਿੱਲਤ ਆਈ।
ਪ੍ਰੋ. ਅੱਪਾ ਰਾਓ ਨੂੰ ਛੁੱਟੀ ਉਤੇ ਭੇਜਿਆ ਗਿਆ ਸੀ। ਉਨ੍ਹਾਂ ਖ਼ਿਲਾਫ਼ ਜਾਂਚ ਨੂੰ ਸਹਿਯੋਗ ਦੇਣ ਲਈ ਉਨ੍ਹਾਂ ਦਾ ਅਹੁਦੇ ਤੋਂ ਦੂਰ ਰਹਿਣਾ ਅਹਿਮ ਹੈ। ਅਜਿਹੀ ਛੁੱਟੀ ਦਾ ਮਤਲਬ ਹੁੰਦਾ ਹੈ ਕਿ ਗਵਾਹਾਂ ਉਤੇ ਦਬਾਅ ਨਾ ਪਵੇ ਅਤੇ ਮੁਲਜ਼ਮ ਸਬੂਤਾਂ ਨੂੰ ਖੁਰਦ-ਬੂਰਦ ਨਾ ਕਰ ਸਕੇ।
ਸਾਹਮਣੇ ਆਏ ਤੱਥਾਂ ਤੇ ਨਸ਼ਰ ਹੋਈਆਂ ਖ਼ਬਰਾਂ ਮੁਤਾਬਕ ਪ੍ਰੋ. ਅੱਪਾ ਰਾਓ ਦੇ ਅਹੁਦਾ ਸੰਭਾਲਣ ਦੀ ਜਾਣਕਾਰੀ, ਕਾਰਜਕਾਰੀ ਉਪ ਕੁਲਪਤੀ ਤੱਕ ਨੂੰ ਨਹੀਂ ਸੀ, ਪਰ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁਨਾਂ ਨੂੰ ਪੂਰੀ ਤਫ਼ਸੀਲ ਪਤਾ ਸੀ। ਤਫ਼ਸੀਲ ਦਰਸਾਉਂਦੀ ਹੈ ਕਿ ਪ੍ਰੀਸ਼ਦ ਅਤੇ ਪੁਲਿਸ ਨੇ ਇਸ ਕਾਰਵਾਈ ਦੀ ਵਿਉਂਤਬੰਦੀ ਵਿਚ ਸਰਗਰਮ ਹਿੱਸਾ ਪਾਇਆ। ਪੁਲਿਸ ਅਤੇ ਭਾਜਪਾ ਦੀਆਂ ਹਮਾਇਤੀ ਜਥੇਬੰਦੀਆਂ ਦੀ ਜ਼ੋਰ-ਜਬਰੀ ਨਾਲ ਵਿਦਿਅਕ ਅਦਾਰੇ ਦੇ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਪ੍ਰੋ. ਅੱਪਾ ਰਾਓ ਪਹਿਲੇ ਸੱਜਣ ਨਹੀਂ। ਵਿਦਿਆਰਥੀਆਂ ਦੇ ਵਿਰੋਧ ਦੇ ਬਾਵਜੂਦ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਪੁਣੇ ਦੇ ਨਿਰਦੇਸ਼ਕ ਵਜੋਂ ਗਜੇਂਦਰ ਚੌਹਾਨ ਨੇ ਇਸੇ ਤਰ੍ਹਾਂ ਅਹੁਦਾ ਸੰਭਾਲਿਆ ਸੀ। ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਪੁਣੇ ਤੋਂ ਲੈ ਕੇ ਆਈ ਆਈ ਟੀ ਮਦਰਾਸ, ਅਲਾਹਾਬਾਦ ਤੋਂ ਲੈ ਕੇ ਕਾਲੀਕਟ, ਯੂਨੀਵਰਸਿਟੀਆਂ ਦੇ ਖੋਜਾਰਥੀਆਂ ਨੂੰ ਵਜ਼ੀਫ਼ੇ ਬੰਦ ਕਰਨ ਤੋਂ ਲੈ ਕੇ ਦਲਿਤ ਵਿਦਿਆਰਥੀਆਂ ਨਾਲ ਵਿਤਕਰੇ ਦੇ ਮਸਲਿਆਂ, ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਤੋਂ ਲੈ ਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੱਕ ਸਾਰੇ ਵਿਦਿਅਕ ਅਦਾਰੇ ਇਸ ਵੇਲੇ ਤਕਰੀਬਨ ਜੰਗ ਦਾ ਅਖਾੜਾ ਬਣੇ ਹੋਏ ਹਨ। ਇੱਕ ਪਾਸੇ ਸਰਕਾਰੀ ਅਤੇ ਸਿਆਸੀ ਸਰਪ੍ਰਸਤੀ ਵਾਲਾ ਗ਼ੈਰ-ਸਰਕਾਰੀ ਜਬਰ ਅਤੇ ਦੂਜੇ ਪਾਸੇ ਇਨ੍ਹਾਂ ਵਧੀਕੀਆਂ ਦਾ ਵਿਰੋਧ ਮੌਜੂਦਾ ਦੌਰ ਦੇ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ। ਇਸ ਰੁਝਾਨ ਦੌਰਾਨ ਭਾਜਪਾ ਅਤੇ ਇਸ ਦੀਆਂ ਹਮਾਇਤੀ ਜਥੇਬੰਦੀਆਂ ਨੇ ਵਿਦਿਆਰਥੀਆਂ ਦੇ ਰੋਹ ਅਤੇ ਵਿਦਿਅਕ ਅਦਾਰਿਆਂ ਦੀ ਘੇਰਾਬੰਦੀ ਕੀਤੀ ਹੈ। ਇਨ੍ਹਾਂ ਅਦਾਰਿਆਂ ਅਤੇ ਵਿਦਿਆਰਥੀਆਂ ਦਾ ਕੰਮ ਬਰੀਕੀ ਤੇ ਰਮਜ਼ ਨਾਲ ਖੋਜ ਕਰਨਾ ਹੈ, ਪਰ ਭਾਜਪਾਈ ਜਥੇਬੰਦੀਆਂ ਨੇ ਮੁਲਕ ਅਤੇ ਧਰਮ ਦੇ ਨਾਮ ਉਤੇ ਭਾਵੁਕਤਾ ਦਾ ਸਹਾਰਾ ਲਿਆ ਹੈ। ਵਿਦਿਆਰਥੀ ਜੇ ਗਜੇਂਦਰ ਚੌਹਾਨ ਦੀ ਯੋਗਤਾ ਉਤੇ ਸੁਆਲ ਕਰਦੇ ਹਨ ਤਾਂ ਭਾਜਪਾਈ ਜਥੇਬੰਦੀਆਂ ਉਨ੍ਹਾਂ ਨੂੰ ਜਹਾਦੀ, ਨਕਸਲਵਾਦੀ, ਮਾਓਵਾਦੀ ਅਤੇ ਅਤਿਵਾਦੀ ਕਰਾਰ ਦਿੰਦੀਆਂ ਹਨ। ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ, ਦਲਿਤ ਵਿਦਿਆਰਥੀਆਂ ਦੀ ਬਰਾਬਰੀ ਅਤੇ ਮਨੁੱਖਾ ਸ਼ਾਨ ਦਾ ਸੁਆਲ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਸ਼ ਧਰੋਹੀ ਕਰਾਰ ਦਿੱਤਾ ਜਾਂਦਾ ਹੈ। ਜੇ ਐੱਨ ਯੂ ਵਿਚੋਂ ਅਫ਼ਜ਼ਲ ਅਤੇ ਕਸ਼ਮੀਰ ਵਰਗੇ ਮੁੱਦਿਆਂ ‘ਤੇ ਸੁਆਲ ਹੁੰਦਾ ਹੈ ਤਾਂ ਅਦਾਰੇ ਨੂੰ ਦੇਸ਼ ਧਰੋਹੀਆਂ ਦਾ ਅੱਡਾ ਕਰਾਰ ਦਿੱਤਾ ਜਾਂਦਾ ਹੈ ਤੇ ਤਾਰਾਂ ਅਤਿਵਾਦੀ ਜਥੇਬੰਦੀਆਂ ਨਾਲ ਜੋੜੀਆਂ ਜਾਂਦੀਆਂ ਹਨ। ਅਦਾਰੇ ਨੂੰ ਬੰਦ ਕਰਨ ਦੀ ਵਕਾਲਤ ਕੀਤੀ ਜਾਂਦੀ ਹੈ ਤੇ ਕੁਝ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਤਕਰੀਰਾਂ ਦੇ ਚੋਣਵੇਂ ਹਿੱਸਿਆਂ ਦੇ ਹਵਾਲੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਰੁਝਾਨ ਦੀਆਂ ਕੁਝ ਕੜੀਆਂ ਨੂੰ ਸਮਝਣਾ ਜ਼ਰੂਰੀ ਹੈ। ਪਹਿਲੀ ਕੜੀ ਭਾਜਪਾ ਦੀ ਵਿਦਿਅਕ ਅਦਾਰਿਆਂ ਦੀ ਸਮਝ ਨਾਲ ਜੁੜਦੀ ਹੈ। ਦੂਜੀ ਕੜੀ ਭਾਜਪਾ ਦੀ ਇਨ੍ਹਾਂ ਅਦਾਰਿਆਂ ਬਾਬਤ ਨਾਗਪੁਰ ਅਤੇ ਅਵਾਮ ਨੂੰ ਜੋੜਨ ਵਾਲੀ ਹੈ। ਭਾਜਪਾ ਜਦੋਂ ਵਿਦਿਅਕ ਅਦਾਰਿਆਂ ਜਾਂ ਵਿਦਿਆਰਥੀਆਂ ਬਾਬਤ ਬਿਆਨ ਦਿੰਦੀ ਹੈ ਤਾਂ ਉਸ ਦੀ ਸਮਝ ਜਾਂ ਤਵੱਕੋ ਸਮਝ ਆਉਂਦੀ ਹੈ। ਇੱਕ ਪਾਸੇ ਉਨ੍ਹਾਂ ਦੀ ਮੁਲਕ, ਸਮਾਜ ਅਤੇ ਧਰਮ ਦੀ ਸਮਝ ਹੈ ਅਤੇ ਦੂਜੇ ਪਾਸੇ ਇਸ ਸਮਝ ਨੂੰ ਲਾਗੂ ਕਰਨ ਦੀ ਜੁਗਤ ਹੈ। ਭਾਜਪਾ ਅਤੇ ਹਮਾਇਤੀ ਜਥੇਬੰਦੀਆਂ ਜਦੋਂ ਇਸ ਦੇ ਫ਼ੈਸਲਿਆਂ ‘ਤੇ ਸੁਆਲ ਕਰ ਰਹੇ ਵਿਦਿਆਰਥੀਆਂ ਨੂੰ ਦੇਸ਼ ਧਰੋਹੀ, ਅਤਿਵਾਦੀ, ਨਕਸਲਵਾਦੀ, ਮਾਓਵਾਦੀ, ਜਹਾਦੀ ਜਾਂ ਵੱਖਵਾਦੀ ਕਰਾਰ ਦਿੰਦੇ ਹਨ ਤਾਂ ਇਹ ਵਿਦਿਅਕ ਅਦਾਰਿਆਂ ਤੇ ਵਿਦਿਆ ਬਾਰੇ ਆਪਣੀ ਸਮਝ ਦਾ ਇਜ਼ਹਾਰ ਕਰਦੇ ਹਨ। ਇਹ ਸਰਕਾਰੀ ਅਤੇ ਸਿਆਸੀ ਹੁਕਮਾਂ ਉਤੇ ਬਿਨਾਂ ਸੋਚ-ਵਿਚਾਰ ਕੀਤੇ ਫੁੱਲ ਚੜ੍ਹਾਉਣ ਵਾਲੇ ਅਦਾਰਿਆਂ ਅਤੇ ਵਿਦਿਆਰਥੀਆਂ ਦੀ ਤਵੱਕੋ ਕਰਦੇ ਹਨ। ਇਹ ਵਿਦਿਆ, ਵਿਦਿਆਰਥੀਆਂ ਅਤੇ ਵਿਦਿਅਕ ਅਦਾਰਿਆਂ ਨੂੰ ਸੁਆਲ ਦੀ ਥਾਂ ਸ਼ਰਧਾ ਨਾਲ ਜੋੜਨਾ ਚਾਹੁੰਦੇ ਹਨ।
