ਸਟੋਰ ਨੂੰ ਕੈਰੀਬੈਗ ਦੀ ਕੀਮਤ ਵਸੂਲਣ ਦਾ ਭਰਨਾ ਪਵੇਗਾ ਹਰਜਾਨਾ!

ਸਟੋਰ ਨੂੰ ਕੈਰੀਬੈਗ ਦੀ ਕੀਮਤ ਵਸੂਲਣ ਦਾ ਭਰਨਾ ਪਵੇਗਾ ਹਰਜਾਨਾ!

ਚੰਡੀਗੜ੍ਹ : ਸ਼ਹਿਰ ‘ਚ ਇਕ ਸਟੋਰ ਮਾਲਕ ਨੂੰ ਉਸ ਸਮੇਂ ਲੈਣੇ ਦੇ ਦੇਣੇ ਪੈ ਗਏ ਜਦੋਂ ਉਸ ਨੇ ਅਪਣੇ ਇਕ ਗ੍ਰਾਹਕ ਤੋਂ ਕੈਰੀਬੈਗ ਦੀ ਰਕਮ ਵਸੂਲ ਲਈ। ਗ੍ਰਾਹਕ ਦੀ ਸ਼ਿਕਾਇਤ ਤੋਂ ਬਾਅਦ ਖਪਤਕਾਰ ਵਿਵਾਦ ਨਿਵਾਰਨ ਫ਼ੋਰਮ ਨੇ ਸਟੋਰ ਨੂੰ ਜੁਰਮਾਨੇ ਦੇ ਨਾਲ-ਨਾਲ ਕੇਸ ‘ਤੇ ਆਇਆ ਖ਼ਰਚਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜ਼ੀਰਕਪੁਰ ਦੇ ਢਕੋਲੀ ਇਲਾਕੇ ਦੇ ਰਹਿਣ ਵਾਲੇ ਅਮਿਤ ਸ਼ਰਮਾ ਨੇ ਫੋਰਮ ਕੋਲ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼-1 ਵਿਖੇ ਸਥਿਤ ਏਲਾਂਤੇ ਮਾਲ ਵਿਚਲੇ ਇਕ ਅਨਲਿਮਟਿਡ ਸਟੋਰ ਖਿਲਾਫ਼ ਸ਼ਿਕਾਇਤ ਦਿਤੀ ਸੀ। ਸ਼ਿਕਾਇਤ ਮੁਤਾਬਕ ਉਨ੍ਹਾਂ ਨੇ 11 ਜੁਲਾਈ 2019 ਨੂੰ ਉਕਤ ਸਟੋਰ ਤੋਂ ਕੁੱਝ ਵਸਤਾਂ ਖ਼ਰੀਦੀਆਂ ਸਨ। ਬਿੱਲ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਰੀਬੈਗ ਦੇ 7.25 ਪੈਸੇ ਦੇਣੇ ਪਏ ਹਨ। ਉਨ੍ਹਾਂ ਨੇ ਸਟੋਰ ‘ਤੇ ਸੇਵਾ ਦੀ ਕੋਤਾਹੀ ਦਾ ਦੋਸ਼ ਲਾਉਂਦਿਆਂ ਫੋਰਮ ਕੋਲ ਸ਼ਿਕਾਇਤ ਕਰ ਦਿਤੀ। ਦੂਜੀ ਧਿਰ ਨੇ ਫੋਰਮ ਕੋਲ ਅਪਣਾ ਪੱਖ ਰਖਦਿਆਂ ਕਿਹਾ ਕਿ ਉਸ ਨੇ ਕੋਈ ਕੁਤਾਹੀ ਨਹੀਂ ਕੀਤੀ।ਫੋਰਮ ਨੇ ਅਪਣੇ ਫ਼ੈਸਲੇ ਵਿਚ ਸਟੋਰ ਨੂੰ ਗ੍ਰਾਹਕ ਤੋਂ ਗ਼ਲਤ ਰੂਪ ਨਾਲ ਚਾਰਜ ਕੀਤੇ ਗਏ 7.25 ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿਤੇ। ਇਸ ਤੋਂ ਇਲਾਵਾ ਗ੍ਰਾਹਕ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਬਦਲੇ 500 ਰੁਪਏ ਮੁਆਵਜ਼ਾ ਅਤੇ 500 ਰੁਪਏ ਮੁਕੱਦਮਾ ਖ਼ਰਚ ਅਦਾ ਕਰਨ ਦਾ ਹੁਕਮ ਸੁਣਾਇਆ ਹੈ।

You must be logged in to post a comment Login