ਇਸ ਤਵੱਕੋ ਦਾ ਦੂਜਾ ਪੱਖ ਵਿਦਿਆਰਥੀਆਂ, ਵਿਦਿਅਕ ਅਦਾਰਿਆਂ ਅਤੇ ਸਿਆਸਤ ਦੇ ਰਿਸ਼ਤਿਆਂ ਨਾਲ ਜੁੜਦਾ ਹੈ। ਭਾਜਪਾਈ ਅਤੇ ਇਨ੍ਹਾਂ ਵੱਲੋਂ ਲਾਏ ਵਿਦਿਅਕ ਅਦਾਰਿਆਂ ਦੇ ਮੁਖੀ ਬਿਆਨ ਦਿੰਦੇ ਹਨ ਕਿ ਵਿਦਿਆਰਥੀਆਂ ਨੂੰ ਸਿਆਸਤ ਛੱਡ ਕੇ ਪੜ੍ਹਾਈ ਉਤੇ ਧਿਆਨ ਦੇਣਾ ਚਾਹੀਦਾ ਹੈ। ਇਹ ਸਲਾਹ ਦੇਣ ਵਾਲੇ ਸਿਆਸਤਦਾਨ ਅਤੇ ਵਿਦਵਾਨ ਆਪ ਵਿਦਿਆਰਥੀ ਪ੍ਰੀਸ਼ਦ ਦੀ ਸਰਪ੍ਰਸਤੀ ਕਰਦੇ ਹਨ। ਪ੍ਰੀਸ਼ਦ ਇਸ ਵੇਲੇ ਵਿਦਿਅਕ ਅਦਾਰਿਆਂ ਬਾਬਤ ਫ਼ੈਸਲੇ ਕਰ ਰਹੀ ਹੈ। ਇਸ ਦੇ ਕਾਰਕੁਨਾਂ ਦੀਆਂ ਸ਼ਿਕਾਇਤਾਂ ਉਤੇ ਤੁਰੰਤ ਕਾਰਵਾਈ ਹੁੰਦੀ ਹੈ। ਇਹ ਸ਼ਿਕਾਇਤਾਂ ਇੱਕ ਤਰ੍ਹਾਂ ਦੇ ਸਰਕਾਰੀ ਹੁਕਮ ਹੋ ਗਈਆਂ ਹਨ। ਪ੍ਰੀਸ਼ਦ ਸਰਕਾਰੀ ਨੀਤੀਆਂ ਜਾਂ ਫ਼ੈਸਲਿਆਂ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉਤੇ ਹਮਲੇ ਕਰਦੀ ਹੈ। ਪ੍ਰੋ. ਅੱਪਾ ਰਾਓ ਨੂੰ ਛੁੱਟੀ ਤੋਂ ਪਰਤ ਕੇ ਅਹੁਦਾ ਸੰਭਾਲਣ ਦੀ ਕਾਰਵਾਈ ਵਿਚ ਪ੍ਰੀਸ਼ਦ ਨੇ ਧਿਰ ਵਜੋਂ ਕੰਮ ਕੀਤਾ। ਇਸ ਜਥੇਬੰਦੀ ਨਾਲ ਮਿਲ ਕੇ ਭਾਜਪਾ ਦੀਆਂ ਬਾਕੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਰੋਸ ਮੁਜ਼ਾਹਰੇ ਕਰ ਰਹੇ ਵਿਦਿਆਰਥੀਆਂ ਉਤੇ ਹਮਲੇ ਕੀਤੇ ਹਨ। ਵਜ਼ੀਫ਼ੇ ਬੰਦ ਕੀਤੇ ਜਾਣ ਖ਼ਿਲਾਫ਼ ਕੀਤੇ ਮੁਜ਼ਾਹਰਿਆਂ ਉਤੇ ਪੁਲਿਸ ਨਾਲ ਮਿਲ ਕੇ ਇਨ੍ਹਾਂ ਜਥੇਬੰਦੀਆਂ ਦੇ ਕਾਰਕੁਨਾਂ ਨੇ ਹਮਲੇ ਕੀਤੇ ਸਨ। ਸਾਫ ਹੀ ਹੈ ਕਿ ਜਦੋਂ ਸਿਆਸਤਦਾਨ, ਵਿਦਿਆਰਥੀਆਂ ਨੂੰ ਪੜ੍ਹਨ ਦੀ ਸਲਾਹ ਦਿੰਦੇ ਹਨ ਤਾਂ ਉਹ ਸਾਫ਼ ਕਹਿ ਰਹੇ ਹਨ ਕਿ ‘ਧੀਏ ਨੀ ਤੂੰ ਕੰਨ ਧਰ, ਨੂੰਹੇ ਨੀ ਤੂੰ ਕੰਮ ਕਰ’ ਉਹ ਇੱਕ ਪਾਸੇ ਸਿਆਸਤ ਨੂੰ ਗੰਦੀ ਕਰਾਰ ਦੇ ਰਹੇ ਹਨ, ਦੂਜੇ ਪਾਸੇ ਆਪਣੀਆਂ ਜਥੇਬੰਦੀਆਂ ਨਾਲ ਜੁੜੇ ਵਿਦਿਆਰਥੀਆਂ ਦੀ ਸਰਪ੍ਰਸਤੀ ਕਰ ਰਹੇ ਹਨ। ਉਨ੍ਹਾਂ ਦੀ ਸਮਝ ਸਾਫ਼ ਹੈ। ਸਿਆਸਤ ਗੰਦੀ ਖੇਡ ਹੈ, ਤੁਸੀਂ ਇਸ ਵਿਚ ਹੱਥ ਗੰਦੇ ਨਾ ਕਰੋ; ‘ਅਸੀਂ ਇਸ ਗੰਦ ਨੂੰ ਕਾਇਮ ਰੱਖਾਂਗੇ ਤੇ ਆਪਣੀ ਖੇਡ ਖੇਡਾਂਗੇ ਜੋ ਤੁਹਾਡੀ ਜ਼ਿੰਦਗੀ ਦੇ ਫ਼ੈਸਲੇ ਕਰੇਗੀ’। ਭਾਜਪਾ ਦੀ ਇਸ ਸਮਝ ਨੂੰ ਲਾਗੂ ਕਰਨ ਵੇਲੇ ਨਾਗਪੁਰ ਅਤੇ ਅਵਾਮ ਨੂੰ ਜੋੜਨ ਵਾਲੀ ਕੜੀ ਦੀ ਚਰਚਾ ਅਹਿਮ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦਾ ਦਫ਼ਤਰ ਨਾਗਪੁਰ ਤੋਂ ਚੱਲਦਾ ਹੈ ਅਤੇ ਉਸੇ ਦਫ਼ਤਰ ਨੂੰ ਭਾਜਪਾ ਆਪਣੀ ਸੋਚ ਦੇ ਸੋਮੇ ਵਜੋਂ ਵੇਖਦੀ ਹੈ। ਸੰਘ ਭਾਰਤ ਨੂੰ ਹਿੰਦੂ ਮੁਲਕ ਮੰਨਦਾ ਹੈ ਅਤੇ ਇਸ ਦੇ ਖ਼ਾਸੇ ਵਿਚੋਂ ਹਰ ਗ਼ੈਰ-ਹਿੰਦੂ ਅਸਰ ਨੂੰ ਮਨਫ਼ੀ ਕਰਨਾ ਚਾਹੁੰਦਾ ਹੈ ਜਾਂ ਘੱਟੋ-ਘੱਟ ਰੱਦ ਕਰਨਾ ਚਾਹੁੰਦਾ ਹੈ। ਇਸ ਸੋਚ ਤਹਿਤ ਸਮਾਜ ਅਤੇ ਮੁਲਕ ਨੂੰ ਆਪਣੇ ਅਤੇ ਪਰਾਏ ਵਿਚ ਵੰਡ ਕੇ ਰੱਖਣਾ ਇਸ ਦੀ ਸਿਆਸਤ ਦੀ ਅਹਿਮ ਤੰਦ ਹੈ। ਸੰਘ ਧਰਮ ਦੇ ਨਾਮ ‘ਤੇ ਮੁਲਕ ਚਲਾਉਂਦਾ ਹੈ ਅਤੇ ਦੁਸ਼ਮਣ ਕਰਾਰ ਦਿੱਤੇ ‘ਮੁਲਕਵਾਸੀ’ ਜਾਂ ‘ਵਿਦੇਸ਼ੀ’ ਨਾਲ ਬੇਕਿਰਕ ਵਿਹਾਰ ਦੀ ਵਕਾਲਤ ਕਰਦਾ ਹੈ। ਉਹ ਇੱਕ ਪਾਸੇ ਗ਼ੈਰ-ਹਿੰਦੂਆਂ ਨੂੰ ਵਿਦੇਸ਼ੀ ਕਰਾਰ ਦਿੰਦਾ ਹੈ; ਦੂਜੇ ਪਾਸੇ ਮਾਰਕਸਵਾਦ, ਬਰਾਬਰੀ ਜਾਂ ਸਮਾਜਵਾਦ ਦੀ ਵਕਾਲਤ ਕਰਨ ਵਾਲਿਆਂ ਨੂੰ ਵਿਦੇਸ਼ੀ ਗ਼ਰਦਾਨਦਾ ਹੈ। ਇਸੇ ਵਿਦੇਸ਼ੀ ਨੂੰ ਉਹ ਲੋੜ ਪੈਣ ‘ਤੇ ਅਤਿਵਾਦੀ, ਜਹਾਦੀ, ਵੱਖਵਾਦੀ, ਨਕਸਲਵਾਦੀ, ਮਾਓਵਾਦੀ ਅਤੇ ਦੇਸ਼ ਧਰੋਹੀ ਕਰਾਰ ਦਿੰਦਾ ਹੈ। ਇਸ ਪ੍ਰਚਾਰ ਨੂੰ ਅਵਾਮ ਤੱਕ ਲਿਜਾਣ ਲਈ ਸੰਘ ਕੋਲ ਸਾਧਨ ਹਨ ਅਤੇ ਗ਼ੁਰਬਤ ਤੇ ਜ਼ਹਾਲਤ ਨਾਲ ਭਰਿਆ ਸਾਜ਼ਗ਼ਾਰ ਮਾਹੌਲ ਹੈ। ਇਸ ਮਾਹੌਲ ਵਿਚ ਅਫ਼ਵਾਹਾਂ ਫੈਲਾਉਣਾ ਸੁਖਾਲਾ ਹੈ ਅਤੇ ਕੱਟੜਪੰਥੀ ਜਥੇਬੰਦੀਆਂ ‘ਧਰਮ/ਪੰਥ ਨੂੰ ਖ਼ਤਰੇ’ ਦੀਆਂ ਅਫ਼ਵਾਹਾਂ ਫੈਲਾਉਣ ਵਿਚ ਮੁਹਾਰਤ ਵੀ ਰੱਖਦੀਆਂ ਹਨ। ਜਦੋਂ ਧਰਮ ਅਤੇ ਮੁਲਕ ਨੂੰ ਇੱਕ ਕਰਾਰ ਦਿੱਤਾ ਜਾਂਦਾ ਹੈ ਤਾਂ ਗ਼ੁਰਬਤ ਅਤੇ ਜ਼ਹਾਲਤ ਦੀ ਮਾਰ ਹੇਠ ਆਏ ਸਮਾਜ ਵਿਚ ਦਲੀਲ ਦੀ ਗੁੰਜ਼ਾਇਸ਼ ਘਟ ਜਾਂਦੀ ਹੈ। ਇਸ ਮਾਹੌਲ ਵਿਚ ਭਾਜਪਾ ਨੇ ਆਪਣੀ ਸਮਝ ਲਾਗੂ ਕਰਨ ਲਈ ਕਾਰਗਰ ਜੁਗਤ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਲਈ ਇਸ ਤੱਥ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਰਜ ਕੀਤੇ ਕੇਸਾਂ ਦਾ ਅਦਾਲਤ ਵਿਚ ਕੀ ਫ਼ੈਸਲਾ ਆਉਂਦਾ ਹੈ ਜਾਂ ਉਸ ਮਸਲੇ ਨਾਲ ਜੁੜੇ ਤੱਥ ਕੀ ਕਹਾਣੀ ਕਹਿੰਦੇ ਹਨ। ਉਨ੍ਹਾਂ ਲਈ ਇਹ ਮਾਅਨੇ ਰੱਖਦਾ ਹੈ ਕਿ ਵਿਦਿਅਕ ਅਦਾਰਿਆਂ ਦੇ ਸੁਆਲ ਕਰਨ ਵਾਲੇ ਖ਼ਾਸੇ ਖ਼ਿਲਾਫ਼ ਸ਼ਰਧਾਮਈ ਸ਼ਹਿਰੀਆਂ ਨੂੰ ਕਿਵੇਂ ਬੀੜਿਆ ਜਾ ਸਕਦਾ ਹੈ। ਜੇ ਐੱਨ ਯੂ ਤੋਂ ਬਾਹਰ ਹਰ ਰੇੜ੍ਹੀ, ਫੜ੍ਹੀ ਤੇ ਠੇਲੇ ਵਾਲਾ, ਹਰ ਦੁਕਾਨਦਾਰ ਅਤੇ ਟੈਕਸੀ/ਆਟੋ ਵਾਲਾ ਦੇਸ਼ ਧਰੋਹੀ ਅਤੇ ਅਤਿਵਾਦ ਵਰਗੇ ਸ਼ਬਦਾਂ ਦੀ ਬੋਲੀ ਸਮਝਦਾ ਹੈ। ਭਾਜਪਾ ਨੇ ਨਾਗਪੁਰ ਦੀ ਸਿੱਖਿਆ ‘ਤੇ ਚੱਲਦੇ ਵਿਦਿਅਕ ਅਦਾਰਿਆਂ ਦੇ ਦਲੀਲ ਵਾਲੇ ਖ਼ਾਸੇ ਨੂੰ ਅਵਾਮ ਦੇ ਸ਼ਰਧਾ ਵਾਲੇ ਖ਼ਾਸੇ ਦੇ ਖ਼ਿਲਾਫ਼ ਬੀੜਿਆ ਹੈ।
ਇਸ ਪਾਲਾਬੰਦੀ ਵਿਚ ਮੁਨਾਫ਼ਾਖ਼ੋਰ ਕਾਰਪੋਰੇਟ, ਸ਼ਰਧਾ ਦਾ ਕਾਰੋਬਾਰ ਅਤੇ ਫ਼ੌਜ-ਪੁਲਿਸ ਨੂੰ ਸਮਾਜਿਕ ਇਨਸਾਫ਼ ਅਤੇ ਵਿਗਿਆਨਕ ਸੋਚ ਦੇ ਖ਼ਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਲਾਮਬੰਦੀ ਦਾ ਸਾਜ਼ਗਾਰ ਮਾਹੌਲ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਆਖ਼ਰ ਅਵਾਮ ਨੂੰ ਵਿਦਿਅਕ ਅਦਾਰਿਆਂ ਤੋਂ ਬਾਹਰ ਰੱਖ ਕੇ ਹੀ ਤਾਂ ਵਿਦਿਅਕ ਅਦਾਰਿਆਂ ਨੂੰ ‘ਪਰਾਏ’ ਕਰਾਰ ਦਿੱਤਾ ਜਾ ਸਕਿਆ ਹੈ। ਵਿਦਿਅਕ ਅਦਾਰਿਆਂ ਤੋਂ ਬਾਹਰ ਰੱਖਣ ਦੇ ਨਾਲ-ਨਾਲ ਵਿਦਿਆ ਦੇ ਮਿਆਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਸ ਨੇ ਅੱਧਪੜ੍ਹ ਲੋਕਾਈ ਨੂੰ ਹਉਮੈ ਨਾਲ ਨਿਵਾਜਿਆ ਹੈ। ਇਸ ਅੱਧਪੜ੍ਹਤਾ ਨਾਲ ਸ਼ਰਧਾ ਦਾ ਜ਼ਿਆਦਾ ਪਸਾਰਾ ਹੋ ਸਕਦਾ ਹੈ। ਇਨ੍ਹਾਂ ਹਾਲਾਤ ਵਿਚ ਵਿਦਿਅਕ ਅਦਾਰਿਆਂ ਦੀ ਲੜਾਈ ਵਿਦਿਅਕ ਅਦਾਰਿਆਂ ਵਿਚੋਂ ਕਾਮਯਾਬੀ ਨਾਲ ਨਹੀਂ ਲੜੀ ਜਾ ਸਕਦੀ। ਜੇ ਵਿਦਿਅਕ ਅਦਾਰੇ ਆਪਣੀ ਵਿਦਿਆ ਸਮੇਤ ਅਵਾਮ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਤਾਂ ਸ਼ਰਧਾ ਅਤੇ ਬ੍ਰਾਹਮਣਵਾਦੀ ਦੇਸ਼ ਭਗਤੀ ਦੇ ਹੱਲੇ ਖ਼ਿਲਾਫ਼ ਟਿਕਿਆ ਜਾ ਸਕਦਾ ਹੈ।

You must be logged in to post a comment Login